ਅਜੇ ਵੀ ਵੇਲਾ ਹੈ, ਬਚਾ ਲਓ ਪਾਣੀ

ਅਜੇ ਵੀ ਵੇਲਾ ਹੈ, ਬਚਾ ਲਓ ਪਾਣੀ

ਕੁਝ ਦਿਨ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੇ ਕੀੜੀ ਅਫ਼ਗਾਨਾਂ ਪਿੰਡ ਵਿੱਚ ਸਥਿਤ ਖੰਡ ਮਿੱਲ ਦੇ ਪ੍ਰਬੰਧਕਾਂ ਨੇ ਆਪਣਾ ਸਾਰਾ ਜ਼ਹਿਰੀਲਾ ਗੰਦ ਮੰਦ ਬਿਨਾਂ ਸੋਧਣ ਤੋਂ ਬਿਆਸ ਦਰਿਆ ਵਿੱਚ ਵਹਾ ਦਿੱਤਾ। ਜਦੋਂ ਅਚਾਨਕ ਲੱਖਾਂ ਮੱਛੀਆਂ ਤੇ ਜਲ ਜੀਵ ਮਰ ਗਏ, ਲੋਕਾਂ ਨੇ ਮਿੱਲ ਖ਼ਿਲਾਫ਼ ਮੋਰਚਾ ਖੋਲ੍ਹਿਆ ਤਾਂ ਪ੍ਰਸ਼ਾਸਨ ਦੀ ਅੱਖ ਖੁੱਲ੍ਹੀ। ਮਿੱਲ ਨੂੰ ਸੀਲ ਕਰਕੇ 5 ਕਰੋੜ ਰੁਪਏ ਦਾ ਜੁਰਮਾਨਾ ਕਰ ਦਿੱਤਾ, ਪਰ ਇਸ ਇੱਕ ਮਿੱਲ ਨੂੰ ਬੰਦ ਕਰਨ ਨਾਲ ਕੁਝ ਨਹੀਂ ਹੋਣਾ, ਅਜਿਹੀਆਂ ਲੱਖਾਂ ਮਿੱਲਾਂ ਪੰਜਾਬ ਦੇ ਪਾਣੀਆਂ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ।
ਪੰਜਾਬ ਭਾਰਤ ਦਾ ਇੱਕੋ ਇੱਕ ਸੂਬਾ ਹੈ ਜਿਸ ਦਾ ਨਾਂ ਪਾਣੀ ਕਾਰਨ ਪਿਆ ਹੈ। ਵੰਡ ਵੇਲੇ ਢਾਈ ਦਰਿਆ ਲਹਿੰਦੇ ਪੰਜਾਬ ਨੂੰ ਚਲੇ ਗਏ ਤੇ ਢਾਈ ਚੜ੍ਹਦੇ ਪੰਜਾਬ ਕੋਲ ਰਹਿ ਗਏ, ਸਤਲੁਜ, ਬਿਆਸ ਅਤੇ ਅੱਧਾ ਰਾਵੀ। ਰਾਵੀ ਦਾ ਕੁਝ ਪਾਣੀ ਤਾਂ ਨਹਿਰ ਰਾਹੀਂ ਬਿਆਸ ਦਰਿਆ ਵਿੱਚ ਪਾ ਦਿੱਤਾ ਤੇ ਬਾਕੀ ਅੱਪਰ ਬਾਰੀ ਦੁਆਬ ਨਹਿਰੀ ਸਿਸਟਮ ਰਾਹੀਂ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਖੇਤਾਂ ਨੂੰ ਸਿੰਜਦਾ ਹੈ। ਆਪਣੇ ਦਰਿਆਵਾਂ ਦਾ ਅਸੀਂ ਉਹ ਹਾਲ ਕੀਤਾ ਹੈ ਕਿ ਉਨ੍ਹਾਂ ਨੂੰ ਦਰਿਆ ਕਹਿਣਾ ਹੁਣ ਠੀਕ ਨਹੀਂ ਲੱਗਦਾ। ਬਿਆਸ ਤੇ ਸਤਲੁਜ ਦੋਵੇਂ ਹੀ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿੱਚ ਪ੍ਰਵੇਸ਼ ਕਰਦੇ ਹਨ ਤੇ ਹਰੀਕੇ ਇਨ੍ਹਾਂ ਦਾ ਸੰਗਮ ਹੁੰਦਾ ਹੈ। ਹਰੀਕੇ ਹੈੱਡਵਰਕਸ ਤੋਂ ਇਹ ਨਹਿਰਾਂ ਦੇ ਰੂਪ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਖੇਤਾਂ ਨੂੰ ਸਿੰਜਦੇ ਹੋਏ ਧਰਤੀ ਤੋਂ ਗਾਇਬ ਹੋ ਜਾਂਦੇ ਹਨ। ਇਨ੍ਹਾਂ ਦਰਿਆਵਾਂ ਦਾ ਪਾਣੀ ਹਜ਼ਾਰਾਂ ਖੇਤਾਂ ਦੀ ਸਿੰਜਾਈ ਕਰਦਾ ਹੈ ਤੇ ਲੱਖਾਂ ਲੋਕਾਂ ਦੀ ਪਿਆਸ ਬੁਝਾਉਂਦਾ ਹੈ। ਪੰਜਾਬ ਦੇ ਮਾਲਵਾ ਖੇਤਰ ਦਾ ਧਰਤੀ ਹੇਠਲਾ ਪਾਣੀ ਖ਼ਰਾਬ ਹੋਣ ਕਾਰਨ ਨਾ ਤਾਂ ਪੀਤਾ ਜਾ ਸਕਦਾ ਹੈ ਅਤੇ ਨਾ ਹੀ ਫ਼ਸਲਾਂ ਦੀ ਸਿੰਜਾਈ ਲਈ ਵਰਤਿਆ ਜਾ ਸਕਦਾ ਹੈ। ਇਸ ਇਲਾਕੇ ਦੇ ਲੋਕਾਂ ਦੀ ਇੱਕੋ ਇੱਕ ਆਸ ਇਨ੍ਹਾਂ ਦਰਿਆਵਾਂ ਦਾ ਪਾਣੀ ਹੀ ਹੈ। ਸਤਲੁਜ ਵਿੱਚੋਂ ਨੰਗਲ ਤੋਂ ਭਾਖੜਾ ਅਤੇ ਰੋਪੜ ਤੋਂ ਸਰਹਿੰਦ ਨਹਿਰ ਨਿਕਲਦੀ ਹੈ। ਰੋਪੜ ਹੈੱਡਵਰਕਸ ਤੋਂ ਸਤਲੁਜ ਦਰਿਆ ਇੱਕ ਤਰ੍ਹਾਂ ਨਾਲ ਖ਼ਤਮ ਹੀ ਹੋ ਜਾਂਦਾ ਹੈ। ਗੇਟ ਬੰਦ ਕਰਕੇ ਸਾਰੇ ਦਾ ਸਾਰਾ ਪਾਣੀ ਸਰਹਿੰਦ ਨਹਿਰ ਵਿੱਚ ਪਾ ਦਿੱਤਾ ਜਾਂਦਾ ਹੈ। ਸਿਰਫ਼ ਬਰਸਾਤ ਜਾਂ ਨਹਿਰੀ ਬੰਦੀ ਦੇ ਦਿਨਾਂ ਵਿੱਚ ਹੀ ਵਾਧੂ ਪਾਣੀ ਅੱਗੇ ਛੱਡਿਆ ਜਾਂਦਾ ਹੈ।
ਬਿਆਸ ਦਾ ਪਾਣੀ ਜੋ ਹਰੀਕੇ ਪਹੁੰਚਦਾ ਹੈ, ਉਹ ਫਿਰ ਵੀ ਕੁਝ ਵਰਤਣ ਯੋਗ ਹੈ ਕਿਉਂਕਿ ਬਿਆਸ ਦੇ ਕੰਢਿਆਂ ’ਤੇ ਪੰਜਾਬ ਦਾ ਕੋਈ ਵੱਡਾ ਸ਼ਹਿਰ ਨਹੀਂ ਵਸਿਆ ਹੋਇਆ। ਹੁਣ ਬਿਆਸ ਦੇ ਕੰਢਿਆਂ ’ਤੇ ਵੀ ਫੈਕਟਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਜਿਵੇਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੀੜੀ ਅਫ਼ਗਾਨਾ ਦੀ ਉਕਤ ਸ਼ਰਾਬ ਫੈਕਟਰੀ। ਸਤਲੁਜ ਵਿੱਚ ਗੰਦਗੀ ਹਿਮਾਚਲ ਤੋਂ ਹੀ ਪੈਣੀ ਸ਼ੁਰੂ ਹੋ ਜਾਂਦੀ ਹੈ। ਇਹ ਪੰਜਾਬ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਦਰਿਆ ਹੈ। ਹਿਮਾਚਲ ਦੇ ਸ਼ਹਿਰਾਂ ਦੇ ਸੀਵਰਾਂ ਤੋਂ ਇਲਾਵਾ ਨਾਲਾਗੜ੍ਹ, ਬੱਦੀ ਅਤੇ ਬਰੋਟੀਵਾਲਾ ਆਦਿ ਦੇ ਭਾਰੀ ਉਦਯੋਗਾਂ ਦਾ ਸਾਰਾ ਅਣਸੋਧਿਆ ਜ਼ਹਿਰ ਸਤਲੁਜ ਵਿੱਚ ਪਾਇਆ ਜਾ ਰਿਹਾ ਹੈ। ਪੰਜਾਬ ਨੇ ਕਈ ਵਾਰ ਹਿਮਾਚਲ ਅੱਗੇ ਗੰਦੇ ਪਾਣੀ ਸਬੰਧੀ ਇਤਰਾਜ਼ ਉਠਾਏ ਹਨ। ਇਸੇ ਤਰ੍ਹਾਂ ਰਾਜਸਥਾਨ ਵਾਲੇ ਪੰਜਾਬ ਨੂੰ ਗੰਦਗੀ ਦਰਿਆਵਾਂ ਵਿੱਚ ਪੈਣ ਤੋਂ ਰੋਕਣ ਲਈ ਬੇਨਤੀਆਂ ਕਰਦੇ ਰਹਿੰਦੇ ਹਨ।
ਜੇ ਰੋਪੜ ਤੋਂ ਸਤਲੁਜ ਦਾ ਪਾਣੀ ਖ਼ਤਮ ਹੋ ਜਾਂਦਾ ਹੈ ਤਾਂ ਫਿਰ ਹਰੀਕੇ ਪੱਤਣ ਇਸ ਦਾ ਪਾਣੀ ਕਿਵੇਂ ਪਹੁੰਚਦਾ ਹੈ? ਗੱਲ ਵਿਚਾਰਨ ਯੋਗ ਹੈ। ਸਰਹਿੰਦ ਨਹਿਰ ਵਿੱਚ ਛੱਡੇ ਸਤਲੁਜ ਦੇ ਪਾਣੀ ਦੀ ਪੂਰਤੀ ਲੁਧਿਆਣਾ ਅਤੇ ਜਲੰਧਰ ਸ਼ਹਿਰਾਂ ਦੇ ਸੀਵਰੇਜ ਰਾਹੀਂ ਹੁੰਦੀ ਹੈ! ਸੀਵਰੇਜ ਦਾ ਸਾਰਾ ਗੰਦਾ ਪਾਣੀ ਬਿਨਾਂ ਕਿਸੇ ਟਰੀਟਮੈਂਟ ਦੇ ਬੁੱਢੇ ਨਾਲੇ ਅਤੇ ਕਾਲਾ ਸੰਘਿਆਂ ਆਦਿ ਡਰੇਨਾਂ ਰਾਹੀਂ ਸਤਲੁਜ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਸ ਵਿੱਚ ਲੱਖਾਂ ਟਨ ਮਨੁੱਖੀ ਮਲ ਮੂਤਰ, ਕੈਮੀਕਲ, ਭਾਰੇ ਤੱਤ, ਚਮੜਾ ਅਤੇ ਕੱਪੜਾ ਰੰਗਾਈ ਫੈਕਟਰੀਆਂ ਦਾ ਗੰਦ ਸ਼ਾਮਲ ਹੈ। ਇਸ ਲਈ ਹਰੀਕੇ ਪਹੁੰਚਣ ਵਾਲੇ ਸਤਲੁਜ ਨੂੰ ਦਰਿਆ ਦੀ ਬਜਾਏ ਗੰਦਾ ਨਾਲਾ ਕਹਿਣਾ ਜ਼ਿਆਦਾ ਯੋਗ ਹੋਵੇਗਾ। ਹਰੀਕੇ ਹੈੱਡਵਰਕਸ ਤੋਂ ਨਿਕਲਣ ਵਾਲੇ ਇੰਦਰਾ ਗਾਂਧੀ ਨਹਿਰੀ ਸਿਸਟਮ ਦਾ ਪਾਣੀ ਪੰਜਾਬ ਦੇ ਫ਼ਰੀਦਕੋਟ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ, ਹਰਿਆਣਾ ਦੇ ਸਿਰਸਾ ਅਤੇ ਰਾਜਸਥਾਨ ਦੇ ਬਾੜਮੇਰ, ਬੀਕਾਨੇਰ, ਚੁਰੂ, ਹਨੂੰਮਾਨਗੜ੍ਹ, ਗੰਗਾਨਗਰ ਅਤੇ ਜੈਸਲਮੇਰ ਜ਼ਿਲ੍ਹਿਆਂ ਵਿੱਚ ਸਿੰਚਾਈ ਅਤੇ ਪੀਣ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਦੀ ਇਹ ਤ੍ਰਾਸਦੀ ਹੈ ਕਿ ਜੇ ਉਹ ਇਹ ਪ੍ਰਦੂਸ਼ਿਤ ਪਾਣੀ ਵਰਤਣ ਤਾਂ ਮਰੇ, ਜੇ ਨਾ ਵਰਤਣ ਤਾਂ ਮਰੇ। ਹਰੀਕੇ ਹੈੱਡਵਰਕਸ ’ਤੇ ਖੜ੍ਹੇ ਹੋ ਕੇ ਇਨ੍ਹਾਂ ਨਹਿਰਾਂ ਵਿੱਚ ਪ੍ਰਵੇਸ਼ ਕਰ ਰਹੇ ਪਾਣੀ ਨੂੰ ਵੇਖ ਕੇ ਮਨ ਖ਼ਰਾਬ ਹੋ ਜਾਂਦਾ ਹੈ। ਜਦੋਂ ਕਦੇ ਨਹਿਰੀ ਬੰਦੀ ਵੇਲੇ ਨਹਿਰਾਂ ਵਿੱਚ ਪਾਣੀ ਘਟ ਜਾਂਦਾ ਹੈ ਤਾਂ ਸਿਰਫ਼ ਗੰਦੇ ਨਾਲੇ ਦੇ ਪਾਣੀ ਵਰਗਾ ਬਦਬੂਦਾਰ ਪਾਣੀ ਹੀ ਵਗਦਾ ਦਿਸਦਾ ਹੈ। ਇਹੋ ਪਾਣੀ ਪਿੰਡਾਂ ਅਤੇ ਸ਼ਹਿਰਾਂ ਦੇ ਵਾਟਰ ਵਰਕਸਾਂ ਰਾਹੀਂ ਲੋਕਾਂ ਨੂੰ ਪੀਣ ਲਈ ਸਪਲਾਈ ਕੀਤਾ ਜਾਂਦਾ ਹੈ। ਇਸ ਦੂਸ਼ਿਤ ਪਾਣੀ ਨੇ ਮਾਲਵਾ ਖੇਤਰ ਦੇ ਲੋਕਾਂ ਦੀ ਸਿਹਤ ਖ਼ਰਾਬ ਕਰ ਦਿੱਤੀ ਹੈ। ਕੈਂਸਰ ਮਹਾਂਮਾਰੀ ਵਾਂਗ ਇਲਾਕੇ ਵਿੱਚ ਫੈਲ ਚੁੱਕਾ ਹੈ।
ਜੋ ਹਾਲ ਅਸੀਂ ਸਾਰਿਆਂ ਨੇ ਰਲ ਮਿਲ ਕੇ ਪੰਜਾਬ ਦੇ ਪਾਣੀਆਂ ਦਾ ਕੀਤਾ ਹੈ, ਉਸ ਨਾਲ ਅੱਜ ਸਾਰੇ ਪੰਜਾਬ ਵਿੱਚ ਕੋਈ ਨਲਕੇ ਦਾ ਪਾਣੀ ਨਹੀਂ ਪੀ ਸਕਦਾ। ਸ਼ਹਿਰਾਂ ਵਿੱਚ ਸੀਵਰ ਅਤੇ ਪਿੰਡਾਂ ਵਿੱਚ ਲੈਟਰੀਨਾਂ ਦੀਆਂ ਗਰਕੀਆਂ ਨੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰ ਬਣਾ ਦਿੱਤਾ ਹੈ। ਅੱਜਕੱਲ੍ਹ ਪੰਜਾਬ ਵਿੱਚ ਕੈਂਸਰ ਹਸਪਤਾਲ ਬਣਾਉਣ ਦਾ ਬਹੁਤ ਪ੍ਰਚਾਰ ਹੋ ਰਿਹਾ ਹੈ। ਕੈਂਸਰ ਹੋਣ ਤੋਂ ਬਾਅਦ ਇਲਾਜ ਕਰਨ ਨਾਲੋਂ ਤਾਂ ਇਹ ਚੰਗਾ ਹੈ ਕਿ ਕੈਂਸਰ ਹੋਣ ਹੀ ਨਾ ਦਿੱਤਾ ਜਾਵੇ। ਕੈਨੇਡਾ-ਅਮਰੀਕਾ ਆਦਿ ਪੱਛਮੀ ਦੇਸ਼ਾਂ ਵਿੱਚ ਸ਼ਹਿਰਾਂ ਨੂੰ ਦਰਿਆਵਾਂ ਦਾ ਪਾਣੀ ਹੀ ਪੀਣ ਲਈ ਸਪਲਾਈ ਕੀਤਾ ਜਾਂਦਾ ਹੈ। ਵਰਤੋਂ ਤੋਂ ਬਾਅਦ ਗੰਦੇ ਪਾਣੀ ਨੂੰ ਸੋਧ ਕੇ ਵਾਪਸ ਦਰਿਆ ਵਿੱਚ ਪਾ ਦਿੱਤਾ ਜਾਂਦਾ ਹੈ। ਉਸ ਪਾਣੀ ਨੂੰ ਗਲਾਸ ਵਿੱਚ ਭਰ ਕੇ ਕੋਈ ਦੱਸ ਨਹੀਂ ਸਕਦਾ ਕਿ ਇਹ ਸੀਵਰੇਜ ਦਾ ਪਾਣੀ ਹੈ। ਨਾ ਕੋਈ ਗੰਦਗੀ, ਨਾ ਮੁਸ਼ਕ ਅਤੇ ਨਾ ਹੀ ਕੋਈ ਕੈਮੀਕਲ। ਜੇ ਸ਼ਹਿਰਾਂ-ਪਿੰਡਾਂ ਦਾ ਗੰਦਾ ਪਾਣੀ ਪੱਛਮੀ ਦੇਸ਼ਾਂ ਵਾਂਗ ਟਰੀਟਮੈਂਟ ਪਲਾਟਾਂ ਰਾਹੀ ਸਾਫ਼ ਕਰਕੇ ਦਰਿਆਵਾਂ ਵਿੱਚ ਪਾਇਆ ਜਾਵੇ ਤਾਂ ਇਸ ਨਾਲ ਲੋਕਾਂ ਦੀ ਸਿਹਤ ਵੀ ਠੀਕ ਰਹੇਗੀ ਤੇ ਸਰਕਾਰੀ ਖ਼ਜ਼ਾਨੇ ਦਾ ਕਰੋੜਾਂ ਰੁਪਿਆ ਵੀ ਬਚੇਗਾ।
ਬਲਰਾਜ ਸਿੰਘ ਸਿੱਧੂ ਐੱਸ.ਪੀ.

You must be logged in to post a comment Login