ਅਪਰਾਧੀ ਪਿਛੋਕੜ ਅਤੇ ਭਾਰਤੀ ਸਿਆਸਤਦਾਨ

ਅਪਰਾਧੀ ਪਿਛੋਕੜ ਅਤੇ ਭਾਰਤੀ ਸਿਆਸਤਦਾਨ

-ਜਤਿੰਦਰ ਪਨੂੰ

ਇਸ ਹਫਤੇ ਪੰਜਾਬ ਅਤੇ ਚਾਰ ਹੋਰ ਰਾਜਾਂ ਲਈ ਵਿਧਾਨ ਸਭਾ ਚੋਣਾਂ ਦੇ ਐਲਾਨ ਦੀ ਉਡੀਕ ਵਿਚ ਅਤੇ ਫਿਰ ਇਸ ਦੇ ਐਲਾਨ ਪਿੱਛੋਂ ਚੋਣ ਜ਼ਾਬਤੇ ਕਾਰਨ ਚੋਣ ਕਮਿਸ਼ਨ ਜਦੋਂ ਮੀਡੀਏ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ, ਉਦੋਂ ਭਾਰਤ ਦੀ ਸੁਪਰੀਮ ਕੋਰਟ ਦੇ ਦੋ ਕਦਮ ਲੋੜ ਜੋਗੀ ਬਹਿਸ ਦਾ ਮੁੱਦਾ ਬਣਨ ਤੋਂ ਰਹਿ ਗਏ। ਪਹਿਲਾ ਮੁੱਦਾ ਚੋਣਾਂ ਦੇ ਲਾਭ ਲਈ ਧਰਮ ਦੀ ਦੁਰਵਰਤੋਂ ਦਾ ਸੀ ਤੇ ਦੂਸਰਾ ਚੁਣੇ ਹੋਏ ਅਦਾਰਿਆਂ ਵਿਚ ਜ਼ਰਾਇਮ ਪੇਸ਼ਾ ਚਿਹਰੇ ਵਾਲੇ ਲੀਡਰਾਂ ਦੇ ਦਾਖਲੇ ਉਤੇ ਰੋਕਾਂ ਲਾਉਣ ਦਾ। ਸੁਪਰੀਮ ਕੋਰਟ ਦੀ ਭਾਵਨਾ ਨੇਕ ਹੋਵੇਗੀ, ਪਰ ਫੈਸਲੇ ਲਾਹੇਵੰਦ ਨਹੀਂ ਹੋਏ। ਇੱਕ ਵਾਰ ਫਿਰ ਉਸ ਨੇ ਇਸ ਮਕਸਦ ਲਈ ਕੁਝ ਹੀਲਾ ਕੀਤਾ ਹੈ, ਹੀਲਾ ਸਵਾਗਤਯੋਗ ਵੀ ਹੈ, ਪਰ…।
ਇਹ ‘ਪਰ’ ਵੀ ਬੜੀ ਚੰਦਰੀ ਚੀਜ਼ ਹੈ, ਹਾਂ-ਪੱਖੀ ਗੱਲ ਨੂੰ ਅੰਤ ਵਿਚ ਨਾਂਹ-ਪੱਖੀ ਬਣਾ ਦਿੰਦੀ ਹੈ। ਭਾਰਤ ਦਾ ਲੋਕਤੰਤਰ ਵੀ ਇਸ ‘ਪਰ’ ਦੇ ਫਾਟਕ ਉਤੇ ਪਿਛਲੇ ਕਈ ਸਾਲਾਂ ਤੋਂ ਅਟਕਿਆ ਖੜੋਤਾ ਹੈ।
ਇੱਕ ਪ੍ਰਧਾਨ ਮੰਤਰੀ ਹੁੰਦਾ ਸੀ, ਪ੍ਰੋਫੈਸਰ ਪਾਮੂਲਾਪਾਰਤੀ ਵੈਂਕਟ ਨਰਸਿਮਹਾ ਰਾਓ। ਉਸ ਦੇ ਵਕਤ ਇੱਕ ਵਾਰ ਇਸ ਗੱਲ ਦਾ ਬਹੁਤ ਰੌਲਾ ਪਿਆ ਕਿ ਰਾਜਨੀਤੀ ਵਿਚ ਅਪਰਾਧੀ ਤੱਤਾਂ ਦਾ ਬੋਲਬਾਲਾ ਵਧ ਗਿਆ ਹੈ ਤੇ ਉਸੇ ਦੇ ਰਾਜ ਦੌਰਾਨ ਰਾਜਨੀਤੀ ਵਿਚ ਧਰਮ ਦੀ ਦੁਰਵਰਤੋਂ ਦਾ ਰੌਲਾ ਵੀ ਪਿਆ ਸੀ। ਗੱਲੀਂ-ਬਾਤੀਂ ਬੁੱਤਾ ਸਾਰਨ ਵਾਲੇ ਨਰਸਿਮਹਾ ਰਾਓ ਨੇ ਦੋਵਾਂ ਗੱਲਾਂ ਵਿਚ ਲੋਕਾਂ ਦੇ ਅੱਖੀਂ ਘੱਟਾ ਪਾ ਛੱਡਿਆ। ਸਿਆਸੀ ਲਾਭਾਂ ਲਈ ਧਰਮ ਦੀ ਵਰਤੋਂ ਉਸ ਨੇ ਕੀ ਰੋਕਣੀ ਸੀ, ਉਸ ਨੇ ਸਭ ਤੋਂ ਵੱਧ ਇਹ ਕੰਮ ਕਰ ਰਹੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਖੁਦ ਇਸ਼ਾਰਾ ਕੀਤਾ ਸੀ ਕਿ ਮੈਂ ਮੀਟਿੰਗਾਂ ਦੇ ਦੌਰ ਚਲਾਈ ਜਾਵਾਂਗਾ, ਤੁਸੀਂ ਅਯੁੱਧਿਆ ਵਿਚ ਬਾਬਰੀ ਮਸਜਿਦ ਦੇ ਏਜੰਡੇ ਦਾ ਕੰਮ ਨਿਬੇੜ ਲਓ।
ਸਿਆਸਤ ਵਿਚ ਅਪਰਾਧੀ ਤੱਤਾਂ ਦਾ ਦਾਖਲਾ ਰੋਕਣ ਦਾ ਝੰਡਾ ਵੀ ਨਰਸਿਮਹਾ ਰਾਓ ਨੇ ਚੁੱਕਿਆ ਸੀ, ਜਿਸ ਦੇ ਆਪਣੇ ਨਾਲ ਚੰਦਰਾਸਵਾਮੀ ਵਰਗੇ ਸੰਤ ਭੇਸ ਵਿਚ ਲੁਕੇ ਹੋਏ ਅਪਰਾਧੀਆਂ ਤੋ ਲੈ ਕੇ ਇੱਕ ਤੋਂ ਇੱਕ ਭੈੜਾ ਅਪਰਾਧ ਕਰਨ ਵਾਲੇ ਲੋਕ ਰਾਤ-ਦਿਨ ਤੁਰੇ ਫਿਰਦੇ ਸਨ। ਬਾਅਦ ਵਿਚ ਉਹ ਹੀ ਲੋਕ ਉਸ ਦੇ ਜੇਲ੍ਹ ਜਾਣ ਦਾ ਕਾਰਨ ਬਣੇ ਸਨ ਤੇ ਚੰਦਰਾ ਸਵਾਮੀ ਨੂੰ ਵੀ ਇੱਕ ਵੱਡੇ ਠੱਗੀ ਕੇਸ ਵਿਚ ਉਦੋਂ ਜੇਲ੍ਹ ਜਾਣਾ ਪੈ ਗਿਆ ਸੀ।
ਉਸੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਰਾਜ ਦੌਰਾਨ ਸਿਆਸਤ ਵਿਚ ਅਪਰਾਧੀਆਂ ਦਾ ਦਾਖਲਾ ਰੋਕਣ ਦੇ ਯਤਨ ਵਜੋਂ ਵੋਹਰਾ ਕਮੇਟੀ ਬਣਾ ਕੇ ਉਸ ਨੂੰ ਰਸਤਾ ਸੁਝਾਉਣ ਨੂੰ ਕਿਹਾ ਗਿਆ ਸੀ। ਢਾਈ ਦਹਾਕੇ ਗੁਜ਼ਰ ਗਏ, ਪਰ ਅਪਰਾਧੀ ਤੱਤਾਂ ਵਿਰੁਧ ਕੋਈ ਕਦਮ ਸਿਰੇ ਨਹੀਂ ਚੜ੍ਹਿਆ। ਸੁਪਰੀਮ ਕੋਰਟ ਨੇ ਚੁਣੇ ਹੋਏ ਅਦਾਰਿਆਂ ਵਿਚ ਅਪਰਾਧੀ ਕਿਰਦਾਰ ਵਾਲੇ ਆਗੂਆਂ ਦਾ ਦਾਖਲਾ ਰੋਕਣ ਲਈ ਇੱਕ ਵਾਰ ਸਿੱਧਾ ਦਖਲ ਦਿੱਤਾ ਤਾਂ ਸਭ ਪਾਰਟੀਆਂ ਦੇ ਵੱਡੇ ਆਗੂ ਇਸ ਨਾਲ ਸਹਿਮਤ ਹੋਣ ਦੀ ਥਾਂ ਇਹ ਪੁਆੜਾ ਪਾ ਬੈਠੇ ਕਿ ਇਥੇ ਸਿਆਸੀ ਕਿੜਾਂ ਕੱਢਣ ਲਈ ਕੇਸ ਦਰਜ ਕਰਨ ਦਾ ਰਿਵਾਜ ਹੈ, ਇਸ ਲਈ ਝੂਠੇ ਕੇਸ ਨਾਲ ਕਿਸੇ ਦਾ ਰਾਹ ਰੁਕ ਸਕਦਾ ਹੈ। ਗੱਲ ਵੀ ਸੱਚੀ ਹੈ। ਇੱਕ ਵਾਰੀ ਆਸਾਮ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰੈਲੀ ਮਗਰੋਂ ਕੇਸ ਦਰਜ ਹੋਇਆ ਸੀ ਕਿ ਕੁਝ ਕਾਂਗਰਸੀ ਵਰਕਰਾਂ ਨੇ ਇੱਕ ਛੋਲੇ-ਕੁਲਚਿਆਂ ਦੀ ਰੇੜ੍ਹੀ ਲੁੱਟੀ ਹੈ ਅਤੇ ਰੈਲੀ ਇੰਦਰਾ ਗਾਂਧੀ ਦੇ ਸੱਦੇ ਉਤੇ ਕੀਤੀ ਗਈ ਸੀ। ਸਿੱਧਾ ਕੇਸ ਇੰਦਰਾ ਗਾਂਧੀ ਦੇ ਖਿਲਾਫ ਨਾ ਬਣਾ ਕੇ ਵੀ ਉਸ ਨੂੰ ਕੇਸ ਵਿਚ ਪਾ ਦਿੱਤਾ ਗਿਆ ਸੀ। ਇਹੋ ਜਿਹੇ ਸੌ ਕੇਸਾਂ ਦੇ ਹਵਾਲੇ ਨਾਲ ਇਹ ਬਹਿਸ ਹੁੰਦੀ ਰਹੀ ਤੇ ਆਖਰ ਅਪਰਾਧੀ ਕਿਰਦਾਰਾਂ ਦੇ ਭਲੇ ਵਾਲੀ ਸਾਬਤ ਹੋਈ ਸੀ।
ਅੱਜ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਨੋਟਬੰਦੀ ਦਾ ਰੌਲਾ ਹੈ ਅਤੇ ਦੁਨੀਆਂ ਵਿਚ ਇਸ ਦੇ ਲਾਭ-ਨੁਕਸਾਨ ਦੀ ਚਰਚਾ ਹੋ ਰਹੀ ਹੈ, ਪਰ ਲੋਕਾਂ ਵੱਲੋਂ ਚੁਣੇ ਹੋਏ ਅਦਾਰਿਆਂ ਵਿਚ ਅਪਰਾਧੀ ਤੱਤਾਂ ਦੇ ਦਾਖਲੇ ਬਾਰੇ ਸੁਪਰੀਮ ਕੋਰਟ ਦੇ ਕਹੇ ਸ਼ਬਦਾਂ ਦੀ ਚਰਚਾ ਨਹੀਂ ਹੋ ਸਕੀ। ਨਰਿੰਦਰ ਮੋਦੀ ਦਾ ਇਸ ਚਰਚਾ ਵਿਚ ਜ਼ਿਕਰ ਇਸ ਲਈ ਕਰਨਾ ਪਿਆ ਹੈ ਕਿ ਜਿਵੇਂ ਉਸ ਨੇ ਵਿਦੇਸ਼ਾਂ ਤੋਂ ਕਾਲਾ ਧਨ ਲਿਆਉਣ ਤੇ ਗਰੀਬ ਲੋਕਾਂ ਦੇ ਖਾਤੇ ਵਿਚ ਪੰਦਰਾਂ-ਪੰਦਰਾਂ ਲੱਖ ਰੁਪਏ ਪਾਉਣ ਦੀ ਗੱਲ ਕੀਤੀ ਸੀ, ਚੋਣ ਦੌਰਾਨ ਉਸ ਨੇ ਦਾਗੀ ਲੀਡਰਾਂ ਦੇ ਮੁੱਦੇ ਬਾਰੇ ਵੀ ਇੱਕ ਵਾਅਦਾ ਕੀਤਾ ਸੀ। ਉਸ ਨੇ ਕਿਹਾ ਸੀ ਕਿ ਮੈਨੂੰ ਦੇਸ਼ ਦੀ ਸੱਤਾ ਸਾਂਭ ਲੈਣ ਦਿਓ, ਜਾਂਦੇ ਸਾਰ ਇਸ ਕੰਮ ਲਈ ਇੱਕ ਕਮੇਟੀ ਬਣਾ ਕੇ ਇੱਕ ਸਾਲ ਦੇ ਅੰਦਰ ਚੁਣੇ ਹੋਏ ਆਗੂਆਂ ਦੇ ਦਾਗੀ ਹੋਣ ਜਾਂ ਉਨ੍ਹਾਂ ਉਤੇ ਝੂਠੇ ਕੇਸ ਬਣਨ ਦਾ ਰੌਲਾ ਮੁਕਾ ਦਿਆਂਗਾ। ਬੱਤੀ ਮਹੀਨੇ ਹੋ ਚੱਲੇ ਹਨ, ਅਜੇ ਤੱਕ ਕਮੇਟੀ ਨਹੀਂ ਬਣੀ। ਦੇਸ਼ ਦੀ ਕਮਾਨ ਉਸ ਵਿਅਕਤੀ ਦੇ ਹੱਥਾਂ ਵਿਚ ਹੈ, ਜਿਹੜਾ ਇੱਕ ਨਾਅਰਾ ਦਿੰਦਾ ਹੈ ਤੇ ਲੋਕਾਂ ਨੂੰ ਉਸ ਨਾਅਰੇ ਪਿੱਛੇ ਦੌੜਨ ਨੂੰ ਕਹਿ ਕੇ ਆਪ ਅਗਲੀ ਵਾਰੀ ਲੋਕਾਂ ਨੂੰ ਭਾਜੜ ਪਾਉਣ ਵਾਲਾ ਨਵਾਂ ਨਾਅਰਾ ਘੜਨ ਦੀ ਤਿਆਰੀ ਛੋਹ ਲੈਂਦਾ ਹੈ।
ਭਾਰਤੀ ਸਿਆਸਤ ਦਾ ਪਿਛਲਾ ਰਿਕਾਰਡ ਵੇਖਣ ਦੀ ਲੋੜ ਹੈ। ਜਦੋਂ ਅਟਲ ਬਿਹਾਰੀ ਵਾਜਪਾਈ ਦੇ ‘ਚਮਕਦਾ ਭਾਰਤ’ ਦੇ ਨਾਅਰੇ ਨੂੰ ਪਛਾੜ ਕੇ ਡਾæ ਮਨਮੋਹਨ ਸਿੰਘ ਦੀ ਅਗਵਾਈ ਹੇਠ ਸੋਨੀਆ ਗਾਂਧੀ ਨੇ ਭਾਰਤ ਸਰਕਾਰ ਬਣਾਈ ਤਾਂ ਲੋਕ ਸਭਾ ਦੇ 24 ਫੀਸਦੀ ਮੈਂਬਰ ਅਪਰਾਧੀ ਰਿਕਾਰਡ ਵਾਲੇ ਸਨ। ਸੁਥਰੇ ਅਕਸ ਵਾਲੇ ਪ੍ਰਧਾਨ ਮੰਤਰੀ ਦੇ ਰਾਜ ਦੀ ਬਰਕਤ ਨਾਲ ਅਗਲੀ ਵਾਰੀ ਲੋਕ ਸਭਾ ਵਿਚ 30 ਫੀਸਦੀ ਪਾਰਲੀਮੈਂਟ ਮੈਂਬਰ ਅਪਰਾਧੀ ਰਿਕਾਰਡ ਵਾਲੇ ਆ ਗਏ। ਨਰਿੰਦਰ ਮੋਦੀ ਨੇ ਸਿਆਸਤ ਨੂੰ ਸਵੱਛ ਕਰਨ ਦਾ ਨਾਅਰਾ ਦਿੱਤਾ ਤੇ ਇੱਕ ਸਾਲ ਵਿਚ ਇੱਕ ਕਮੇਟੀ ਬਣਾ ਕੇ ਦਾਗੀ ਆਗੂਆਂ ਬਾਰੇ ਨਿਬੇੜਾ ਕਰਨ ਦੀਆਂ ਗੱਲਾਂ ਕੀਤੀਆਂ ਸਨ। ਜਿਸ ਪਾਰਲੀਮੈਂਟ ਨੇ ਭਾਰਤ ਦੀ ਕਮਾਨ ਉਸ ਨੂੰ ਸੌਂਪੀ, ਉਹ ਪਿਛਲੀਆਂ ਦੋਵਾਂ ਨੂੰ ਪਛਾੜ ਗਈ ਅਤੇ ਇਸ ਵਿਚ 34 ਫੀਸਦੀ ਅਪਰਾਧੀ ਹੋ ਗਏ। ਨਰਿੰਦਰ ਮੋਦੀ ਕਹਿ ਸਕਦਾ ਹੈ ਕਿ ਮਾੜੇ ਹੋਣ ਜਾਂ ਚੰਗੇ, ਚੋਣਾਂ ਵਿਚ ਵੋਟਾਂ ਨਾਲ ਚੁਣੇ ਗਏ ਹਨ, ਮੈਂ ਇਸ ਦਾ ਜ਼ਿੰਮੇਵਾਰ ਨਹੀਂ, ਪਰ ਆਪਣੇ ਮੰਤਰੀਆਂ ਦੀ ਚੋਣ ਲਈ ਤਾਂ ਉਸ ਨੂੰ ਕੋਈ ਮਜਬੂਰੀ ਨਹੀਂ ਸੀ। ਲੋਕਾਂ ਲਈ ਹੈਰਾਨੀ ਦੀ ਗੱਲ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੇ ਪਰਾਗੇ ਦੇ 78 ਮੰਤਰੀਆਂ ਵਿਚ 24 ਜਣੇ ਉਹ ਸ਼ਾਮਲ ਕਰ ਲਏ, ਜਿਹੜੇ ਹਿਸਟਰੀ ਸ਼ੀਟਰ ਸਨ। ਇੱਕ ਜਣੇ ਉਤੇ ਕਈ ਕਤਲਾਂ ਦੇ ਦੋਸ਼ ਸਨ ਤੇ ਇੱਕ ਹੋਰ ਉਤੇ ਇਹ ਦੋਸ਼ ਸੀ ਕਿ ਉਹ ਭਾਰਤ ਸਰਕਾਰ ਦੇ ਇੱਕ ਬੈਂਕ, ਸੈਂਟਰਲ ਬੈਂਕ ਆਫ ਇੰਡੀਆ ਦੇ ਨਾਲ 317 ਕਰੋੜ ਰੁਪਏ ਦੀ ਠੱਗੀ ਦੇ ਕੇਸ ਵਿਚ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਸੀ। ਉਦੋਂ ਲੋਕਾਂ ਨੂੰ ਸਮਝ ਆ ਜਾਣੀ ਚਾਹੀਦੀ ਸੀ ਕਿ ਮੋਦੀ ਦੇ ਰਾਜ ਵਿਚ ਵੀ ਅਪਰਾਧੀ ਤੱਤਾਂ ਦਾ ਕੁਝ ਨਹੀਂ ਵਿਗੜੇਗਾ। ਜਦੋਂ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀ, ਬਾਕੀ ਭਾਰਤ ਵਿਚ ਪ੍ਰਭਾਵ ਸੀ ਕਿ ਉਸ ਦਾ ਰਾਜ ਚੰਗਾ ਹੈ, ਪਰ ਲੋਕ ਇਹ ਗੱਲ ਨਹੀਂ ਸੀ ਜਾਣਦੇ ਕਿ ਪ੍ਰਸ਼ੋਤਮ ਸੋਲੰਕੀ ਨਾਂ ਦੇ ਮੱਛੀ ਪਾਲਣ ਮੰਤਰੀ ਨੂੰ 900 ਕਰੋੜ ਰੁਪਏ ਦੇ ਘਪਲੇ ਕਾਰਨ ਸਜ਼ਾ ਹੋ ਜਾਣ ਪਿੱਛੋਂ ਵੀ ਮੋਦੀ ਨੇ ਮੰਤਰੀ ਮੰਡਲ ਵਿਚੋਂ ਉਸ ਨੂੰ ਬਾਹਰ ਨਹੀਂ ਸੀ ਕੱਢਿਆ। ਉਦੋਂ ਗੁਜਰਾਤ ਵਿਚ 182 ਮੈਂਬਰਾਂ ਦੀ ਵਿਧਾਨ ਸਭਾ ਵਿਚ 57 ਜਣੇ ਅਪਰਾਧਕ ਕੇਸਾਂ ਵਿਚ ਉਲਝੇ ਹੋਏ ਸਨ, ਜਿਨ੍ਹਾਂ ਵਿਚ ਕਾਂਗਰਸੀ ਵੀ ਸਨ ਤੇ ਭਾਜਪਾਈ ਵੀ।
ਅਸੀਂ ਇਸ ਵਕਤ ਪੰਜਾਬ ਅਤੇ ਚਾਰ ਹੋਰ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦੀ ਪ੍ਰਕ੍ਰਿਆ ਚੱਲਦੀ ਵੇਖਣ ਨੂੰ ਕਾਹਲੇ ਹਾਂ। ਇਸ ਪ੍ਰਕ੍ਰਿਆ ਨੂੰ ਉਧਾਲੇ ਜਾਣ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਹਫਤੇ ਲੋਕਾਂ ਦਾ ਮੂਡ ਦੱਸਣ ਲਈ ਦੋ ਮੀਡੀਆ ਚੈਨਲਾਂ ਨੇ ਸਰਵੇਖਣ ਰਿਪੋਰਟਾਂ ਪੇਸ਼ ਕੀਤੀਆਂ। ਪਹਿਲੀ ਰਿਪੋਰਟ ਕਹਿ ਰਹੀ ਹੈ ਕਿ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਨੇ ਪੰਜਾਹ ਤੋਂ ਵੱਧ ਸੀਟਾਂ ਜਿੱਤਣੀਆਂ ਤੇ ਲਗਾਤਾਰ ਤੀਸਰੀ ਵਾਰ ਸਰਕਾਰ ਬਣਾਉਣੀ ਹੈ, ਕਾਂਗਰਸ ਅੱਗੇ ਵਾਲੇ ਥਾਂ ਹੀ ਰਹੇਗੀ ਤੇ ਨਵੀਂ ਉਠੀ ਆਮ ਆਦਮੀ ਪਾਰਟੀ ਵੀਹ ਸੀਟਾਂ ਪਾਰ ਨਹੀਂ ਕਰੇਗੀ। ਦੂਸਰੇ ਚੈਨਲ ਨੇ ਕਿਹਾ ਕਿ ਸਰਕਾਰ ਕਾਂਗਰਸ ਦੀ ਬਣੇਗੀ ਤੇ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਚਾਲੀ ਸੀਟਾਂ ਪੈਣ ਪਿੱਛੋਂ ਅਕਾਲੀ-ਭਾਜਪਾ ਗੱਠਜੋੜ ਵੀਹ ਕੁ ਸੀਟਾਂ ਨੇੜੇ ਰਹੇਗਾ। ਸਰਕਾਰ ਕਾਂਗਰਸ ਦੀ ਬਣੇ ਜਾਂ ਬਾਦਲਾਂ ਦੀ, ਆਮ ਆਦਮੀ ਪਾਰਟੀ ਅੱਗੇ ਵਧੇ ਜਾਂ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਦਾ ਤਜਰਬਾ ਦੁਹਰਾ ਜਾਵੇ, ਇਸ ਨੂੰ ਵੇਖਣ ਦੀ ਲੋੜ ਨਹੀਂ, ਵੇਖਣ ਦੀ ਲੋੜ ਅਕਾਲੀ-ਭਾਜਪਾ ਗੱਠਜੋੜ ਵੱਲ ਹੈ। ਇੱਕ ਸਰਵੇਖਣ ਉਸ ਨੂੰ ਤੀਸਰੀ ਵਾਰ ਸਹੁੰ ਚੁੱਕਣ ਦੀ ਤਿਆਰੀ ਕਰਨ ਦਾ ਸੱਦਾ ਦਿੰਦਾ ਹੈ ਅਤੇ ਦੂਸਰਾ ਕਹਿੰਦਾ ਹੈ ਕਿ ਉਸ ਦੇ ਲੀਡਰਾਂ ਨੂੰ ਗੋਡਿਆਂ ਵਿਚ ਸਿਰ ਦੇ ਕੇ ਰੋਣਾ ਪਵੇਗਾ। ਪੰਜ ਰਾਜਾਂ ਦੀਆਂ ਚੋਣਾਂ ਦੀ ਪ੍ਰਕ੍ਰਿਆ ਦੌਰਾਨ ਸਮਝਣ ਵਾਲੀ ਸਭ ਤੋਂ ਵੱਡੀ ਚਾਲ ਹੀ ਇਹੋ ਹੈ।
ਸਾਡੇ ਲੋਕ ਸੜਕ-ਛਾਪ ਜਾਦੂਗਰਾਂ ਦੀ ਖੇਡ ਵੇਖਣ ਲਈ ਸੌ ਜ਼ਰੂਰੀ ਕੰਮ ਛੱਡ ਕੇ ਖੜ ਜਾਣ ਦੀ ਆਦਤ ਦੇ ਸ਼ਿਕਾਰ ਹਨ। ਉਨ੍ਹਾਂ ਦੀ ਇਸ ਆਦਤ ਨੂੰ ਵਰਤਿਆ ਜਾਂਦਾ ਹੈ। ਸਰਵੇਖਣਾਂ ਦੇ ਬਹਾਨੇ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਫਲਾਣੀ ਪਾਰਟੀ ਜਿੱਤ ਰਹੀ ਹੈ, ਅਗਲੇ ਪੰਜ ਸਾਲ ਫਾਇਦਾ ਲੈਣਾ ਹੈ ਤਾਂ ਇਸ ਦੇ ਪੱਖ ਵਿਚ ਤੁਰ ਪਵੋ। ਇਹ ਸਰਵੇਖਣ ਚੋਣ ਪ੍ਰਚਾਰ ਦਾ ਹਿੱਸਾ ਹਨ। ਚੁਣੇ ਹੋਏ ਅਦਾਰਿਆਂ ਵਿਚ ਜਿਹੜੇ ਅਪਰਾਧੀ ਤੱਤ ਪਹੁੰਚਦੇ ਹਨ, ਉਹ ਕਿਸੇ ਸਟੇਸ਼ਨ ਉਤੇ ਖੜੀ ਰੇਲ ਗੱਡੀ ਦੀ ਤਤਕਾਲ ਕੋਟੇ ਦੀ ਟਿਕਟ ਲੈ ਕੇ ਨਹੀਂ ਜਾਂਦੇ, ਇਦਾਂ ਦੀਆਂ ਤਿਕੜਮਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਜਿਨ੍ਹਾਂ ਦੇ ਆਪਣੇ ਚੁਫੇਰੇ ਅਪਰਾਧੀ ਤੱਤ ਫਿਰਦੇ ਹੋਣ, ਉਹ ਵੀ ਜਦੋਂ ਇਹ ਕਹਿੰਦੇ ਹਨ ਕਿ ਦੇਸ਼ ਦੇ ਲੋਕਤੰਤਰ ਵਿਚ ਅਪਰਾਧੀ ਤੱਤਾਂ ਦਾ ਦਾਖਲਾ ਰੋਕਣਾ ਹੈ ਤਾਂ ਹੱਸ ਲੈਣਾ ਚਾਹੀਦਾ ਹੈ। ਇਸ ਹਫਤੇ ਹਿੰਦੀ ਦੇ ਇੱਕ ਵਿਅੰਗਕਾਰ ਦੀ ਪੇਸ਼ਕਾਰੀ ਵਟਸ ਐਪ ਉਤੇ ਘੁੰਮਦੀ ਰਹੀ ਹੈ। ਉਹ ਕਹਿੰਦਾ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਵਿਅੰਗ ‘ਸਵੱਛ ਭਾਰਤ’ ਮਿਸ਼ਨ ਦੇ ਲੋਗੋ ਵਿਚ ਹੈ। ਇਸ ਦਾ ਲੋਗੋ ਮਹਾਤਮਾ ਗਾਂਧੀ ਦੀ ਐਨਕ ਦੇ ਦੋ ਸ਼ੀਸ਼ਿਆਂ ਦਾ ਹੈ, ਜਿਸ ਦੇ ਇੱਕ ਸ਼ੀਸ਼ੇ ਵਿਚ ‘ਸਵੱਛ’ ਲਿਖਿਆ ਤੇ ਦੂਸਰੇ ਵਿਚ ‘ਭਾਰਤ’ ਲਿਖਿਆ ਹੈ ਅਤੇ ਦੋਵੇਂ ਸ਼ੀਸ਼ੇ ਵੇਖ ਕੇ ਪਤਾ ਲੱਗਦਾ ਹੈ ਕਿ ਜਿੱਥੇ ਸਵੱਛ ਹੈ, ਉਥੇ ਭਾਰਤ ਨਹੀਂ ਤੇ ਜਿੱਥੇ ਭਾਰਤ ਹੈ, ਉਹ ਸਵੱਛ ਨਹੀਂ ਹੈ। ਗਲੀਆਂ-ਬਾਜ਼ਾਰਾਂ ਵਿਚ ਫੈਲੇ ਹੋਏ ਕੂੜੇ ਨੂੰ ਸਾਫ ਕਰਨ ਤੋਂ ਰਾਜਨੀਤੀ ਵਿਚ ਪਿਆ ਗੰਦ ਸਾਫ ਕਰਨ ਤੱਕ ਬਾਰੇ ਵੀ ਇੱਕੋ ਗੱਲ ਹੀ ਕਹਿਣੀ ਕਾਫੀ ਜਾਪਦੀ ਹੈ, ਜਿਹੜੀ ਕਿਸੇ ਸਮੇਂ ਮਿਰਜ਼ਾ ਗ਼ਾਲਿਬ ਨੇ ਕਹਿ ਦਿੱਤੀ ਸੀ:
ਹਮ ਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ,
ਦਿਲ ਕੇ ਖੁਸ਼ ਰਖਨੇ ਕੋ ਗਾਲਿਬ ਯੇ ਖਯਾਲ ਅੱਛਾ ਹੈ।

You must be logged in to post a comment Login