ਅਮਰੀਕੀ ਤਾਣੇ-ਬਾਣੇ ਦਾ ਹਿੱਸਾ ਨੇ ਸਿੱਖ: ਨਿਊ-ਜਰਸੀ ਅਟਾਰਨੀ ਜਨਰਲ

ਅਮਰੀਕੀ ਤਾਣੇ-ਬਾਣੇ ਦਾ ਹਿੱਸਾ ਨੇ ਸਿੱਖ: ਨਿਊ-ਜਰਸੀ ਅਟਾਰਨੀ ਜਨਰਲ

ਵਾਸਿ਼ੰਗਟਨ : ਅਮਰੀਕਾ `ਚ ਸਿੱਖ ਭਾਵੇਂ ਘੱਟ-ਗਿਣਤੀ `ਚ ਹਨ ਪਰ ਉਹ ਅਮਰੀਕੀ ਤਾਣੇ-ਬਾਣੇ ਦਾ ਇੱਕ ਹਿੱਸਾ ਹਨ ਤੇ ਉਹ ਇਸ ਦੇਸ਼ ਨੂੰ ਸੁਰੱਖਿਅਤ ਰੱਖਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਹ ਪ੍ਰਗਟਾਵਾ ਅਮਰੀਕਾ ਦੇ ਕਿਸੇ ਵੀ ਰਾਜ ਦੇ ਅਟਾਰਨੀ ਜਨਰਲ ਜਿਹੇ ਵੱਕਾਰੀ ਅਹੁਦੇ ਤੱਕ ਪੁੱਜਣ ਵਾਲੇ ਸ੍ਰੀ ਗੁਰਬੀਰ ਗਰੇਵਾਲ ਨੇ ਜਰਸੀ ਸ਼ਹਿਰ `ਚ ‘ਸਿੱਖ ਅਮੈਰਿਕਨ ਚੈਂਬਰ ਆਫ਼ ਕਾਮਰਸ` ਦੇ ਸੱਤਵੇਂ ਸਾਲਾਨਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ।
ਨਿਊ ਜਰਸੀ ਦੇ ਅਟਾਰਨੀ ਜਨਰਲ ਸ੍ਰੀ ਗੁਰਬੀਰ ਸਿੰਘ ਗਰੇਵਾਲ ਨੇ ਕਿਹਾ,‘ਮੈਂ ਹੁਣ ਤੱਕ ਜਿਹੜੇ ਵੀ ਅਹੁਦੇ `ਤੇ ਰਿਹਾ ਹਾਂ, ਮੈਂ ਆਪਣੇ ਕੰਮ ਤੇ ਆਪਣੀ ਸੇਵਾ ਰਾਹੀਂ ਹਰੇਕ ਨੂੰ ਇਹੋ ਦਰਸਾਉਣ ਦਾ ਜਤਨ ਕੀਤਾ ਹੈ ਕਿ ਸਿੱਖ ਇਸ ਦੇਸ਼ ਦੇ ਤਾਣੇ-ਬਾਣੇ ਦਾ ਇੱਕ ਅੰਗ ਹਨ।` ਹੋਬੋਕੇਨ ਸ਼ਹਿਰ ਦੇ ਮੇਅਰ ਸ੍ਰੀ ਰਵੀ ਭੱਲਾ ਨੇ ਕਿਹਾ ਕਿ ‘ਸਿੱਖ ਅਮੈਰਿਕਨ ਚੈਂਬਰ ਆਫ਼ ਕਾਮਰਸ` ਜਿਹੀਆਂ ਜੱਥੇਬੰਦੀਆਂ ਦੀ ਅਹਿਮੀਅਤ ਬਹੁਤ ਜਿ਼ਆਦਾ ਵਧ ਗਈ ਹੈ ਕਿਉਂਕਿ ਇੱਥੇ ਵੱਖੋ-ਵੱਖਰੇ ਕਾਰੋਬਾਰੀ ਅਦਾਰਿਆਂ ਦੇ ਨੁਮਾਇੰਦੇ ਆ ਕੇ ਇਕੱਠੇ ਹੁੰਦੇ ਹਨ ਤੇ ਮਿਲ-ਜੁਲ ਕੇ ਕੁਝ ਨਵਾਂ ਕਰ ਕੇ ਵਿਖਾ ਸਕਦੇ ਹਨ। ਇਸ ਮੌਕੇ ਬੋਲਦਿਆਂ ਖ਼ਾਲਸਾ ਏਡ ਇੰਟਰਨੈਸ਼ਨਲ ਦੇ ਸੀਈਓ ਸ੍ਰੀ ਰਵੀ ਸਿੰਘ ਨੇ ਕਿਹਾ ਕਿ ਸਮੁੱਚੀ ਇਨਸਾਨੀਅਤ ਲਈ ਸਿੱਖਾਂ ਦੇ ਇੱਕਜੁਟ ਹੋਣ ਦਾ ਬਹੁਤ ਮਹੱਤਵ ਹੈ।‘ਸਿੱਖ ਅਮੈਰਿਕਨ ਚੈਂਬਰ ਆਫ਼ ਕਾਮਰਸ` ਦੇ ਪ੍ਰਧਾਨ ਸੰਨੀ ਕੈਲਾ ਨੇ ਕਿਹਾ ਕਿ ਇਹ ਸਮਾਰੋਹ ਸਿਰਫ਼ ਪ੍ਰਾਪਤੀਆਂ ਤੇ ਜਿੱਤਾਂ ਵਿਖਾਉਣ ਲਈ ਹੀ ਨਹੀਂ ਹੈ, ਸਗੋਂ ਸਭ ਨੂੰ ਇਹ ਅਹਿਸਾਸ ਕਰਵਾਉਣ ਲਈ ਵੀ ਹੈ ਕਿ ਸਫ਼ਲਤਾ ਦਾ ਪੈਂਡਾ ਬਹੁਤ ਬਿਖੜਾ ਹੁੰਦਾ ਹੈ।

You must be logged in to post a comment Login