ਅਰਥਚਾਰੇ ਨੂੰ ਲੈ ਕੇ ਯਸ਼ਵੰਤ ਸਿਨਹ ਨੇ ਮੋਦੀ ਸਰਕਾਰ ਨੂੰ ਲਿਆ ਲੰਮੇ ਹੱਥੀ

ਅਰਥਚਾਰੇ ਨੂੰ ਲੈ ਕੇ ਯਸ਼ਵੰਤ ਸਿਨਹ ਨੇ ਮੋਦੀ ਸਰਕਾਰ ਨੂੰ ਲਿਆ ਲੰਮੇ ਹੱਥੀ

ਨਵੀਂ ਦਿੱਲੀ- ਭਾਰਤ ਦੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਆਰਥਿਕ ਮੋਰਚੇ ’ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਹੈ ਕਿ ਭਾਰਤੀ ਅਰਥ ਵਿਵਸਥਾ ਬਹੁਤ ਗੰਭੀਰ ਸੰਕਟ ਵਿਚ ਹੈ ਤੇ ਮੰਗ ਤਾਂ ਖ਼ਤਮ ਹੀ ਹੁੰਦੀ ਦਿਖ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਉਤਸ਼ਾਹ ਭਰਪੂਰ ਗੱਲਾਂ ਕਰ ਕੇ ‘ਲੋਕਾਂ ਨੂੰ ਮੂਰਖ ਬਣਾ ਰਹੀ ਹੈ ਕਿ ਅਗਲੀ ਤਿਮਾਹੀ ਜਾਂ ਫਿਰ ਉਸ ਤੋਂ ਬਾਅਦ ਦੀ ਤਿਮਾਹੀ ’ਚ ਆਰਥਿਕ ਹਾਲਾਤ ਬਿਹਤਰ ਹੋ ਜਾਣਗੇ।’ ਅਧਿਕਾਰਤ ਅੰਕੜਿਆਂ ਮੁਤਾਬਕ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਾਧੇ ਦੀ ਦਰ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਦੌਰਾਨ ਡਿੱਗ ਕੇ 4.5 ਫ਼ੀ ਸਦੀ ’ਤੇ ਆ ਗਈ ਹੈ। ਇਹ ਆਰਥਿਕ ਵਾਧੇ ਦਾ ਛੇ ਸਾਲਾਂ ਦਾ ਹੁਣ ਤੱਕ ਦਾ ਸਭ ਤੋਂ ਨੀਂਵਾਂ ਪੱਧਰ ਹੈ। ਸ੍ਰੀ ਸਿਨਹਾ ਨੇ ਕਿਹਾ ਕਿ ਤੱਥ ਤਾਂ ਇਹੋ ਹੈ ਕਿ ਅਸੀਂ ਗੰਭੀਰ ਸੰਕਟ ਵਿਚ ਹਾਂ। ਅਗਲੀ ਤਿਮਾਹੀ ਜਾਂ ਫਿਰ ਉਸ ਤੋਂ ਬਾਅਦ ਦੀ ਤਿਮਾਹੀ ਬਿਹਤਰ ਹੋਵੇਗੀ, ਇਹ ਸਿਰਫ਼ ਖੋਖਲੀਆਂ ਗੱਲਾਂ ਹਨ, ਜੋ ਪੂਰੀਆਂ ਹੋਣ ਵਾਲੀਆਂ ਨਹੀਂ ਹਨ। ਯਸ਼ਵੰਤ ਸਿਨਹਾ ਨੇ ਕਿਹਾ ਕਿ ਵਾਰ–ਵਾਰ ਅਜਿਹੀਆਂ ਗੱਲਾਂ ਕਰ ਕੇ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਗਲੀ ਤਿਮਾਹੀ ਵਿਚ ਆਰਥਿਕ ਵਾਧਾ ਦਰ ਕੁਝ ਬਿਹਤਰ ਹੋ ਜਾਵੇਗੀ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਆਗੂ ਨੇ ਕਿਹਾ ਕਿ ਅਜਿਹੇ ਸੰਕਟ ਖ਼ਤਮ ਹੋਣ ’ਚ ਤਿੰਨ ਤੋਂ ਚਾਰ ਸਾਲ ਜਾਂ ਫਿਰ ਪੰਜ ਸਾਲ ਵੀ ਲੱਗ ਸਕਦੇ ਹਨ। ਇਸ ਸੰਕਟ ਨੂੰ ਕਿਸੇ ਜਾਦੂ ਦੀ ਸੋਟੀ ਨਾਲ ਦੂਰ ਨਹੀਂ ਕੀਤਾ ਜਾ ਸਕਦਾ। ਸਿਨਹਾ ਨੇ ਅੱਗੇ ਕਿਹਾ ਕਿ ਭਾਰਤੀ ਅਰਥ–ਵਿਵਸਥਾ ਇਸ ਵੇਲੇ ਜਿਹੜੇ ਦੌਰ ’ਚ ਹੈ, ਉਸ ਨੂੰ ‘ਮੰਗ ਦਾ ਖ਼ਾਤਮਾ’ ਕਹਿੰਦੇ ਹਨ ਅਤੇ ਇਹ ਹਾਲਤ ਖੇਤੀ ਤੇ ਦਿਹਾਤੀ ਖੇਤਰ ਤੋਂ ਸ਼ੁਰੂ ਹੋਈ ਸੀ।

You must be logged in to post a comment Login