ਅਸਾਮ ‘ਚ ਮੁਸਲਿਮ ਨੌਜਵਾਨਾਂ ਨਾਲ ਮਾਰਕੁੱਟ

ਅਸਾਮ ‘ਚ ਮੁਸਲਿਮ ਨੌਜਵਾਨਾਂ ਨਾਲ ਮਾਰਕੁੱਟ

ਗੁਹਾਟੀ : ਅਸਾਮ ਦੇ ਬਾਰਪੇਟਾ ‘ਚ ਮੁਸਲਿਮ ਨੌਜਵਾਨਾਂ ਨਾਲ ਮਾਰਕੁੱਟ ਅਤੇ ਜ਼ਬਰਦਸਤੀ ‘ਜੈ ਸ੍ਰੀ ਰਾਮ’ ਤੇ ‘ਪਾਕਿਸਤਾਨ ਮੁਰਦਾਬਾਦ’ ਦੇ ਨਾਹਰੇ ਲਗਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਕ ਦੱਖਣਪੰਥੀ ਸੰਗਠਨ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਇਹ ਘਟਨਾ ਮੰਗਲਵਾਰ ਰਾਤ ਦੀ ਹੈ। ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਕਥਿਤ ਤੌਰ ‘ਤੇ ਨੌਜਵਾਨਾਂ ਨਾਲ ਮਾਰਕੁੱਟ ਕਰਦਿਆਂ ਕੁਝ ਲੋਕਾਂ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ‘ਚ ਪੀੜਤ ਨੌਜਵਾਨਾਂ ਤੋਂ ਜ਼ਬਰਦਸਤੀ ਨਾਹਰੇ ਲਗਵਾਏ ਜਾ ਰਹੇ ਹਨ। ਆਲ ਅਸਾਮ ਮਾਈਨੋਰਿਟੀ ਸਟੂਡੈਂਟਸ ਯੂਨੀਅਨ ਅਤੇ ਨੋਰਥ ਈਸਟ ਮਾਈਨੋਰਿਟੀ ਸਟੂਡੈਂਟਸ ਯੂਨੀਅਨ ਦੇ ਸੰਸਥਾਪਕ ਨੇ ਇਕ ਦੱਖਣਪੰਥੀ ਸੰਗਠਨ ਵਿਰੁੱਧ ਦੋ ਮਾਮਲੇ ਦਰਜ ਕਰਵਾਏ ਹਨ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਦੱਖਣਪੰਥੀ ਸੰਗਠਨ ਦੇ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਦੇ ਇਕ ਸੰਗਠਨ ਨੇ ਬਾਰਪੇਟਾ ‘ਚ ਇਕ ਆਟੋ ਰਿਕਸ਼ਾ ਰੋਕ ਕੇ ਉਸ ‘ਚ ਬੈਠੇ ਨੌਜਵਾਨਾਂ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਘੱਟਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਪੀੜਤਾਂ ਤੋਂ ਜ਼ਬਰਦਸਤੀ ‘ਜੈ ਸ੍ਰੀ ਰਾਮ, ਭਾਰਤ ਮਾਤਾ ਦੀ ਜੈ ਅਤੇ ਪਾਕਿਸਤਾਨ ਮੁਰਦਾਬਾਦ’ ਦੇ ਨਾਹਰੇ ਲਗਵਾਏ ਗਏ। ਹਮਲਾਵਰਾਂ ਨੇ ਪੀੜਤਾਂ ਨਾਲ ਮਾਰਕੁੱਟ ਦੀ ਵੀਡੀਓ ਵੀ ਬਣਾਈ ਅਤੇ ਬਾਅਦ ‘ਚ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ। ਇਸ ਘਟਨਾ ਦੇ ਸਬੰਧ ‘ਚ ਬਾਰਪੇਟਾ ਦੇ ਕਾਂਗਰਸੀ ਵਿਧਾਇਕ ਅਬਦੁਲ ਖਾਲਿਕ ਨੇ ਕਿਹਾ ਕਿ ਉਨ੍ਹਾਂ ਨੇ ਐਸ.ਪੀ. ਨੂੰ ਇਸ ਮਾਮਲੇ ‘ਚ ਕਾਰਵਾਈ ਕਰਨ ਲਈ ਕਿਹਾ ਹੈ।

You must be logged in to post a comment Login