ਅੰਤਮ ਯਾਤਰਾ ਦੌਰਾਨ ਭੜਕੀ ਹਿੰਸਾ

ਅੰਤਮ ਯਾਤਰਾ ਦੌਰਾਨ ਭੜਕੀ ਹਿੰਸਾ

ਮੁੰਬਈ : ਮੁੰਬਈ ‘ਚ ਇਕ ਵਿਅਕਤੀ ਦੀ ਅੰਤਮ ਯਾਤਰਾ ਦੌਰਾਨ ਹਿੰਸਾ ਭੜਕ ਗਈ। ਇਸ ਤੋਂ ਬਾਅਦ ਹਿੰਸਕ ਭੀੜ ਨੇ ਕਥਿਤ ਤੌਰ ‘ਤੇ ਪੁਲਿਸ ਟੀਮ ਉਤੇ ਹਮਲਾ ਕਰ ਦਿੱਤਾ। ਇਸ ਦੌਰਾਨ ਭੀੜ ਨੇ ਕਈ ਗੱਡੀਆਂ ਦੀ ਭੰਨਤੋੜ ਕੀਤੀ। ਪੁਲਿਸ ਨੇ ਹਿੰਸਾ ਦੇ ਮਾਮਲੇ ‘ਚ ਲਗਭਗ 200 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਹੈ। ਨਾਲ ਹੀ 33 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਸ ਘਟਨਾ ‘ਚ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ।ਜਾਣਕਾਰੀ ਮੁਤਾਬਕ ਪਿਛਲੇ ਹਫ਼ਤੇ ਪੰਚਾਰਾਮ ਰਿਠਾਡਿਆ (44) ਨੇ ਤਿਲਕ ਨਗਰ ਰੇਲਵੇ ਸਟੇਸ਼ਨ ਨੇੜੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ ਸੀ। ਉਹ ਕਈ ਮਹੀਨਿਆਂ ਤੋਂ ਲਾਪਤਾ ਆਪਣੀ 17 ਸਾਲਾ ਬੇਟੀ ਦਾ ਪਤਾ ਨਾ ਲੱਗਣ ਕਾਰਨ ਪ੍ਰੇਸ਼ਾਨ ਸੀ। ਆਪਣੇ ਖ਼ੁਦਕੁਸ਼ੀ ਪੱਤਰ ‘ਚ ਪੰਚਾਰਾਮ ਨੇ ਲਿਖਿਆ ਸੀ ਕਿ ਉਸ ਦੀ ਬੇਟੀ ਬਾਰੇ ਪਤਾ ਲਗਾਉਣ ‘ਚ ਪੁਲਿਸ ਨੇ ਕੋਈ ਮਦਦ ਨਾ ਕੀਤੀ। ਇਸ ਲਈ ਪ੍ਰੇਸ਼ਾਨ ਹੋ ਕੇ ਉਸ ਨੇ ਖ਼ੁਦਕੁਸ਼ੀ ਕਰਨ ਦਾ ਫ਼ੈਸਲਾ ਕੀਤਾ ਹੈ।ਐਡੀਸ਼ਨਲ ਪੁਲਿਸ ਕਮਿਸ਼ਨਰ (ਪੂਰਬੀ ਖੇਤਰ) ਲਖਮੀ ਗੌਤਮ ਨੇ ਦਸਿਆ ਕਿ ਮੰਗਲਵਾਰ ਨੂੰ ਉਪ ਨਗਰ ਚੈਂਬੂਰ ਦੇ ਸ਼ਮਸ਼ਾਨ ਘਾਟ ਤਕ ਪੰਚਾਰਾਮ ਦੀ ਅੰਤਮ ਯਾਤਰਾ ਦੌਰਾਨ ਉਨ੍ਹਾਂ ਦੇ ਨਾਰਾਜ਼ ਰਿਸ਼ਤੇਦਾਰਾਂ ਅਤੇ ਕੁਝ ਹੋਰ ਲੋਕਾਂ ਨੇ ਕਥਿਤ ਤੌਰ ‘ਤੇ ਪੁਲਿਸ ਉੱਤੇ ਪੱਥਰਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਕ ਪੁਲਿਸ ਵੈਨ ਅਤੇ ਹੋਰ ਨਿੱਜੀ ਵਾਹਨਾਂ ਦੀ ਭੰਨਤੋੜ ਕੀਤੀ। ਪੁਲਿਸ ਨੇ ਮੰਗਲਵਾਰ ਰਾਤ ਲਗਭਗ 200 ਲੋਕਾਂ ਵਿਰੁਧ ਮਾਮਲਾ ਦਰ ਕਰ ਕੇ 33 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

You must be logged in to post a comment Login