ਅੰਮ੍ਰਿਤਸਰ ਟਰੇਨ ਹਾਦਸਾ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਮੇਤ ਵਿਦੇਸ਼ੀ ਨੇਤਾਵਾਂ ਨੇ ਪ੍ਰਗਟ ਕੀਤਾ ਦੁੱਖ

ਅੰਮ੍ਰਿਤਸਰ ਟਰੇਨ ਹਾਦਸਾ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਮੇਤ ਵਿਦੇਸ਼ੀ ਨੇਤਾਵਾਂ ਨੇ ਪ੍ਰਗਟ ਕੀਤਾ ਦੁੱਖ

ਸੰਯੁਕਤ ਰਾਸ਼ਟਰ- ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖਾਨ ਸਮੇਤ ਕਈ ਵਿਦੇਸ਼ੀ ਨੇਤਾਵਾਂ ਨੇ ਅੰਮ੍ਰਿਤਸਰ ‘ਚ ਵਾਪਰੇ ਦੁਖਦਾਈ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਆਪਣੀ ਹਮਦਰਦੀ ਸਾਂਝੀ ਕੀਤੀ ਹੈ। ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤੇਰਸ ਅਤੇ ਰੂਸ ਦੇ ਰਾਸ਼ਟਰਪਤੀ ਨੇ ਵੀ ਇਸ ਦੁੱਖ ‘ਚ ਪੰਜਾਬੀਆਂ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਹਾਦਸੇ ‘ਚ 70 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਕਈ ਲੋਕ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ‘ਚ ਜੋੜਾ ਫਾਟਕ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਰਾਵਣ ਦਾ ਪੁਤਲਾ ਸਾੜਿਆ ਜਾ ਰਿਹਾ ਸੀ ਅਤੇ ਲੋਕ ਰੇਲ ਪਟੜੀ ‘ਤੇ ਖੜ੍ਹੇ ਹੋ ਕੇ ਦੇਖ ਰਹੇ ਸਨ। ਜਿਵੇਂ ਹੀ ਪੁਤਲੇ ਨੂੰ ਅੱਗ ਲਗਾਈ ਗਈ ਤਾਂ ਪਟਾਕਿਆਂ ਦੀ ਤੇਜ਼ ਆਵਾਜ਼ ‘ਚ ਲੋਕਾਂ ਨੂੰ ਰੇਲ ਗੱਡੀ ਦੇ ਆਉਣ ਬਾਰੇ ਪਤਾ ਨਾ ਲੱਗਾ। ਗੁਤੇਰਸ ਨੇ ਇਕ ਟਵੀਟ ‘ਚ ਕਿਹਾ,” ਮੇਰੀ ਹਮਦਰਦੀ ਅੰਮ੍ਰਿਤਸਰ ਦੇ ਲੋਕਾਂ ਨਾਲ ਹੈ। ਇਸ ਮਹੀਨੇ ਮੈਨੂੰ ਅਮ੍ਰਿਤਸਰ ਵਿਖੇ ਜਾਣ ਅਤੇ ਲੋਕਾਂ ਦਾ ਉਤਸ਼ਾਹ ਦੇਖਣ ਦਾ ਮੌਕਾ ਮਿਲਿਆ ਸੀ। ਇਸ ਹਾਦਸੇ ‘ਚ ਆਪਣੇ ਪਰਿਵਾਰ ਦੇ ਮੈਂਬਰ ਅਤੇ ਦੋਸਤਾਂ ਨੂੰ ਗੁਆਉਣ ਵਾਲੇ ਲੋਕਾਂ ਪ੍ਰਤੀ ਮੇਰੀ ਹਮਦਰਦੀ ਹੈ।” ਨਵੀਂ ਦਿੱਲੀ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਹਾਦਸੇ ‘ਤੇ ਦੁੱਖ ਪ੍ਰਗਟਾਇਆ। ਰੂਸ ਦੇ ਦੂਤਘਰ ਮੁਤਾਬਕ ਪੁਤਿਨ ਨੇ ਟਰੇਨ ਹਾਦਸੇ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਟਰੇਨ ਹਾਦਸੇ ਦੇ ਪੀੜਤ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟਾਇਆ। ਪੁਤਿਨ ਨੇ ਕਿਹਾ,”ਮੈਂ ਪੰਜਾਬ ‘ਚ ਵਾਪਰੇ ਰੇਲ ਹਾਦਸੇ ਦੀ ਖਬਰ ਸੁਣ ਕੇ ਬਹੁਤ ਦੁਖੀ ਹਾਂ।”

You must be logged in to post a comment Login