ਅੰਮ੍ਰਿਤਸਰ: ਨਿਰੰਕਾਰੀਆਂ ਦੇ ਡੇਰੇ ‘ਤੇ ਅੱਤਵਾਦੀ ਹਮਲਾ, 3 ਦੀ ਮੌਤ, 20 ਜ਼ਖਮੀ

ਅੰਮ੍ਰਿਤਸਰ: ਨਿਰੰਕਾਰੀਆਂ ਦੇ ਡੇਰੇ ‘ਤੇ ਅੱਤਵਾਦੀ ਹਮਲਾ, 3 ਦੀ ਮੌਤ, 20 ਜ਼ਖਮੀ

ਅੰਮ੍ਰਿਤਸਰ – ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਅਦਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਚ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਨਿਰੰਕਾਰੀ ਭਵਨ ‘ਚ ਸਤਿਸੰਗ ਦੌਰਾਨ ਦੋ ਨੌਜਵਾਨਾਂ ਨੇ ਗ੍ਰੇਨੇਡ ਬੰਬ ਸੁੱਟਿਆ ਧਮਾਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ‘ਚ 3 ਲੋਕਾਂ ਦੀ ਮੌਤ ਅਤੇ ਕਰੀਬ 20 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਬੰਬ ਧਮਾਕੇ ‘ਚ ਮਾਰੇ ਗਏ ਤਿੰਨ ਵਿਅਕਤੀਆਂ ‘ਚੋਂ ਇਕ ਵਿਅਕਤੀ ਮਹਾਪੁਰਸ਼ ਸੁਖਦੇਵ ਕੁਮਾਰ ਪ੍ਰਚਾਰਕ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਰਹੇ। ਮੌਕੇ ‘ਤੇ ਪਹੁੰਚੀ ਪੁਲਸ ਭਾਲ ‘ਚ ਲੱਗੀ ਹੋਈ ਹੈ ਅਤੇ ਪੰਜਾਬ ਭਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਇੰਝ ਦਿੱਤਾ ਵਾਰਦਾਤ ਨੂੰ ਅੰਜਾਮ : ਮੌਕੇ ‘ਤੇ ਮੌਜੂਦ ਲੋਕਾਂ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਨੌਜਵਾਨ ਪਲਸਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਕਤ ਸਥਾਨ ‘ਤੇ ਆਏ ਅਤੇ ਗੇਟ ਦੇ ਬਾਹਰ ਖੜ੍ਹੇ ਲੋਕਾਂ ਨੂੰ ਪਿਸਤੌਲ ਦੀ ਨੌਕ ‘ਤੇ ਲੈ ਕੇ ਅੰਦਰ ਦਾਖਲ ਹੋ ਗਏ। ਸਤਿਸੰਗ ਹਾਲ ‘ਚ ਪਹੁੰਚਦੇ ਹੀ ਦਰਵਾਜ਼ੇ ਨੇੜੇ ਖੜ੍ਹੇ ਹੋ ਕੇ ਗ੍ਰੇਨੇਡ ਸੁੱਟ ਦਿੱਤਾ। ਇਹ ਗ੍ਰੇਨੇਡ ਸਟੇਜ ‘ਤੇ ਨਾ ਡਿੱਗ ਕੇ ਜ਼ਮੀਨ ‘ਤੇ ਡਿੱਗ ਗਿਆ ਅਤੇ ਫਿਰ ਜ਼ੋਰਦਾਰ ਧਮਾਕਾ ਹੋ ਗਿਆ। ਇਸੇ ਦੌਰਾਨ ਉਥੇ ਹਫੜਾ-ਦਫੜਾ ਮਚ ਗਈ ਅਤੇ ਚੀਕ ਚਿਹਾੜਾ ਪੈ ਗਿਆ। ਇਸ ਤੋਂ ਬਾਅਦ ਉਕਤ ਸਥਾਨ ‘ਤੇ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਥਾਨ ‘ਤੇ ਗ੍ਰੇਨੇਡ ਧਮਾਕਾ ਹੋਇਆ ਹੈ, ਉਥੇ ਡੂੰਘਾ ਟੋਇਆ ਪਿਆ ਹੋਇਆ ਹੈ।
ਇਹ ਲੋਕ ਹੋਏ ਹਾਦਸੇ ਦੇ ਸ਼ਿਕਾਰ : ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰਾਜਾਸਾਂਸੀ, ਸੁਖਦੇਵ ਕੁਮਾਰ ਪੁੱਤਰ ਕੰਸਰਾਜ ਵਾਸੀ ਮੀਰਾਂਕੋਟ, ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਬੱਗਨਕਲਾਂ ਦੇ ਰੂਪ ‘ਚ ਹੋਈ ਹੈ। ਉਥੇ ਹੀ ਨਿੱਜੀ ਹਸਪਤਾਲ ‘ਚ ਭੇਜੇ ਗਏ ਜ਼ਖਮੀਆਂ ‘ਚ ਸਰਬਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਾਜਾਸਾਂਸੀ, ਅਵਤਾਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਰਾਜਾਸਾਂਸੀ, ਕਸ਼ਮੀਰ ਕੌਰ ਪੁੱਤਰ ਓਂਕਾਰ ਸਿੰਘ ਵਾਸੀ ਰਾਜਾਸਾਂਸੀ, ਗੁਰਪਿਆਰ ਸਿੰਘ ਪੁੱਤਰ ਓਂਕਾਰ ਸਿੰਘ ਵਾਸੀ ਰਾਜਾਸਾਂਸੀ, ਮਹਿਕਜੀਤ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਮੀਰਾਂਕੋਟ ਕਲਾਂ, ਸੁਖਵਿੰਦਰ ਕੌਰ ਪਤਨੀ ਜਸਬੀਰ ਸਿੰਘ ਵਾਸੀ ਧੌਲਕਲਾਂ, ਦਿਲਸ਼ੇਰ ਸਿੰਘ ਪੁੱਤਰ ਜਬੀਰ ਸਿੰਘ ਧੌਲਕਲਾਂ, ਸਤਿੰਦਰ ਕੁਮਾਰ ਪੁੱਤਰ ਕਰਨਲ ਕੁਮਾਰ ਵਾਸੀ ਅੰਮ੍ਰਿਤਸਰ, ਦੇਸਾ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਮੀਰਾਂਕੋਟ ਕਲਾਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਅਤੇ ਕੁਝ ਲੋਕ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ‘ਚ ਦਾਖਲ ਕਰਵਾਏ ਗਏ ਹਨ।

You must be logged in to post a comment Login