ਅੱਠ ਸਾਲ ਦੀ ਉਮਰ ‘ਚ ਤਮਗ਼ੇ ਜਿੱਤ ਰਿਹੈ ਨਿਸ਼ਾਨੇਬਾਜ਼ ਦਿਵਿਆਂਸ਼

ਅੱਠ ਸਾਲ ਦੀ ਉਮਰ ‘ਚ ਤਮਗ਼ੇ ਜਿੱਤ ਰਿਹੈ ਨਿਸ਼ਾਨੇਬਾਜ਼ ਦਿਵਿਆਂਸ਼

ਨਵੀਂ ਦਿੱਲੀ  : ਅੱਠ ਸਾਲ ਦੀ ਉਮਰ ‘ਚ ਜਦੋਂ ਹਮ-ਉਮਰ ਬੱਚੇ ਕਾਰਟੂਨ ਜਾਂ ਮੋਬਾਈਲ ਦੇਖਣ ‘ਚ ਮਸਰੂਫ਼ ਰਹਿਦੇ ਹਨ, ਪਿਥੌਰਗੜ੍ਹ ਦਾ ਦਿਵਿਆਂਸ਼ ਜੋਸ਼ੀ ਨਿਸ਼ਾਨੇਬਾਜ਼ ਰੇਂਜ ‘ਤੇ ਸਖ਼ਤ ਮਿਹਨਤ ਕਰਦਾ ਹੈ ਤਾਂਕਿ ਅਪਣੀ ਭੈਣ ਵਾਂਗੂ ਭਵਿਖ ਵਿਚ ਭਾਰਤ ਲਈ ਤਮਗ਼ੇ ਦੀ ਉਮੀਦ ਬਣ ਸਕੇ। ਭਾਰਤ ਦੇ ਸਰਹੱਦੀ ਪਿਥੌਰਗੜ੍ਹ ਜ਼ਿਲ੍ਹੇ ਵਿਚ ਚੌਥੀ ਜਮਾਤ ਦੇ ਵਿਦਿਆਰਥੀ ਦਿਵਿਆਂਸ਼ ਨੇ ਇੰਟਰ ਸਕੂਲ ਅਤੇ ਇੰਟਰ ਕਾਲਜ ਰਾਜ ਪਧਰੀ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ 50 ਮੀਟਰ ਰਾਈਫ਼ਲ ਪਰੋਨ ‘ਚ ਸੋਨ ਤਮਗ਼ਾ  ਜਿਤਿਆ।ਉਸ ਦੀ ਵੱਡੀ ਭੈਣ ਯਸ਼ਸਵੀ ਰਾਸ਼ਟਰੀ ਪੱਧਰ ਦੀ ਨਿਸ਼ਾਨੇਬਾਜ਼ ਹੈ ਅਤੇ ਹੁਣ ਤਕ ਕਈ ਰਾਸ਼ਟਰੀ ਅਤੇ ਸੂਬਾ ਪਧਰੀ ਟੂਰਨਾਮੈਂਟਾ ਵਿਚ ਚਾਰ ਸੋਨ ਤਮਗ਼ਿਆਂ ਸਮੇਤ 16 ਤਮਗ਼ੇ ਜਿੱਤ ਚੁੱਕੀ ਹੈ। ਅਪਣੇ ਪਿਤਾ ਦੇ ਮਾਰਗ ਦਰਸ਼ਨ ਵਿਚ ਨਿਸ਼ਾਨੇਬਾਜ਼ੀ ਦੇ ਗੁਰ ਸਿਖ ਰਹੇ ਦੋਵੇਂ ਭਾਈ-ਭੈਣ ਨੇ ਅਕਤੂਬਰ ਵਿਚ ਭੋਪਾਲ ਵਿਚ ਹੋਣ ਵਾਲੇ ਰਾਸ਼ਟਰੀ ਸਕੂਲ ਖੇਡਾਂ ਲਈ ਕੁਆਲੀਫ਼ਾਈ ਕਰ ਲਿਆ ਹੈ। ਯਸ਼ਸਵੀ ਨੇ 25 ਮੀਟਰ ਪਿਸਟਲ ‘ਚ ਸੋਨ ਤਮਗ਼ਾ ਅਤੇ 10 ਮੀਟਰ ਪਿਸਟਲ ‘ਚ ਕਾਂਸੀ ਦਾ ਤਮਗ਼ਾ ਜਿਤਿਆ। ਮਨੋਜ ਜੋਸ਼ੀ ਨੇ ਕਿਹਾ, ”ਪਿਛਲੇ ਇਕ ਸਾਲ ਤੋਂ ਦਿਵਿਆਂਸ਼ ਨੇ ਅਪਣੀ ਭੈਣ ਨੂੰ ਦੇਖ ਕੇ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ। ਲੋਕ ਹੈਰਾਨ ਹੋ ਜਾਂਦੇ ਸਨ ਕਿ ਨਿੱਕਾ ਜਿਹਾ ਲੜਕਾ ਰਾਈਫ਼ਲ ਕਿਵੇਂ ਚੁੱਕ ਲੈਂਦਾ ਹੈ। ਵੈਸੇ ਉਹ ਪਰੋਨ ਪੁਜ਼ੀਸ਼ਨ ‘ਚ ਖੇਡਦਾ ਹੈ ਪਰ ਹੁਣ ‘ਹੈਡ ਹੋਲਡ’ ਕਰਨ ਲੱਗਾ ਹੈ। ਉਸ ਨੇ 200 ‘ਚੋਂ 168 ਅੰਕ ਲੈ ਕੇ ਸੋਨਾ ਜਿਤਿਆ। ਪਿਸਟਲ ਕਿੰਗ ਜਸਪਾਲ ਰਾਣਾ ਨੂੰ ਅਪਣਾ ਆਦਰਸ਼ ਮੰਨਣ ਵਾਲੇ ਦਿਵਿਆਂਸ਼ ਦੇ ਰੋਜ਼ਾਨਾ ਅਭਿਆਸ ਬਾਰੇ ਉਨ੍ਹਾਂ ਕਿਹਾ,”ਵੈਸੇ ਤਾਂ ਅਸੀਂ ਘਰ ਵਿਚ ਵੀ ਇਕ ਰੇਂਜ ਬਣਾਈ ਹੋਈ ਹੈ ਪਰ ਫ਼ਾਇਰ ਆਰਮ ਰੇਂਜ ਅਲੱਗ ਹੈ ਜਿਥੇ ਕੁੱਲ 13 ਬੱਚੇ ਅਭਿਆਸ ਕਰਦੇ ਹਨ। ਦਿਵਿਆਂਸ਼ ਸਵੇਰੇ ਇਕ ਘੰਟਾ ਅਤੇ ਸ਼ਾਮ ਨੂੰ ਇਕ ਘੰਟਾ ਅਭਿਆਸ ਕਰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਦਿਵਿਆਂਸ਼ ਆਉਣ ਵਾਲੇ ਸਮੇਂ ‘ਚ ਭਾਰਤ ਲਈ ਉਲੰਪਿਕ ਸੋਨ ਤਮਗ਼ਾ ਜਿਤੇਗਾ।

You must be logged in to post a comment Login