ਆਖ਼ਰ ਕਦੋਂ ਸੰਭਾਲਣਗੇ ਨਵਜੋਤ ਸਿੱਧੂ ਬਿਜਲੀ ਮੰਤਰੀ ਦਾ ਅਹੁਦਾ?

ਆਖ਼ਰ ਕਦੋਂ ਸੰਭਾਲਣਗੇ ਨਵਜੋਤ ਸਿੱਧੂ ਬਿਜਲੀ ਮੰਤਰੀ ਦਾ ਅਹੁਦਾ?

ਚੰਡੀਗੜ੍ਹ : ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਵੀ ਬਿਜਲੀ ਮੰਤਰਾਲੇ ਦਾ ਆਪਣਾ ਨਵਾਂ ਅਹੁਦਾ ਨਹੀਂ ਸੰਭਾਲਿਆ। ਹੁਣ ਇਹ ਆਖਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੀ 15 ਜੂਨ ਸਨਿੱਚਰਵਾਰ ਨੂੰ ਹਾਈ ਕਮਾਂਡ ਨਾਲ ਮੁਲਾਕਾਤ ਕਰਨ ਲਈ ਦਿੱਲੀ ਜਾਣਾ ਹੈ ਤੇ ਜੇ ਸ੍ਰੀ ਸਿੱਧੂ ਨੇ ਮੰਤਰੀ ਵਜੋਂ ਅਹੁਦਾ ਸੰਭਾਲਣਾ ਵੀ ਹੋਇਆ, ਤਾਂ ਇਹ 16 ਜੂਨ ਨੂੰ ਸੰਭਵ ਹੋ ਸਕਦਾ ਹੈ। ਇਸ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਤੋਂ ਬਾਅਦ ਸ੍ਰੀ ਨਵਜੋਤ ਸਿੱਧੂ ਕੁਝ ਵਧੇਰੇ ਹੀ ਸ਼ਾਂਤ ਵਿਖਾਈ ਦੇ ਰਹੇ ਹਨ। ਅਜਿਹੇ ਹਾਲਾਤ ਵਿੱਚ ਸਿਆਸੀ ਗਲਿਆਰਿਆਂ ’ਚ ਬਹੁਤਿਆਂ ਨੂੰ ਇਹ ਚਿੰਤਾ ਲੱਗ ਗਈ ਹੈ ਕਿ ਆਖ਼ਰ ਕਾਂਗਰਸ ਹਾਈ–ਕਮਾਂਡ ਨੇ ਅਜਿਹਾ ਕੀ ਆਖ ਦਿੱਤਾ ਕਿ ਸ੍ਰੀ ਸਿੱਧੂ ਇੰਨੇ ਸ਼ਾਂਤ ਹੋ ਗਏ ਹਨ। ਪਹਿਲਾਂ ਉਨ੍ਹਾਂ ਬਾਰੇ ਆਖਿਆ ਜਾ ਰਿਹਾ ਸੀ ਕਿ ਸ਼ਾਇਦ ਉਹ ਸੋਮਵਾਰ ਨੂੰ ਅਹੁਦਾ ਸੰਭਾਲ ਲੈਣਗੇ ਪਰ ਅਜਿਹਾ ਕੁਝ ਨਹੀਂ ਵਾਪਰਿਆ। ਫਿਰ ਇਹੋ ਹਾਲਾਤ ਮੰਗਲਵਾਰ ਨੂੰ ਵੀ ਬਣੇ ਰਹੇ ਤੇ ਅੱਜ ਬੁੱਧਵਾਰ ਨੂੰ ਵੀ ਇਹ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਨੇ ਆਪਣਾ ਅਹੁਦਾ ਨਹੀਂ ਸੰਭਾਲਿਆ ਸੀ। ਉੱਧਰ ਅੱਜ ਰੋਪੜ ਸੰਸਦੀ ਹਲਕੇ ਤੋਂ ਕਾਂਗਰਸ ਦੇ ਐੱਮਪੀ ਸ੍ਰੀ ਮਨੀਸ਼ ਤਿਵਾੜੀ ਨੇ ਆਖ ਦਿੱਤਾ ਹੈ ਕਿ – ‘ਸਿੱਧੂ ਨੇ ਪਾਰਟੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਹੁਣ ਉਹ ਦਿੱਲੀ ਜਾਣ ਜਾਂ ਕੋਲਕਾਤਾ ਕੋਈ ਫ਼ਰਕ ਨਹੀਂ ਪੈਂਦਾ।’ ਹੁਣ ਅਜਿਹੇ ਸੁਆਲ ਵੀ ਉੱਠ ਰਹੇ ਹਨ ਕਿ ਕੀ ਸ੍ਰੀ ਸਿੱਧੂ ਹੁਣ ਬਿਜਲੀ ਮੰਤਰੀ ਵਜੋਂ ਹੀ ਅਹੁਦਾ ਸੰਭਾਲਣਗੇ ਜਾਂ ਉਨ੍ਹਾਂ ਨੂੰ ਕੋਈ ਹੋਰ ਉੱਚ ਅਹੁਦਾ ਦਿੱਤਾ ਜਾਵੇਗਾ। ਜੇ ਉਹ ਬਿਜਲੀ ਮੰਤਰੀ ਵਜੋਂ ਹੀ ਅਹੁਦਾ ਸੰਭਾਲਣਗੇ, ਤਾਂ ਕਦੋਂ?

You must be logged in to post a comment Login