ਆਰਬੀਆਈ ਵੱਲੋਂ ਪੰਜਾਬ ਸਰਕਾਰ ਦੇ ਖਾਤੇ ਸੀਲ

ਆਰਬੀਆਈ ਵੱਲੋਂ ਪੰਜਾਬ ਸਰਕਾਰ ਦੇ ਖਾਤੇ ਸੀਲ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੰਜਾਬ ਸਰਕਾਰ ਨੂੰ ਤਕੜਾ ਝਟਕਾ ਦਿੰਦਿਆਂ ਸਰਕਾਰ ਦੇ ਸਾਰੇ ਬੈਂਕ ਖਾਤੇ ਜਾਮ (ਸੀਲ) ਕਰ ਦਿੱਤੇ ਹਨ। ਮਾਲੀ ਵਰ੍ਹੇ ਦੇ ਖ਼ਤਮ ਹੋਣ ਤੋਂ ਦੋ ਦਿਨ ਪਹਿਲਾਂ ਆਰਬੀਆਈ ਦਾ ਇਹ ਫੈਸਲਾ ਰਾਜ ਸਰਕਾਰ ਲਈ ਵੱਡਾ ਸੰਕਟ ਖੜ੍ਹਾ ਕਰਨ ਵਾਲਾ ਹੈ। ਆਰਬੀਆਈ ਵੱਲੋਂ 29 ਮਾਰਚ ਨੂੰ ਜਾਰੀ ਪੱਤਰ ਨੰ. ਡੀਜੀਬੀਏਜੀਏਡੀ ਨੰਬਰ 2553/31.30.076/2016-17 ਰਾਹੀਂ ਸਮੂਹ ਬੈਂਕਾਂ ਨੂੰ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਬੈਂਕ ਖਾਤੇ ਤੁਰੰਤ ਸੀਲ ਕਰ ਕੇ ਰਕਮ ਕਢਵਾਉਣ ’ਤੇ ਰੋਕ ਲਗਾਈ ਜਾਵੇ।
ਗ਼ੌਰਤਲਬ ਹੈ ਕਿ ਰਾਜ ਸਰਕਾਰ ਲਈ 31 ਮਾਰਚ ਦਾ ਦਿਨ ਅਤਿ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਮਾਲੀ ਸਾਲ ਦੇ ਅੰਤਲੇ ਦਿਨ ਕਈ ਤਰ੍ਹਾਂ ਦੀਆਂ ਅਦਾਇਗੀਆਂ ਕਰਨੀਆਂ ਹੁੰਦੀਆਂ ਹਨ। ਰਾਜ ਦੇ ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਆਰਬੀਆਈ ਵੱਲੋਂ ਸਰਕਾਰ ਦੇ ਸਮੂਹ ਬੈਂਕ ਖਾਤੇ ਸੀਲ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਲੀ ਸੰਕਟ ਕਾਰਨ ਪਿਛਲੇ ਦੋ ਦਿਨਾਂ ਤੋਂ ਉਂਜ ਹੀ ਅਦਾਇਗੀਆਂ ’ਤੇ ਰੋਕ ਲਗਾ ਦਿੱਤੀ ਗਈ ਸੀ।
ਆਰਬੀਆਈ ਦੇ ਪੱਤਰ ਰਾਹੀਂ ਕਿਹਾ ਗਿਆ ਹੈ ਕਿ ਰਾਜ ਸਰਕਾਰ ਦੇ ਓਵਰਡਰਾਫ਼ਟ ’ਚ ਜਾਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਉਧਰ, ਆਰਬੀਆਈ ਦੇ ਇਸ ਫੈਸਲੇ ਨੂੰ ਰਾਜਸੀ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ ਹੈ, ਕਿਉਂਕਿ ਕੇਂਦਰ ਸਰਕਾਰ ਤੋਂ ਕਰਾਂ ਦੇ ਹਿੱਸੇ ਵਜੋਂ ਆਉਣ ਵਾਲੀ 1230 ਕਰੋੜ ਰੁਪਏ ਦੀ ਰਕਮ ਨਾ ਆਉਣ ਕਾਰਨ ਓਵਰਡਰਾਫਟ ਦੀ ਸਮੱਸਿਆ ਨਾਲ ਨਿਪਟਿਆ ਨਹੀਂ ਜਾ ਸਕਿਆ।
ਸੂਤਰਾਂ ਦਾ ਦੱਸਣਾ ਹੈ ਕਿ ਰਾਜ ਸਰਕਾਰ ਇਸ ਸਮੇਂ 1688 ਕਰੋੜ ਰੁਪਏ ਦੇ ਓਵਰਡਰਾਫ਼ਟ ਵਿੱਚ ਚੱਲ ਰਹੀ ਹੈ। ਆਰਬੀਆਈ ਨੇ ਪੰਜਾਬ ਸਰਕਾਰ ਦੀ ਓਵਰਡਰਾਫ਼ਟ ਲਿਮਿਟ 925 ਕਰੋੜ ਰੁਪਏ ਮਿੱਥੀ ਹੋਈ ਹੈ। ਇਸ ਤਰ੍ਹਾਂ ਆਰਬੀਆਈ ਵੱਲੋਂ ਮਿੱਥੀ ਹੋਈ ਲਿਮਿਟ ਨਾਲੋਂ 753 ਕਰੋੜ ਰੁਪਏ ਜ਼ਿਆਦਾ ਦਾ ਖ਼ਰਚ ਕਰ ਲਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਰਕਾਰੀ ਖ਼ਜ਼ਾਨੇ ਵਿੱਚ ਕਿਸੇ ਪਾਸਿਓਂ ਵੀ ਮਾਲੀਆ ਨਹੀਂ ਆਇਆ। ਪੰਜਾਬ ਸਰਕਾਰ ਨੂੰ ਉਮੀਦ ਸੀ ਕਿ 27 ਮਾਰਚ ਨੂੰ ਕੇਂਦਰ ਸਰਕਾਰ ਤੋਂ 1230 ਕਰੋੜ ਰੁਪਏ ਕੇਂਦਰੀ ਕਰਾਂ ’ਚੋਂ ਮਿਲਣ ਵਾਲੇ ਹਿੱਸੇ ਵਜੋਂ ਮਿਲ ਜਾਣੇ ਹਨ। ਕੇਂਦਰ ਸਰਕਾਰ ਵੱਲੋਂ ਇਹ ਰਕਮ ਹਾਲੇ ਤੱਕ ਦਿੱਤੀ ਹੀ ਨਹੀਂ ਗਈ। ਵਿੱਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 31 ਮਾਰਚ ਦੀ ਸ਼ਾਮ ਤੱਕ ਕੇਂਦਰ ਤੋਂ ਪੈਸੇ ਜਾਰੀ ਹੋਣ ਦੀ ਉਮੀਦ ਹੈ।
ਉਧਰ ਰਾਜਸੀ ਹਲਕਿਆਂ ਵਿੱਚ ਇਹ ਵੀ ਚਰਚਾ ਭਾਰੂ ਹੈ ਕਿ ਕੇਂਦਰ ਸਰਕਾਰ ਨੇ ਰਾਜ ਦੀ ਕਾਂਗਰਸ ਸਰਕਾਰ ਨੂੰ ਨਮੋਸ਼ੀ ’ਚ ਧੱਕਣ ਲਈ 1230 ਕਰੋੜ ਰੁਪਏ ਜਾਰੀ ਕਰਨ ਵਿੱਚ ਦੇਰੀ ਕਰ ਦਿੱਤੀ। ਪੰਜਾਬ ਸਰਕਾਰ ਨੂੰ ਕਣਕ ਦੀ ਖ਼ਰੀਦ ਲਈ ਕੈਸ਼ ਕ੍ਰੈਡਿਟ ਲਿਮਿਟ ਵੀ ਹਾਲੇ ਤੱਕ ਜਾਰੀ ਨਹੀਂ ਹੋਈ। ਕੇਂਦਰ ਤੇ ਰਾਜ ਸਰਕਾਰ ਦਰਮਿਆਨ ਇਸ ਮੁੱਦੇ ’ਤੇ ਟਕਰਾਅ ਵੀ ਵਧ ਸਕਦਾ ਹੈ। ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਰਾਜ ਸਰਕਾਰ ਦੀ ਖ਼ਸਤਾ ਵਿੱਤੀ ਹਾਲ ਬਿਆਨਦਿਆਂ ਦੱਸਿਆ ਕਿ ਬੀਤ ਰਹੇ ਮਾਲੀ ਸਾਲ ਦੌਰਾਨ 165 ਦਿਨਾਂ ਵਿੱਚੋਂ 330 ਦਿਨ ਅਜਿਹੇ ਸਨ ਜਦੋਂ ਸਰਕਾਰੀ ਖ਼ਜ਼ਾਨੇ ਵਿੱਚ ਸਿਫ਼ਰ ਜਾਂ ਸਿਫ਼ਰ ਨਾਲੋਂ ਵੀ ਘੱਟ ਪੈਸੇ ਸਨ ਤੇ ਮਹਿਜ਼ ਆਈ-ਚਲਾਈ ਹੀ ਚੱਲ ਰਹੀ ਸੀ। ਆਰਬੀਆਈ ਦੇ ਫੈਸਲੇ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਕੈਪਟਨ ਸਰਕਾਰ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਵਿੱਚ ਵਧ ਸਕਦੀਆਂ ਹਨ ਜਦਕਿ ਸੱਤਾ ਹਥਿਆਉਣ ਲਈ ਕਾਂਗਰਸ ਨੇ ਲੋਕਾਂ ਮੂਹਰੇ ਵਾਅਦਿਆਂ ਦੀ ਝੜੀ ਲਾਈ ਸੀ।
ਦਵਿੰਦਰ ਪਾਲ

You must be logged in to post a comment Login