ਆਸਟਰੀਆ ਵਿਚ ਸਿੱਖ ਦੀ ਦਸਤਾਰ ਬਾਰੇ ਕੀਤਾ ਕੋਝਾ ਮਜ਼ਾਕ

ਆਸਟਰੀਆ ਵਿਚ ਸਿੱਖ ਦੀ ਦਸਤਾਰ ਬਾਰੇ ਕੀਤਾ ਕੋਝਾ ਮਜ਼ਾਕ

ਲੰਡਨ : ਆਸਟਰੀਆ ਦੀ ਰਾਜਧਾਨੀ ਵੀਆਨਾ ਦੇ ਹਵਾਈ ਅੱਡੇ ‘ਤੇ ਇਕ ਸਿੱਖ ਦੀ ਦਸਤਾਰ ‘ਤੇ ਕੋਝਾ ਮਜ਼ਾਕ ਕੀਤਾ ਗਿਆ ਹੈ ਜਿਸ ਦੀ ਸਖ਼ਤ ਨਿਖੇਧੀ ਹੋ ਰਹੀ ਹੈ। ਇਹ ਮਜ਼ਾਕ ਹੋਰ ਕਿਸੇ ਨੇ ਨਹੀਂ, ਸਗੋਂ ਹਵਾਈ ਅੱਡੇ ਦੀ ਹੀ ਇਕ ਮਹਿਲਾ ਅਧਿਕਾਰੀ ਨੇ ਕੀਤਾ ਦਸਿਆ ਜਾਂਦਾ ਹੈ। ‘ਖ਼ਾਲਸਾ ਏਡ’ ਨਾਲ ਜੁੜੇ ਸਮਾਜ ਸੇਵਕ ਰਵੀ ਸਿੰਘ ਹੁਣ ਇਸ ਮਾਮਲੇ ‘ਤੇ ਕਾਫ਼ੀ ਅਪਮਾਨਤ ਮਹਿਸੂਸ ਕਰ ਰਹੇ ਹਨ। ‘ਮੈਟਰੋ’ ਦੀ ਰੀਪੋਰਟ ਮੁਤਾਬਕ ਰਵੀ ਸਿੰਘ ਉਨ੍ਹਾਂ ਯਜ਼ਿਦੀ ਔਰਤਾਂ ਦੀ ਮਦਦ ਕਰਨ ਤੋਂ ਬਾਅਦ ਇੰਗਲੈਂਡ ਪਰਤ ਰਹੇ ਸਨ, ਜਿਨ੍ਹਾਂ ਨੂੰ ਇਰਾਕ ਵਿਚ ਅਤਿਵਾਦੀ ਜਥੇਬੰਦੀ ‘ਇਸਲਾਮਿਕ ਸਟੇਟ’ ਨੇ ਗ਼ੁਲਾਮ ਬਣਾ ਕੇ ਰਖਿਆ ਹੋਇਆ ਸੀ। ਰਵੀ ਸਿੰਘ ਸ਼ੁਕਰਵਾਰ ਨੂੰ ਜਦੋਂ ਵੀਆਨਾ ਹਵਾਈ ਅੱਡੇ ‘ਤੇ ਦੂਜੀ ਉਡਾਣ ਫੜਨ ਲਈ ਉਤਰੇ, ਤਾਂ ਉਥੋਂ ਦੇ ਸੁਰੱਖਿਆ ਅਮਲੇ ਨੇ ਪਹਿਲਾਂ ਉਨ੍ਹਾਂ ਦੀ ਦਸਤਾਰ ‘ਤੇ ਮੈਟਲ ਡਿਟੈਕਟਰ (ਜਾਂਚ ਦਾ ਯੰਤਰ) ਘੁਮਾਇਆ। ਪਰ ਅਮਲੇ ਦੀ ਇਕ ਮਹਿਲਾ ਸਟਾਫ਼ ਮੈਂਬਰ ਨੇ ਜ਼ੋਰ ਦਿਤਾ ਕਿ ਇਸ ਦਸਤਾਰ ਦੀ ਹੋਰ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਤਦ ਉਸ ਸੁਰੱਖਿਆ ਅਧਿਕਾਰੀ ਨੇ ਰਵੀ ਸਿੰਘ ਦੀ ਖ਼ਾਸ ਤਲਾਸ਼ੀ ਲਈ। ਇਕ ਸੱਚੇ ਸਮਾਜ–ਸੇਵਕ ਕੋਲੋਂ ਕੀ ਮਿਲ ਸਕਦਾ ਸੀ ਪਰ ਉਸ ਅਧਿਕਾਰੀ ਨੇ ਹਵਾਈ ਅੱਡੇ ‘ਤੇ ਇਹ ਰੌਲਾ ਪਾ ਦਿਤਾ ਕਿ ਰਵੀ ਸਿੰਘ ਦੀ ਦਸਤਾਰ ਵਿਚੋਂ ਬੰਬ ਮਿਲਿਆ ਹੈ। ਤਦ ਮਜ਼ਾਕ ਕਰਨ ਵਾਲੀ ਉਹ ਸੁਰੱਖਿਆ ਅਧਿਕਾਰੀ ਖ਼ੁਸ਼ੀ ਨਾਲ ਮੁਸਕਰਾਉਂਦੀ ਵੇਖੀ ਗਈ। ਰਵੀ ਸਿੰਘ ਨੇ ਤਦ ਉਥੇ ਹੀ ਸਟੈਂਡ ਲੈ ਲਿਆ ਕਿ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਉਨ੍ਹਾਂ ਦਲੀਲ ਰੱਖੀ ਕਿ, ”ਜੇ ਮੈਂ ਕਿਤੇ ਅਜਿਹੀ ਟਿਪਣੀ ਕੀਤੀ ਹੁੰਦੀ, ਤਾਂ ਤੁਸੀਂ ਮੈਨੂੰ ਜੇਲੀਂ ਡੱਕ ਦੇਣਾ ਸੀ। ਇਸ ਲਈ ਇਸ ਸੁਰੱਖਿਆ ਅਧਿਕਾਰੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।” ਪਰ ਉਸ ਮਹਿਲਾ ਅਧਿਕਾਰੀ ਨੇ ਮਾਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿਤਾ। ਵਰਨਣਯੋਗ ਹੈ ਕਿ ਰਵੀ ਸਿੰਘ ਨੂੰ ਯਜ਼ਿਦੀ ਔਰਤਾਂ ਦੀ ਮਦਦ ਲਈ ਅੱਜਕਲ ਵਾਰ–ਵਾਰ ਇਰਾਕ ਜਾਣਾ ਪੈ ਰਿਹਾ ਹੈ। ਉਹ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਦੋ ਵਾਰ ਇਰਾਕ ਜਾ ਆਏ ਹਨ।

You must be logged in to post a comment Login