ਆਸਟ੍ਰੇਲੀਆਈ ਪ੍ਰਸਾਰਣਕਰਤਾ ਦੀ ਵੈਬਸਾਈਟ ‘ਤੇ ਚੀਨ ਨੇ ਲਗਾਈ ਰੋਕ

ਆਸਟ੍ਰੇਲੀਆਈ ਪ੍ਰਸਾਰਣਕਰਤਾ ਦੀ ਵੈਬਸਾਈਟ ‘ਤੇ ਚੀਨ ਨੇ ਲਗਾਈ ਰੋਕ

ਸਿਡਨੀ- ਚੀਨ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਪ੍ਰਸਾਰਣਕਰਤਾ ਦੀ ਵੈਬਸਾਈਟ ਤੱਕ ਪਹੁੰਚ ‘ਤੇ ਰੋਕ ਲਗਾ ਦਿੱਤੀ ਹੈ। ਆਸਟ੍ਰੇਲੀਆ ਦੀ ਰਾਸ਼ਟਰੀ ਪ੍ਰਸਾਰਣਕਰਤਾ ਏਜੰਸੀ ਨੇ ਸੋਮਵਾਰ ਨੂੰ ਦੱਸਿਆ ਕਿ ਚੀਨ ਨੇ ਉਸ ਦੀ ਵੈਬਸਾਈਟ ਤੱਕ ਪਹੁੰਚ ‘ਤੇ ਇਹ ਰੋਕ ਬੀਜਿੰਗ ਦੇ ਇੰਟਰਨੈੱਟ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਲਗਾਈ ਗਈ ਹੈ। ਆਸਟ੍ਰੇਲੀਅਨ ਪ੍ਰਸਾਰਣ ਨਿਗਮ ਨੇ 1 ਸਾਲ ਪਹਿਲਾਂ ਹੀ ਚੀਨੀ ਭਾਸ਼ਾ ਸੇਵਾ ਸ਼ੁਰੂ ਕੀਤੀ ਸੀ। ਏਜੰਸੀ ਨੇ ਕਿਹਾ ਕਿ ਉਸ ਦੀ ਵੈਬਸਾਈਟ ਅਤੇ ਐਪ ਤੱਕ ਪਹੁੰਚ ‘ਤੇ ਇਹ ਰੋਕ ਬੀਤੀ 22 ਅਗਸਤ ਨੂੰ ਲਗਾਈ ਗਈ ਅਤੇ ਇਸ ਮਗਰੋਂ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਜਿਹਾ ਕਿਉਂ ਕੀਤਾ ਗਿਆ। ਸਪੱਸ਼ਟੀਕਰਨ ਲਈ ਬਾਰ-ਬਾਰ ਕੀਤੀ ਗਈ ਅਪੀਲ ਦੇ ਬਾਅਦ ਚੀਨ ਦੇ ‘ਆਫਿਸ ਆਫ ਸੈਂਟਰਲ ਸਾਈਬਰਸਪੇਸ ਅਫੇਅਰਸ ਕਮਿਸ਼ਨ’ ਨੇ ਪ੍ਰਸਾਰਣਕਰਤਾ ਨੂੰ ਇਕ ਬਿਆਨ ਜਾਰੀ ਕੀਤਾ। ਏਜੰਸੀ ਮੁਤਾਬਕ ਉਕਤ ਅਧਿਕਾਰੀ ਨੇ ਆਪਣਾ ਨਾਮ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ,”ਅਸੀਂ ਪੂਰੀ ਦੁਨੀਆ ਤੋਂ ਇੰਟਰਨੈੱਟ ਉਦਯੋਗਾਂ ਦਾ ਸਵਾਗਤ ਕਰਦੇ ਹਾਂ ਕਿ ਉਹ ਚੀਨ ਦੇ ਨਾਗਰਿਕਾਂ ਨੂੰ ਚੰਗੀ ਸੂਚਨਾ ਮੁਹੱਈਆ ਕਰਵਾਉਣ।” ਅਧਿਕਾਰੀ ਨੇ ਕਿਹਾ,”ਭਾਵੇਂ ਚੀਨ ਦੇ ਨਿਯਮ ਅਤੇ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੀਆਂ ਕੁਝ ਵਿਦੇਸ਼ੀ ਵੈਬਸਾਈਟਾਂ ਤੋਂ ਦੇਸ਼ ਦੇ ਸਾਈਬਰ ਪ੍ਰਭੁੱਸਤਾ ਅਧਿਕਾਰ ਨੂੰ ਬਚਾ ਕੇ ਰੱਖਿਆ ਜਾਵੇਗਾ।” ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਵੈਬਸਾਈਟਾਂ ਵਿਚ ਅਫਵਾਹ, ਪੋਰਨ ਸਮੱਗਰੀ, ਜੂਆ ਹਿੰਸਕ ਅੱਤਵਾਦ ਅਤੇ ਕੁਝ ਗੈਰ ਕਾਨੂੰਨੀ ਹਾਨੀਕਾਰਕ ਸੂਚਨਾ ਫੈਲਾਉਣ ਵਾਲੀਆਂ ਵੈਬਸਾਈਟਾਂ ਸ਼ਾਮਲ ਹਨ, ਜਿਸ ਨਾਲ ਦੇਸ਼ ਦੀ ਸੁਰੱਖਿਆ ਅਤੇ ਦੇਸ਼ ਦਾ ਮਾਣ ਖਤਰੇ ਵਿਚ ਪੈ ਸਕਦਾ ਹੈ। ਏਜੰਸੀ ਨੇ ਕਿਹਾ ਕਿ ਉਸ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਸ ਨੇ ਕਿਸ ਕਾਨੂੰਨ ਦੀ ਉਲੰਘਣਾ ਕੀਤੀ ਹੈ ਜਾਂ ਕਿਸ ਸਮੱਗਰੀ ਕਾਰਨ ਇਹ ਪਾਬੰਦੀ ਲਗਾਈ ਗਈ ਹੈ।

You must be logged in to post a comment Login