ਆਸਟ੍ਰੇਲੀਆ ‘ਚ ਇਸ ਪੰਜਾਬੀ ਦੀ ਈਮਾਨਦਾਰੀ ਦੇ ਹੋ ਰਹੇ ਨੇ ਚਰਚੇ, ਗੋਰੇ ਨੇ ਬੰਨ੍ਹੇ ਸਿਫਤਾਂ ਦੇ ਪੁਲ

ਆਸਟ੍ਰੇਲੀਆ ‘ਚ ਇਸ ਪੰਜਾਬੀ ਦੀ ਈਮਾਨਦਾਰੀ ਦੇ ਹੋ ਰਹੇ ਨੇ ਚਰਚੇ, ਗੋਰੇ ਨੇ ਬੰਨ੍ਹੇ ਸਿਫਤਾਂ ਦੇ ਪੁਲ

ਪਰਥ – ਆਸਟ੍ਰੇਲੀਆ ‘ਚ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰਾ ਰਹਿੰਦਾ ਹੈ। ਇੱਥੇ ਰਹਿੰਦੇ ਭਾਰਤੀ ਕਈ ਅਜਿਹੇ ਕੰਮ ਕਰਦੇ ਹਨ, ਜੋ ਸ਼ਲਾਘਾਯੋਗ ਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਦੀ ਸਿਫਤ ਵੀ ਕੀਤੀ ਜਾਂਦੀ ਹੈ। ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਪਰਥ ‘ਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ, ਜਿੱਥੇ ਪੰਜਾਬੀ ਟੈਕਸੀ ਡਰਾਈਵਰ ਦੀ ਈਮਾਨਦਾਰੀ ਕਾਰਨ ਸਿਫਤਾਂ ਦੇ ਪੁਲ ਬੰਨ੍ਹੇ ਜਾ ਰਹੇ ਹਨ। ਇਸ ਟੈਕਸੀ ਡਰਾਈਵਰ ਦਾ ਨਾਂ ਬਲਵੰਤ ਸਿੰਘ ਢਿੱਲੋਂ ਹੈ । ਬਲਵੰਤ ਸਿੰਘ ਨੇ ਈਮਾਨਦਾਰੀ ਦਿਖਾਉਂਦੇ ਹੋਏ 25,000 ਡਾਲਰ ਦੀ ਹੀਰੇ ਦੀ ਅੰਗੂਠੀ ਉਸ ਦੇ ਮਾਲਕ ਤਕ ਪਹੁੰਚਾਈ । ਬਲਵੰਤ ਸਿੰਘ ਇੱਥੇ ਸਵੈਨ ਟੈਕਸੀ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਪਰਥ ਵਿਚ ਬੀਤੇ ਵੀਰਵਾਰ ਨੂੰ ਥਾਮਸ ਕਾਲਟਨ ਨਾਂ ਦੇ ਗੋਰੇ ਵਿਅਕਤੀ ਨੇ ਸ਼ਾਮ 5 ਵਜੇ ਦੇ ਕਰੀਬ ਉਸ ਦੀ ਟੈਕਸੀ ਕਿਰਾਏ ਲਈ ਬੁੱਕ ਕੀਤੀ ਸੀ ਅਤੇ ਥੋੜ੍ਹੀ ਦੂਰ ਜਾਣ ਮਗਰੋਂ ਉਹ ਟੈਕਸੀ ‘ਚੋਂ ਉਤਰ ਗਿਆ ਪਰ ਉਹ ਵਿਆਹ ਵਾਲੀ ਅੰਗੂਠੀ ਟੈਕਸੀ ‘ਚ ਭੁੱਲ ਗਿਆ ਸੀ। ਉਸ ਨੂੰ ਯਾਦ ਨਹੀਂ ਆ ਰਿਹਾ ਸੀ ਕਿ ਉਸ ਦੀ ਅੰਗੂਠੀ ਕਿੱਥੇ ਗੁਆਚੀ ਹੈ। ਉਸ ਨੇ ਅੰਗੂਠੀ ਦੀ ਖੋਜ ਲਈ ਹਰ ਥਾਂ ਦੇਖਿਆ। ਇਸ ਦਰਮਿਆਨ ਉਸ ਨੇ ਟੈਕਸੀ ਕੰਪਨੀ ਨਾਲ ਸੰਪਰਕ ਕਾਇਮ ਕੀਤਾ। ਸਵੈਨ ਟੈਕਸੀ ਕੰਪਨੀ ਨੇ ਦੂਜੇ ਦਿਨ ਸਵੇਰ ਹੁੰਦੇ ਸਾਰ ਆਪਣੇ ਸਾਰੇ ਹੀ ਡਰਾਈਵਰਾਂ ਨੂੰ ਸਾਂਝਾ ਸੰਦੇਸ਼ ਭੇਜਿਆ, ਜਿਸ ‘ਚ ਅੰਗੂਠੀ ਦੇ ਗੁੰਮ ਹੋਣ ਬਾਰੇ ਦੱਸਿਆ ਗਿਆ । ਓਧਰ ਬਲਵੰਤ ਨੇ ਇਸ ਸੰਦੇਸ਼ ਵਿਚ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਦੇਖਿਆ ਕਿ ਇਹ ਤਾਂ ਉਹ ਹੀ ਸਵਾਰੀ ਹੈ, ਜਿਸ ਨੇ ਉਸ ਦੀ ਟੈਕਸੀ ਬੁੱਕ ਕੀਤੀ ਸੀ। ਇਸ ਤੋਂ ਬਾਅਦ ਜਦੋਂ ਬਲਵੰਤ ਨੇ ਆਪਣੀ ਟੈਕਸੀ ਚੈੱਕ ਕੀਤੀ ਤਾਂ ਗੁੰਮ ਹੋਈ ਅੰਗੂਠੀ ਲੱਭ ਗਈ। ਉਸ ਨੇ ਤੁਰੰਤ ਆਪਣੇ ਦਫਤਰ ‘ਚ ਇਸ ਦੀ ਜਾਣਕਾਰੀ ਦਿੱਤੀ ਅਤੇ ਇਸ ਕੀਮਤੀ ਅੰਗੂਠੀ ਨੂੰ ਉਸ ਦੇ ਮਾਲਕ ਥਾਮਸ ਕਾਲਟਨ ਤਕ ਪਹੁੰਚਾਇਆ। ਐਡੀਲੇਡ ਸ਼ਹਿਰ ਦੇ ਵਸਨੀਕ ਥਾਮਸ ਨੇ ਬਲਵੰਤ ਸਿੰਘ ਢਿੱਲੋਂ ਦੀ ਈਮਾਨਦਾਰੀ ਦੀ ਸਿਫਤ ਕੀਤੀ। ਬਲਵੰਤ ਨੇ ਕਿਹਾ, ”ਮੈਂ ਖੁਸ਼ ਹਾਂ ਕਿ ਇਹ ਮੇਰੀ ਕਾਰ ਸੀ। ਮੈਂ ਬਸ ਆਪਣਾ ਕੰਮ ਕੀਤਾ ਹੈ, ਜੋ ਕਿ ਮੇਰੀ ਜ਼ਿੰੰਮੇਵਾਰੀ ਸੀ । ਇਸ ‘ਤੇ ਮੇਰਾ ਹੱਕ ਨਹੀਂ ਸੀ । ਉਸ ਨੇ ਦੱਸਿਆ ਕਿ ਉਹ ਪਾਰਟ ਟਾਈਮ ਸਵੈਨ ਟੈਕਸੀ ਸਰਵਿਸ ‘ਚ ਕੰਮ ਕਰਦਾ ਹੈ । ਉਹ ਇਹ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹੈ ਕਿ ਕਿਸੇ ਗਾਹਕ ਦੀ ਕੀਮਤੀ ਚੀਜ਼ ਉਸ ਨੂੰ ਵਾਪਸ ਮਿਲ ਗਈ।

You must be logged in to post a comment Login