ਆਸਟ੍ਰੇਲੀਆ ‘ਚ ਔਰਤਾਂ ਨੇ ਜਿੱਤੀ 18 ਸਾਲ ਦੀ ਲੰਬੀ ਲੜਾਈ, ਹੁਣ ਨਹੀਂ ਦੇਣਾ ਪਵੇਗਾ ਇਹ ਟੈਕਸ

ਆਸਟ੍ਰੇਲੀਆ ‘ਚ ਔਰਤਾਂ ਨੇ ਜਿੱਤੀ 18 ਸਾਲ ਦੀ ਲੰਬੀ ਲੜਾਈ, ਹੁਣ ਨਹੀਂ ਦੇਣਾ ਪਵੇਗਾ ਇਹ ਟੈਕਸ

ਸਿਡਨੀ – ਔਰਤਾਂ ਆਪਣੇ ਹੱਕ ਲਈ ਜ਼ਰੂਰ ਲੜਦੀਆਂ ਹਨ, ਭਾਵੇਂ ਉਹ ਦੁਨੀਆ ਦਾ ਕੋਈ ਵੀ ਦੇਸ਼ ਕਿਉਂ ਨਾ ਹੋਵੇ। ਆਸਟ੍ਰੇਲੀਆ ਵਿਚ ਔਰਤਾਂ ਦੇ ਸਮੂਹ ਨੇ ਲੰਬੀ ਲੜਾਈ ਲੜੀ ਅਤੇ ਆਖਰਕਾਰ ਉਨ੍ਹਾਂ ਨੂੰ ਸਫਲਤਾ ਮਿਲ ਗਈ। ਆਸਟ੍ਰੇਲੀਆ ਨੇ ਇਕ ਅਜਿਹੇ ਵਿਵਾਦਪੂਰਨ ਟੈਕਸ ਨੂੰ ਹਟਾ ਦਿੱਤਾ, ਜਿਸ ਲਈ ਔਰਤਾਂ ਦੇ ਸਮੂਹ ਨੇ ਕਈ ਸਾਲ ਤਕ ਲੰਬੀ ਮੁਹਿੰਮ ਛੇੜ ਰੱਖੀ ਸੀ। ਦਰਅਸਲ ਸਾਲ 2000 ‘ਚ ਟੈਮਪਨ ਟੈਕਸ, ਸੈਨੇਟਰੀ ਪੈਡਸ ‘ਤੇ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਾਇਆ ਗਿਆ। ਮੌਜੂਦਾ ਸਮੇਂ ਵਿਚ ਸੈਨੇਟਰੀ ਪੈਡ ਨੂੰ 10 ਫੀਸਦੀ ਟੈਕਸ ਨਾਲ ਵੇਚਿਆ ਜਾਂਦਾ ਸੀ। ਔਰਤਾਂ ਦੇ ਸਮੂਹ ਵਲੋਂ ਸਾਲਾਂ ਤੋਂ ਪ੍ਰਚਾਰ ਮਗਰੋਂ ਹੁਣ ਇਸ ਟੈਕਸ ਨੂੰ ਹਟਾ ਦਿੱਤਾ ਗਿਆ ਹੈ। ਸੰਘੀ ਮੰਤਰੀ ਕੇਲੀ ਓ ਡਾਇਰ ਨੇ ਕਿਹਾ ਕਿ ਇਸ ਟੈਕਸ ਨੂੰ ਹਟਾ ਲਏ ਜਾਣ ਤੋਂ ਬਾਅਦ ਆਸਟ੍ਰੇਲੀਆ ‘ਚ ਰਹਿੰਦੀਆਂ ਲੱਖਾਂ ਔਰਤਾਂ ਨੂੰ ਫਾਇਦਾ ਹੋਵੇਗਾ। ਗ੍ਰੀਨ ਪਾਰਟੀ ਦੀ ਸੈਨੇਟਰ ਜੇਨਟ ਰਾਈਸ ਨੇ ਕਿਹਾ ਕਿ ਤਕਰੀਬਨ 18 ਸਾਲ ਲੜੀ ਲੰਬੀ ਲੜਾਈ ਮਗਰੋਂ ਇਹ ਦਿਨ ਆਇਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਲਈ ਇਹ ਜਸ਼ਨ ਦਾ ਦਿਨ ਹੈ। ਸੰਘੀ ਅਤੇ ਸਟੇਟ ਦੀਆਂ ਸਰਕਾਰਾਂ ਬੁੱਧਵਾਰ ਨੂੰ ਇਸ ‘ਤੇ ਸਹਿਮਤ ਹੋਈਆਂ ਕਿ ਇਸ ਟੈਕਸ ਨੂੰ ਹਟਾਇਆ ਜਾਂਦਾ ਹੈ। ਮੰਤਰੀ ਕੇਲੀ ਨੇ ਕਿਹਾ ਕਿ ਇਹ ਗੈਰ-ਜ਼ਰੂਰੀ ਟੈਕਸ ਸੀ, ਜੋ ਕਿ ਹਰ ਕੋਈ ਹਟਾਉਣ ਦੇ ਪੱਖ ਵਿਚ ਸੀ। ਇਸ ਟੈਕਸ ਨੂੰ ਹਟਾ ਲਏ ਜਾਣ ਤੋਂ ਬਾਅਦ ਲੱਖਾਂ ਔਰਤਾਂ ਨੇ ਕਿਹਾ ਕਿ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ। ਓਧਰ ਪ੍ਰਧਾਨ ਮੰਤਰੀ ਸਕੋਟ ਮੌਰੀਸਨ ਨੇ ਪਹਿਲਾਂ ਹੀ ਕਿਹਾ ਸੀ ਕਿ ਸੈਨੇਟਰੀ ਉਤਪਾਦਾਂ ਨੂੰ ਜੀ. ਐੱਸ. ਟੀ. ‘ਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਸੀ।

You must be logged in to post a comment Login