ਆਸਟ੍ਰੇਲੀਆ ‘ਚ ‘ਹਾਸ਼ਮੀ ਸੁਰਮਾ’ ਵਰਤਣ ਤੇ ਲੱਗੀ ਪਾਬੰਦੀ

ਸਿਡਨੀ- ਸੁਰਮਾ ਸਾਡੇ ਸੱਭਿਆਚਾਰ ਦਾ ਇਕ ਅਨਿੱਖੜਵਾਂ ਅੰਗ ਰਿਹਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਅਤੇ ਪਾਕਿਸਤਾਨ ‘ਚ ਅਜੇ ਵੀ ਸੁਰਮਾ ਔਰਤਾਂ ਦੇ ਹਾਰ-ਸ਼ਿੰਗਾਰ ਅਤੇ ਬੱਚਿਆਂ ਦੇ ਅੱਖਾਂ ਵਿਚ ਪਾਉਣ ਦੇ ਕੰਮ ਆਉਂਦਾ ਹੈ ਪਰ ਆਸਟ੍ਰੇਲੀਆ ਦੇ ਭਾਰਤੀ ਸਟੋਰਾਂ ‘ਤੇ ਵਿਕਣ ਵਾਲੇ ‘ਹਾਸ਼ਮੀ ਸੁਰਮੇ’ ਦੇ ਕਾਰਨ ਕਈ ਬੱਚਿਆਂ ਦੀਆਂ ਅੱਖਾਂ ਖਰਾਬ ਹੋ ਰਹੀਆਂ ਹਨ। ਆਸਟ੍ਰੇਲੀਅਨ ਸਰਕਾਰ ਨੇ ਸਿਹਤ ਸੰਬੰਧੀ ਚਿਤਾਵਨੀ ਜਾਰੀ ਕਰਦੇ ਹੋਏ ਦੱਸਿਆ ਕਿ ਹਾਸ਼ਮੀ ਸੁਰਮਾ ਅੱਖਾਂ ‘ਚ ਪਾਉਣ ਨਾਲ ਤਿੰਨ ਬੱਚੇ ਬੀਮਾਰ ਹੋ ਗਏ।
ਸਿਹਤ ਅਥਾਰਟੀ ਨੇ ਨਿਰਦੇਸ਼ ਜਾਰੀ ਕਰਕੇ ਲੋਕਾਂ ਨੂੰ ਇਸ ਸੁਰਮੇ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ। ਸੁਰਮੇ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਹਾਸ਼ਮੀ ਸੁਰਮੇ ਵਿਚ ਲੈਡ (ਸਿੱਕਾ) ਦੀ ਮਾਤਰਾ ਬਹੁਤ ਜ਼ਿਆਦਾ ਹੈ, ਜੋ ਕਿ ਬੱਚਿਆਂ ਦੀਆਂ ਅੱਖਾਂ ਲਈ ਹਾਨੀਕਾਰਕ ਹੈ। ਸੂਬੇ ਦੇ ਮੰਤਰੀ ਮੈਟ ਕੀਨ ਨੇ ਦੱਸਿਆ ਕਿ ਡਾਕਟਰਾਂ ਨੇ ਬੱਚਿਆਂ ਦੇ ਸਾਰੇ ਟੈਸਟ ਕੀਤੇ, ਜਿਸ ‘ਚ ਬੱਚਿਆਂ ਦੇ ਖੂਨ ਵਿਚ ਵੀ ਖਤਰਨਾਕ ਪਦਾਰਥ ਪਾਏ ਗਏ। ਸਿਡਨੀ ਦੇ ਪੱਛਮ ‘ਚ 83 ਦੇ ਕਰੀਬ ਭਾਰਤੁਦੁਕਾਨਾਂ ਹਨ, ਜਿਨ੍ਹਾਂ ਵਿਚੋਂ 12 ਵਿਚ ਹਾਸ਼ਮੀ ਸੁਰਮੇ ਦੀ ਵਿਕਰੀ ਹੁੰਦੀ ਸੀ। ਹੁਣ ਉੱਥੋਂ ਹਾਸ਼ਮੀ ਸੁਰਮਾ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਗਿਆ ਹੈ।

You must be logged in to post a comment Login