ਆਸਟ੍ਰੇਲੀਆ : ਟਰਨਬੁੱਲ ਨੇ ਸੰਸਦ ਤੋਂ ਦਿੱਤਾ ਅਸਫੀਤਾ

ਆਸਟ੍ਰੇਲੀਆ : ਟਰਨਬੁੱਲ ਨੇ ਸੰਸਦ ਤੋਂ ਦਿੱਤਾ ਅਸਫੀਤਾ

ਸਿਡਨੀ – ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਸ਼ੁੱਕਰਵਾਰ ਨੂੰ ਸੰਸਦ ਦੇ ਹੇਠਲੇ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਟਰਨਬੁੱਲ ਦੇ ਅਸਤੀਫੇ ਕਾਰਨ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਲਈ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ, ਉਹ ਇਹ ਕਿ ਸਰਕਾਰ ਘੱਟ ਗਿਣਤੀ ਵਿਚ ਆ ਗਈ ਹੈ। ਦੱਸਣਯੋਗ ਹੈ ਕਿ ਪਾਰਟੀ ਦੇ ਅੰਦਰ ਆਪਣੀ ਲੀਡਰਸ਼ਿਪ ਨੂੰ ਲਗਾਤਾਰ ਚੁਣੌਤੀ ਮਿਲਣ ਮਗਰੋਂ ਟਰਨਬੁੱਲ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਟਰਨਬੁੱਲ ਨੇ ਅਹੁਦਾ ਛੱਡਣ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇਕਰ ਉਨ੍ਹਾਂ ਨੂੰ ਪ੍ਰਧਾਨ ਅਹੁਦੇ ਤੋਂ ਹਟਾਇਆ ਗਿਆ ਤਾਂ ਉਹ ਸੰਸਦ ਤੋਂ ਅਸਤੀਫਾ ਦੇ ਦੇਣਗੇ। ਇਸ ਦੇ ਬਾਵਜੂਦ ਮੌਰੀਸਨ ਨੂੰ ਲਿਬਰਲ ਪਾਰਟੀ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਟਰਨਬੁੱਲ ਦੇ ਅਸਤੀਫੇ ਕਾਰਨ ਸੱਤਾਧਾਰੀ ਲਿਬਰਲ ਨੈਸ਼ਨਲ ਗਠਜੋੜ ਦੀਆਂ ਸੀਟਾਂ ਹੇਠਲੇ ਸਦਨ ਵਿਚ 76 ਤੋਂ 75 ਰਹਿ ਗਈਆਂ ਹਨ। ਸੰਸਦ ਦੇ ਹੇਠਲੇ ਸਦਨ ਵਿਚ ਕੁੱਲ 150 ਸੀਟਾਂ ਹਨ। ਇਸ ਤਰ੍ਹਾਂ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦੀ ਸਰਕਾਰ ਇਕ ਸੀਟ ਤੋਂ ਘੱਟ ਗਿਣਤੀ ਵਿਚ ਆ ਗਈ ਹੈ। ਟਰਨਬੁੱਲ ਦੇ ਅਸਤੀਫੇ ਨਾਲ ਖਾਲੀ ਹੋਈ ਸੀਟ ‘ਤੇ ਜਦੋਂ ਤਕ ਉੱਪ ਚੋਣ ਨਹੀਂ ਹੋ ਜਾਂਦੀ, ਮੌਰੀਸਨ ਸਰਕਾਰ ਘੱਟ ਗਿਣਤੀ ਵਿਚ ਰਹੇਗੀ। ਮੌਰੀਸਨ ਅੱਗੇ ਵੱਡਾ ਸੰਕਟ ਇਹ ਵੀ ਹੈ ਕਿ ਸੰਸਦ ਵਿਚ ਬਿੱਲ ਪਾਸ ਕਰਾਉਣ ਲਈ ਉਨ੍ਹਾਂ ਨੂੰ ਆਜ਼ਾਦ ਸੰਸਦ ਮੈਂਬਰਾਂ ‘ਤੇ ਨਿਰਭਰ ਰਹਿਣਾ ਪਵੇਗਾ। ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ ਵਿਚ ਅਗਲੇ ਸਾਲ ਮਈ ‘ਚ ਚੋਣਾਂ ਹੋਣੀਆਂ ਹਨ। ਦੇਸ਼ ਵਿਚ ਪਿਛਲਾ ਇਕ ਦਹਾਕਾ ਕਾਫੀ ਸਿਆਸੀ ਉੱਥਲ-ਪੁੱਥਲ ਵਾਲਾ ਰਿਹਾ। ਇਸ ਇਕ ਦਹਾਕੇ ਵਿਚ ਦੇਸ਼ ਨੂੰ 6 ਪ੍ਰਧਾਨ ਮੰਤਰੀ ਮਿਲੇ।

You must be logged in to post a comment Login