ਆਸਟ੍ਰੇਲੀਆ ਨੇ ਮਿਆਂਮਾਰ ਦੇ ਪੰਜ ਜਨਰਲਾਂ ‘ਤੇ ਲਗਾਈ ਪਾਬੰਦੀ

ਆਸਟ੍ਰੇਲੀਆ ਨੇ ਮਿਆਂਮਾਰ ਦੇ ਪੰਜ ਜਨਰਲਾਂ ‘ਤੇ ਲਗਾਈ ਪਾਬੰਦੀ

ਸਿਡਨੀ- ਆਸਟ੍ਰੇਲੀਆ ਨੇ ਮਿਆਂਮਾਰ ਦੇ ਉਨ੍ਹਾਂ 5 ਅਧਿਕਾਰੀਆਂ ‘ਤੇ ਮੰਗਲਵਾਰ ਨੂੰ ਪਾਬੰਦੀ ਲਗਾ ਦਿੱਤੀ ਜਿਨ੍ਹਾਂ ‘ਤੇ ਰੋਹਿੰਗਿਆ ਸਮੂਹ ਦੇ ਮੈਂਬਰਾਂ ਵਿਰੁੱਧ ਹੋਈ ਭਿਆਨਕ ਹਿੰਸਾ ਨੂੰ ਅਣਡਿੱਠਾ ਕਰਨ ਦਾ ਦੋਸ਼ ਹੈ। ਅਮਰੀਕਾ ਅਤੇ ਯੂਰਪੀ ਯੂਨੀਅਨ ਮਿਆਂਮਾਰ ਦੇ ਇਨ੍ਹਾਂ ਅਧਿਕਾਰੀਆਂ ‘ਤੇ ਅਜਿਹੀਆਂ ਹੀ ਪਾਬੰਦੀਆਂ ਲਗਾ ਚੁੱਕੇ ਹਨ। ਆਸਟ੍ਰੇਲੀਆ ਨੇ ਪਾਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਕ ਲੈਫਟੀਨੈਂਟ ਜਨਰਲ ਸਮੇਤ 5 ਅਧਿਕਾਰੀਆਂ ਦੀ ਜਾਇਦਾਦ ਫ੍ਰੀਜ ਕਰ ਦੇਵੇਗਾ। ਇਸ ਲੈਫਟੀਨੈਂਟ ਜਨਰਲ ਨੇ ਉਸ ਵਿਸ਼ੇਸ਼ ਮੁਹਿੰਮ ਸਮੂਹ ਦੀ ਅਗਵਾਈ ਕੀਤੀ ਸੀ ਜਿਸ ‘ਤੇ ਰੋਹਿੰਗਿਆ ਭਾਈਚਾਰੇ ਵਿਰੁੱਧ ਹਿੰਸਾ ਕਰਨ ਦਾ ਦੋਸ਼ ਹੈ।
ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਾਰਿਸ ਪਾਯਨੇ ਨੇ ਕਿਹਾ ਕਿ ਮਿਆਂਮਾਰ ਦੇ ਅਧਿਕਾਰੀ ਆਂਗ ਕਯਾ ਜੌ, ਮੌਂਗ ਮੌਂਗ ਸੋ, ਓਂਗ ਓਂਗ, ਥਾਨ ਊ ਅਤੇ ਖਿਨ ਮੌਂਗ ਸੋ ਆਪਣੀ-ਆਪਣੀ ਲੀਡਰਸ਼ਿਪ ਵਾਲੀਆਂ ਯੂਨਿਟਾਂ ਵੱਲੋਂ ਕੀਤੀਆਂ ਗਈਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਹਨ। ਇਨ੍ਹਾਂ ਵਿਚੋਂ ਕੁਝ ਜਨਰਲ ਹੁਣ ਆਪਣਾ ਅਹੁਦਾ ਛੱਡ ਚੁੱਕੇ ਹਨ। ਪਾਬੰਦੀ ਦੇ ਐਲਾਨ ਵਿਚ ਕਿਹਾ ਗਿਆ ਹੈ ਕਿ ਇਹ ਜਨਰਲ ਹੁਣ ਆਸਟ੍ਰੇਲੀਆ ਦੀ ਯਾਤਰਾ ਨਹੀਂ ਕਰ ਸਕਣਗੇ। ਮਿਆਂਮਾਰ ਦੇ ਦੱਖਣੀ-ਪੱਛਮੀ ਰਖਾਇਨ ਸੂਬੇ ਤੋਂ ਸਾਲ 2016 ਤੋਂ ਕਰੀਬ 7,00,000 ਰੋਹਿੰਗਿਆ ਆਪਣੇ ਘਰ ਛੱਡ ਕੇ ਕਿਤੇ ਹੋਰ ਚਲੇ ਗਏ ਹਨ। ਸੁਰੱਖਿਆ ਬਲਾਂ ‘ਤੇ ਇਸ ਭਾਈਚਾਰੇ ਦੇ ਲੋਕਾਂ ਦੀ ਜਾਨ ਲੈਣ, ਸਾਮੂਹਿਕ ਬਲਾਤਕਾਰ ਕਰਨ ਅਤੇ ਉਨ੍ਹਾਂ ਦੇ ਘਰ ਸਾੜਨ ਦੇ ਦੋਸ਼ ਹਨ।

You must be logged in to post a comment Login