ਆਸਟ੍ਰੇਲੀਆ : ਪਰਵਾਸੀਆਂ ‘ਚ ਵਧਿਆ ਪੁੱਤਰ ਮੋਹ, ਕੁੜੀਆਂ ਦੀ ਜਨਮ ਦਰ ਘਟੀ

ਆਸਟ੍ਰੇਲੀਆ : ਪਰਵਾਸੀਆਂ ‘ਚ ਵਧਿਆ ਪੁੱਤਰ ਮੋਹ, ਕੁੜੀਆਂ ਦੀ ਜਨਮ ਦਰ ਘਟੀ

ਸਿਡਨੀ -ਆਸਟ੍ਰੇਲੀਆ ਵਿਚ ਪਰਵਾਸੀ ਪੁੱਤਰ ਮੋਹ ਵਿਚ ਹਨ। ਉਹ ਕੁੜੀਆਂ ਨੂੰ ਜਨਮ ਦੇਣ ਤੋਂ ਕੰਨੀਂ ਕਤਰਾ ਰਹੇ ਹਨ। ਪਰਵਾਸੀਆਂ ਵਿਚ 100 ਕੁੜੀਆਂ ਪਿੱਛੇ 122 ਤੋਂ 125 ਮੁੰਡਿਆਂ ਦੇ ਔਸਤਨ ਜਨਮ ਦਰ ਦੇ ਅੰਕੜੇ ਸਾਹਮਣੇ ਆਏ ਹਨ। ਇਹ ਧਾਰਨਾ ਸਮਝੀ ਜਾ ਰਹੀ ਹੈ ਕਿ ਕੁਝ ਪਰਵਾਸੀ ਪਰਿਵਾਰ ਲੜਕੀਆਂ ਨੂੰ ਆਪਣੇ ਉੱਪਰ ਆਰਥਿਕ ਬੋਝ ‘ਤੇ ਵੰਸ਼ ਦਾ ਅੱਗੇ ਨਾ ਚਲਣਾ ਮੰਨਦੇ ਹਨ। ‘ਲਾਅ ਟਰੋਬ ਯੂਨੀਵਰਸਿਟੀ’ ਦੀ ਖੋਜੀ ਡਾਕਟਰ ਕ੍ਰਿਸਟੀਨਾ ਐਡਵਰਸਨ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਲਿੰਗ ਅਨੁਪਾਤ ਦਾ ਰੁਝਾਨ ਦਰਸਾਉਂਦਾ ਹੈ ਕਿ ਬੱਚਿਆਂ ਦੇ ਲਿੰਗ ਦੀ ਚੋਣ ਹੋ ਰਹੀ ਹੈ। ਗਰਭਪਾਤ ‘ਤੇ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਲੋਕ ਆਨੇ-ਬਹਾਨੇ ਇਸ ਨੂੰ ਅੰਜਾਮ ਦੇ ਰਹੇ ਹਨ। ਕੁਝ ਮਾਪੇ ਬੱਚਿਆਂ ਦੇ ਭਰੂਣਾਂ ਦੀ ਚੋਣ ਵਿਦੇਸ਼ ਤੋਂ ਕਰਵਾਉਂਦੇ ਹਨ ਤਾਂ ਕਿ ਉਨ੍ਹਾਂ ਦਾ ਪੁੱਤਰ ਹੀ ਜਨਮ ਲੈ ਸਕੇ। ਖੋਜ ਦੌਰਾਨ 10 ਲੱਖ ਤੋਂ ਵਧੇਰੇ ਨਵਜੰਮੇ ਬੱਚਿਆਂ ਦਾ ਅਧਿਐਨ ਦਰਸਾਉਂਦਾ ਹੈ ਕਿ ਮੁੰਡਿਆਂ ਨੂੰ ਤਰਜੀਹ ਮਿਲ ਰਹੀ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਵਰਤਾਰਾ ਕੁਦਰਤੀ ਤੌਰ ‘ਤੇ ਕੁੜੀਆਂ ਦੇ ਵਿਰੁੱਧ ਹੈ। ਜਿਨ੍ਹਾਂ ਜੋੜਿਆਂ ਦਾ ਪਹਿਲਾ ਬੱਚਾ ਕੁੜੀ ਹੈ, ਉਨ੍ਹਾਂ ਨੇ ਦੂਜਾ ਬੱਚਾ ਮੁੰਡਾ ਹੋਣ ਦੇ ਬਾਅਦ ਤੀਜੇ ਬੱਚੇ ਨੂੰ ਜਨਮ ਨਹੀਂ ਦਿੱਤਾ। ਪਰ ਜਦੋਂ ਦੂਜਾ ਬੱਚਾ ਵੀ ਕੁੜੀ ਰਹੀ ਤਾਂ ਤੀਜੇ ਬੱਚੇ ਨੂੰ ਜਨਮ ਦਿੱਤਾ ਗਿਆ। ਇਹ ਵਰਤਾਰਾ ਆਸਟ੍ਰੇਲੀਆ ਵਿਚ ਵੱਸਦੇ ਪਰਵਾਸੀ ਖਾਸ ਕਰ ਕੇ ਭਾਰਤ ਤੇ ਚੀਨ ਤੋਂ ਆਏ ਲੋਕਾਂ ਵਿਚ ਵਧੇਰੇ ਹੈ। ‘ਆਸਟ੍ਰੇਲੀਆ ਇੰਡੀਆ ਸੁਸਾਇਟੀ ਆਫ ਵਿਕਟੋਰੀਆ’ ਦੇ ਪ੍ਰਧਾਨ ਡਾਕਟਰ ਗੁਰਦੀਪ ਅਰੋੜਾ ਨੇ ਕਿਹਾ ਕਿ ਹਾਲ ਹੀ ਵਿਚ ਭਾਰਤ ਤੋਂ ਪਰਵਾਸ ਕਰਕੇ ਆਏ ਇਕ ਜੋੜੇ ਵੱਲੋਂ ਲਿੰਗ ਦੀ ਚੋਣ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਜੋੜੇ ਕੋਲ ਪਹਿਲਾਂ ਹੀ ਤਿੰਨ ਧੀਆਂ ਸਨ। ਔਰਤ ਫਿਰ ਗਰਭਵਤੀ ਸੀ। ਉਹ ਚਾਹੁੰਦੇ ਸਨ ਕਿ ਅਲਟਰਾਸਾਊਂਡ ਜ਼ਰੀਏ ਲਿੰਗ ਦਾ ਪਤਾ ਲੱਗੇ। ਇਸ ਦੇ ਬਾਅਦ ਉਹ ਫੈਸਲਾ ਲੈਣਗੇ ਕਿ ਬੱਚੇ ਨੂੰ ਜਨਮ ਦੇਣਾ ਹੈ ਜਾਂ ਨਹੀਂ।

You must be logged in to post a comment Login