ਇਉਂ ਹੋਈ ਭੇਡਾਂ ਦੀ ਗਿੱਦੜ-ਕੁੱਟ!

ਤਰਲੋਚਨ ਸਿੰਘ ਦੁਪਾਲਪੁਰ

ਇਕ ਆਜੜੀ ਨੇ ਆਪਣੇ ਇੱਜੜ ਵਿਚ ਭੇਡਾਂ ਦੇ ਨਾਲ ਨਾਲ ਬੱਕਰੀਆਂ ਅਤੇ ਛੇਲੇ ਵੀ ਪਾਲੇ ਹੋਏ ਸਨ। ਇਕ ਦਿਨ ਬੈਠੇ ਬੈਠੇ ਉਸ ਨੇ ਮੋਟਾ ਜਿਹਾ ਹਿਸਾਬ ਲਾ ਕੇ ਦੇਖਿਆ, ਬੱਕਰੀਆਂ ਨਾਲੋਂ ਵੱਧ ਕਮਾਈ ਭੇਡਾਂ ਤੋਂ ਹੁੰਦੀ ਹੈ। ਬੱਕਰੀਆਂ ਦੀ ਸਾਂਭ-ਸੰਭਾਲ ‘ਤੇ ਵੀ ਭੇਡਾਂ ਨਾਲੋਂ ਵੱਧ ਧਿਆਨ ਦੇਣਾ ਪੈਂਦਾ ਹੈ। ਬੱਕਰੀਆਂ ਫ਼ਸਲ ਵਿਚ ਵੀ ਜਾ ਵੜਦੀਆਂ ਹਨ ਤੇ ਜ਼ਿਮੀਂਦਾਰਾਂ ਦੇ ਉਲਾਂਭੇ ਸੁਣਨੇ ਪੈਂਦੇ ਹਨ। ਭੇਡਾਂ ਤਾਂ ਇਕ-ਦੂਜੀ ਦੇ ਮਗਰੇ-ਮਗਰ ਅੰਨ੍ਹੇਵਾਹ ਧੁੱਸ ਦੇਈ ਜਾਂਦੀਆਂ ਨੇ। ਸੋ, ਉਸ ਨੇ ਸੋਚ ਵਿਚਾਰ ਕਰ ਕੇ ਸਿਰਫ਼ ਭੇਡਾਂ ਦਾ ਹੀ ਇੱਜੜ ਬਣਾ ਲਿਆ। ਬੱਕਰੀਆਂ ਵੇਚ ਦਿੱਤੀਆਂ।
ਕੁਝ ਅਰਸੇ ਬਾਅਦ ਉਹਦੇ ਕੋਲ ਕਾਫ਼ੀ ਭੇਡਾਂ ਹੋ ਗਈਆਂ। ਵੱਡੇ ਇੱਜੜ ਦੀ ਸਾਂਭ-ਸੰਭਾਲ ਲਈ ਹੁਣ ਆਜੜੀ ਨੇ ਆਪਣੇ ਮੁੰਡੇ ਨੂੰ ਨਾਲ ਲਾ ਲਿਆ। ਦੋਵੇਂ ਪਿਉ-ਪੁੱਤ ਰੋਜ਼ਾਨਾ ਜੰਗਲ ਵੱਲ ਨਿਕਲ ਜਾਂਦੇ ਅਤੇ ਸ਼ਾਮ ਨੂੰ ਰੱਜੀਆਂ ਭੇਡਾਂ ਨੂੰ ਵਾੜੇ ਵਿਚ ਲਿਆ ਵਾੜਦੇ। ਰੁੱਤ ਆਉਣ ‘ਤੇ ਭੇਡਾਂ ਮੁੰਨ ਕੇ ਉਨ ਲਾਹ ਲੈਂਦੇ ਤੇ ਸ਼ਹਿਰ ਵੇਚ ਆਉਂਦੇ। ਛੇਤੀ ਹੀ ਉਹ ਆਪਣੇ ਭਾਈਚਾਰੇ ਵਿਚ ਅਮੀਰ ਗਿਣੇ ਜਾਣ ਲੱਗੇ। ਉਨ੍ਹਾਂ ਦੀ ਨਵੀਂ-ਨਵੀਂ ਅਮੀਰੀ ਤੋਂ ਤ੍ਰਹਿੰਦਿਆਂ ਪਿੰਡ ਵਾਲਿਆਂ ਨੇ ਆਜੜੀ ਨੂੰ ਪਿੰਡ ਦਾ ਸਰਪੰਚ ਚੁਣ ਲਿਆ। ਕਹਿਣ ਨੂੰ ਤਾਂ ਬੁੱਢਾ ਆਜੜੀ ਸਰਪੰਚ ਸੀ, ਪਰ ਅਸਲ ਅਰਥਾਂ ਵਿਚ ਸਰਪੰਚੀ ਉਸ ਦਾ ਮੁੰਡਾ ਹੀ ਕਰਦਾ ਸੀ। ਮੁੰਡੇ ਦੀ ਸਰਪੰਚੀ ਕਰਨ ਦੇ ਤੇਜ਼-ਤਰਾਰ ਤੌਰ-ਤਰੀਕਿਆਂ ਤੋਂ ਵਾਕਫ਼ ਪੇਂਡੂ ਲੋਕ, ਆਜੜੀ ਸਰਪੰਚ ਨਾਲੋਂ ਉਸ ਦੇ ਮੁੰਡੇ ਅੱਗੇ ਹੀ ਹੱਥ ਜੋੜ ਦੁਆ-ਸਲਾਮ ਕਰਦੇ ਰਹਿੰਦੇ। ਜਿਉਂ-ਜਿਉਂ ਆਜੜੀ ਦੇ ਘਰ ਅਮੀਰੀ ਵਧਦੀ ਗਈ, ਤਿਉਂ-ਤਿਉਂ ਉਸ ਦੇ ਮੁੰਡੇ ਦਾ ਲਾਲਚ ਵੀ ਵਧਦਾ ਗਿਆ। ਭੇਡਾਂ ਦੀ ਉਨ ਲਾਹੁਣ ਦੇ ਪਿਤਾ-ਪੁਰਖੀ ਕਿੱਤੇ ਵਿਚ ਤਾਂ ਉਸ ਨੇ ਖਾਸ ਮੁਹਾਰਤ ਹਾਸਲ ਕਰ ਹੀ ਲਈ ਸੀ, ਇਸ ਤੋਂ ਅੱਗੇ ਵਧਦਿਆਂ ਪਹਿਲਾਂ ਤਾਂ ਉਸ ਨੇ ਆਲੇ-ਦੁਆਲੇ ਦੇ ਇੱਜੜ ਵਾਲਿਆਂ ਦੀਆਂ ਚੋਣਵੀਆਂ ਭੇਡਾਂ ਆਪਣੇ ਇੱਜੜ ਵਿਚ ਸ਼ਾਮਲ ਕਰਨ ਦੇ ਪ੍ਰਬੰਧ ਕਰ ਲਏ ਜੋ ਕੱਦ-ਕਾਠ ਵਿਚ ਵੱਡੀਆਂ ਹੋਣ ਕਰ ਕੇ ਜ਼ਿਆਦਾ ਉਨ ਦੇ ਸਕਦੀਆਂ ਸਨ। ਫਿਰ ਹੋਰ ਕਾਰੋਬਾਰ ਕਾਬੂ ਕਰਨ ਵੱਲ ਧਿਆਨ ਦਿੱਤਾ। ਜਿਹੜਾ ਵੀ ਕੋਈ ਮੋਟੀ ਕਮਾਈ ਕਰਨ ਵਾਲਾ ਕਾਰੋਬਾਰੀ ਉਸ ਦੀ ਨਜ਼ਰੇ ਚੜ੍ਹਦਾ, ਉਸੇ ਨੂੰ ਕੋਈ ਲਾਲਚ ਜਾਂ ਸਰਪੰਚੀ ਦੀ ਧੌਂਸ ਨਾਲ ਡਰਾ-ਧਮਕਾ ਕੇ, ਉਸ ਦਾ ਕਾਰੋਬਾਰ ਖੋਹ ਲੈਂਦਾ।
ਉਧਰ ਆਜੜੀ ਦੀ ਫ਼ਿਤਰਤ ਅਜਿਹੀ ਬਣ ਗਈ ਸੀ ਕਿ ਜਦ ਭੇਡਾਂ ਦਾ ਇੱਜੜ ਉਹਦੇ ਮੂਹਰੇ-ਮੂਹਰੇ ਸਿਰ ਸੁੱਟ ਕੇ ਤੁਰਦਾ ਤਾਂ ਉਸ ਨੂੰ ਅਸੀਮ ਸਕੂਨ ਮਿਲਦਾ। ਰੁੱਤ ਆਈ ਤੇ ਜਦੋਂ ਇਕੱਲੀ-ਇਕੱਲੀ ਭੇਡ ਮੁੰਨਣ ਵਾਸਤੇ ਆਜੜੀ ਸਾਹਮਣੇ ਲਿਆਈ ਜਾਂਦੀ, ਉਹ ਖਿੜ ਉਠਦਾ! ਭੇਡਾਂ ਮੁੰਨ ਹੁੰਦੀਆਂ ਦੇਖਣ ਦਾ ਚਸਕਾ, ਉਸ ਨੇ ਆਪਣੇ ਮੁੰਡੇ ਨੂੰ ਵੀ ਪਾ ਦਿੱਤਾ। ਇਕ ਦਿਨ ਕੀ ਹੋਇਆ, ਰੋਜ਼ ਦੀ ਤਰ੍ਹਾਂ ਬੁੱਢਾ ਆਜੜੀ ਭੇਡਾਂ ਦਾ ਇੱਜੜ ਜੰਗਲ ਵੱਲ ਚਰਾਉਣ ਲੈ ਗਿਆ। ਪਤਾ ਨਹੀਂ ਕਿਵੇਂ, ਕਿਸੇ ਸ਼ੇਰਨੀ ਦੀ ਗੁਫ਼ਾ ਵਿਚੋਂ ਨਿਕਲ ਕੇ ਸ਼ੇਰ ਦਾ ਬੱਚਾ ਭੇਡਾਂ ਵਿਚ ਆ ਵੜਿਆ। ਭੁੱਖਣ-ਭਾਣੇ ਬੱਚੇ ਨੂੰ ਆਜੜੀ ਨੇ ਸੂਈ ਹੋਈ ਭੇਡ ਦਾ ਦੁੱਧ ਚੁੰਘਾਇਆ। ਸ਼ਾਮ ਨੂੰ ਇੱਜੜ ਨਾਲ ਸ਼ੇਰ ਦਾ ਨਿੱਕਾ ਜਿਹਾ ਬੱਚਾ ਦੇਖ ਸਾਰਾ ਟੱਬਰ ਬੜਾ ਖੁਸ਼ ਹੋਇਆ। ਗੱਲ ਕੀ, ਉਹ ਬੱਚਾ ਭੇਡਾਂ ਦਾ ਦੁੱਧ ਪੀਣਾ ਗਿੱਝ ਗਿਆ। ਹੌਲੀ ਹੌਲੀ ਵੱਡਾ ਹੁੰਦਾ ਗਿਆ ਤੇ ਹਰ ਰੋਜ਼ ਉਹ ਭੇਡਾਂ ਦੇ ਇੱਜੜ ਨਾਲ ਘੁੰਮਦਾ ਫਿਰਦਾ ਰਹਿੰਦਾ ਤੇ ਸ਼ਾਮ ਨੂੰ ਵਾੜੇ ਆ ਜਾਂਦਾ। ਪੂਰੇ ਇਲਾਕੇ ਵਿਚ ਇਸ ਆਜੜੀ ਦੀ ਮਸ਼ਹੂਰੀ ਹੋ ਗਈ। ਲੋਕ ਦੂਰੋਂ-ਦੂਰੋਂ ਦੇਖਣ ਆਉਂਦੇ ਕਿ ਸ਼ੇਰ ਦਾ ਬੱਚਾ ਕਿਵੇਂ ਭੇਡਾਂ ਵਿਚ ਮਸਤਿਆ ਫਿਰਦਾ ਹੈ। ਬੁੱਢਾ ਆਜੜੀ ਖਸਿਆਨੀ ਹਾਸੀ ਹੱਸਦਿਆਂ ਅਕਸਰ ਇਹ ਡੀਂਗ ਮਾਰਦਾ, “ਮੈਂ ਇਕੱਲੀਆਂ ਭੇਡਾਂ ਨਹੀਂ, ਸ਼ੇਰਾਂ ਨੂੰ ਵੀ ਚਾਰਦਾ ਹਾਂ।”ਆਪਣੇ ਬਾਪ ਦੀ ਅਜਿਹੀ ਸ਼ੇਖੀ ਸੁਣ ਕੇ ਧੱਕੇਸ਼ਾਹੀ ਤੇ ਸੀਨਾ-ਜ਼ੋਰੀ ਨਾਲ ਸਰਪੰਚੀ ਕਰਦੇ ਆਜੜੀ ਦੇ ਮੁੰਡੇ ਨੇ ਇਕ ਸ਼ਾਮ ਵਾੜੇ ਵਿਚ ਸ਼ੇਰ ਦੇ ਬੱਚੇ ਨੂੰ ਖ਼ਰ-ਮਸਤੀਆਂ ਕਰਦਿਆਂ ਦੇਖਿਆ। ਸਿਰੇ ਦੇ ਸਕੀਮੀ ਮੁੰਡੇ ਦੇ ਦਿਲ ਵਿਚ ਅੱਲੋਕਾਰੇ ਫੁਰਨੇ ਅੰਗੜਾਈਆਂ ਲੈਣ ਲੱਗੇ, ਜੰਗਲ ਦੇ ਬਾਦਸ਼ਾਹ ਦੀ ਅੰਸ-ਵੰਸ ਸਾਡੀ ‘ਬਾਦਸ਼ਾਹੀ’ ਕਬੂਲ ਚੁੱਕੀ ਹੈ…। ‘ਕੱਲਾ ਸਾਡਾ ਇਕ ਪਿੰਡ ਹੀ ਕਿਆ, ਆਲੇ-ਦੁਆਲੇ ਦੇ ਸਾਰੇ ਇਲਾਕੇ ਵਿਚ ਮੇਰੀ ਸਰਦਾਰੀ ਦਾ ਸਿੱਕਾ ਚੱਲਦਾ ਹੈ। ਮਜਾਲ ਐ ਕਿਸੇ ਦੀ, ਮੇਰੇ ਮੂਹਰੇ ਚੂੰ-ਚਰਾਂ ਵੀ ਕਰ ਸਕੇ। ਬਾਪੂ ਤੇ ਮੈਂ ਭੇਡਾਂ ਮੁੰਨਦਿਆਂ ਮੁੰਨਦਿਆਂ, ਸਾਰਾ ਇਲਾਕਾ ਹੀ ਮੁੰਨ ਛੱਡਿਆ ਹੈ। ਸਾਡੇ ਲਈ ਹੁਣ ਭੇਡਾਂ ਤੇ ਇਨਸਾਨ ਵਿਚ ਕੋਈ ਫਰਕ ਨਹੀਂ ਰਹਿ ਗਿਆ। ਜਿਵੇਂ ਭੇਡਾਂ ਨੂੰ ਵਾੜੇ ਵਿਚ ਤਾੜ ਦੇਈਦਾ, ਮੇਰੀ ਨਜ਼ਰ ਵਿਚ ਇਵੇਂ ਹੀ ਪਿੰਡ ਦੇ ਲੋਕ ਵੀ ਸਾਡੀ ਰਿਆਇਆ ਹਨ। ਕਿਆ ਕਮਾਲ ਹੋਵੇ, ਜੇ ਇਸ ਸ਼ੇਰ ਵਰਗੇ ਕਈ ਹੋਰ ਸ਼ੇਰ ਵੱਖਰੇ ਵਾੜੇ ਵਿਚ ਵਲੇ ਹੋਣ। ਚਹੁੰ ਕੂੰਟਾਂ ‘ਚ ਮੇਰੀ ਜੈ-ਜੈਕਾਰ ਹੋਊ।”ਇਹ ਜੱਗੋ-ਤੇਰ੍ਹਵਾਂ ਸੁਪਨਾ ਸਾਕਾਰ ਕਰਨ ਲਈ ਬਿਹਬਲ ਹੋਏ ਆਜੜੀ ਦੇ ਮੁੰਡੇ ਨੇ ਮਨ ਹੀ ਮਨ ਸਕੀਮ ਵੀ ਬਣਾ ਲਈ। ਕਿਸੇ ਦੁਰੇਡੇ ਸ਼ਹਿਰੋਂ ਜੰਗਲੀ ਜੀਵਾਂ ਦੇ ਮਾਹਰਾਂ ਪਾਸੋਂ ਸ਼ੇਰ ਦੇ ਬੱਚੇ ਅਤੇ ਕੁਝ ਭੇਡਾਂ ਨੂੰ ਇਹ ਟ੍ਰੇਨਿੰਗ ਦਿੱਤੀ ਗਈ ਕਿ ਉਹ ਜੰਗਲ ਵਿਚ ਜਾ ਕੇ ਸ਼ੇਰਾਂ ਨੂੰ ਪ੍ਰਭਾਵਿਤ ਕਰਨ। ਇਨ੍ਹਾਂ ਨੂੰ ਚੰਗੀ ਤਰ੍ਹਾਂ ‘ਪੱਟੀਆਂ ਪੜ੍ਹਾਈਆਂ’ ਗਈਆਂ ਕਿ ਉਨ੍ਹਾਂ ਨੇ ਕਿਹੜੀਆਂ ਗੱਲਾਂ ਕਿਸ ਅੰਦਾਜ਼ ਨਾਲ ਕਹਿਣੀਆਂ ਹਨ। ਇਸ ਪ੍ਰਚਾਰ ਮੁਹਿੰਮ ‘ਤੇ ਭੇਜਣ ਲਈ ਸ਼ੇਰ ਦੇ ਬੱਚੇ ਨਾਲ ਕੁਝ ਚੋਣਵੀਆਂ ਭੇਡਾਂ ਤਿਆਰ ਕੀਤੀਆਂ ਗਈਆਂ। ਇਨ੍ਹਾਂ ਭੇਡਾਂ ਦਾ ਇਸ ਤਰੀਕੇ ਨਾਲ ‘ਮੇਕਅਪ’ ਕੀਤਾ ਗਿਆ ਕਿ ਇਹ ਸ਼ੇਰ ਦੀਆਂ ਭੈਣਾਂ ਹੀ ਲੱਗਣ। ਤੈਅਸ਼ੁਦਾ ਪ੍ਰੋਗਰਾਮ ਮੁਤਾਬਕ ਸ਼ੇਰ ਦੀ ਅਗਵਾਈ ਵਾਲੇ ਇਸ ‘ਡੈਪੂਟੇਸ਼ਨ’ ਨੂੰ ਜੰਗਲ ਵਿਚ ਭੇਜ ਦਿੱਤਾ ਗਿਆ। ਆਜ਼ਾਦ ਫਿਜ਼ਾਵਾਂ ਵਿਚ ਘੁੰਮਦਿਆਂ ਮਿਹਨਤ ਨਾਲ ਮਾਰਿਆ ਸ਼ਿਕਾਰ ਖਾਣ ਉਪਰੰਤ ਰੱਜੇ-ਪੁੱਜੇ ਕੁਝ ਸ਼ੇਰ, ਇਸ ‘ਡੈਪੂਟੇਸ਼ਨ’ ਦੀ ਨਜ਼ਰੀ ਪੈ ਗਏ। ਜਿਹੜੀਆਂ ਮੋਮੋ-ਠਗਣੀਆਂ ਪਿੰਡੋਂ ਗਏ ਸ਼ੇਰ ਦੇ ਬੱਚੇ ਨੂੰ ਸਿਖਾਈਆਂ ਗਈਆਂ ਸਨ, ਉਹ ਉਸ ਨੇ ਚੱਟਾਨ ‘ਤੇ ਬਹਿ ਕੇ ਜੰਗਲੀ ਸ਼ੇਰਾਂ ਨੂੰ ਸੁਣਾਉਣੀਆਂ ਸ਼ੁਰੂ ਕੀਤੀਆਂ, ਦੋਸਤੋ, ਮੈਂ ਵੀ ਤੁਹਾਡਾ ਭਰਾ ਹੀ ਹਾਂ…ਅੱਜ ਤੁਹਾਨੂੰ ਦੱਸਣ ਆਇਆ ਹਾਂ ਕਿ ਮੈਂ ਕਿਵੇਂ ਦਾ ਸ਼ਾਹਾਨਾ ਜੀਵਨ ਗੁਜ਼ਾਰ ਰਿਹਾ ਹਾਂ… ਤੁਹਾਡੇ ਵਾਂਗ ਮੈਨੂੰ ਆਪਣੀ ਖੁਰਾਕ ਲਈ ਟੁੱਟ-ਟੁੱਟ ਕੇ ਨਹੀਂ ਮਰਨਾ ਪੈਂਦਾ….ਮੇਰਾ ਮਾਲਕ ਮੈਨੂੰ ਅਤਿ ਸੁੰਦਰ ਵਾੜੇ ਵਿਚ ਬਿਠਾ ਰੱਖਦਾ ਹੈ ਤੇ ਮੈਨੂੰ ਤਿੰਨੇ ਟਾਈਮ ਬੈਠੇ ਬਿਠਾਏ ਨੂੰ ਖਾਣਾ ਮਿਲਦਾ ਹੈ…ਆਪਣੇ ਮਾਲਕ ਦੇ ਮੂਹਰੇ ਜਦ ਮੈਂ ਪੂਛ ਹਿਲਾਉਂਦਾ ਹਾਂ ਤਾਂ ਪਿਆਰ ਨਾਲ ਉਹ ਮੈਨੂੰ ਆਪਣੇ ਪੈਰਾਂ ਵਿਚ ਬਿਠਾ ਲੈਂਦਾ ਹੈ। ਐਧਰ-ਉਧਰ ਐਵੇਂ ਭਟਕਣ ਨਾਲੋਂ ਮੇਰਾ ਪੱਕਾ ਟਿਕਾਣਾ ਹੈ। ਸਾਹਮਣੇ ਬੈਠੇ ਸ਼ੇਰਾਂ ਨੇ ਲਾਲ ਅੱਖਾਂ ਕਰ ਕੇ ਉਸ ਨੂੰ ਬੜੇ ਗੁੱਸੇ ਨਾਲ ਵਿਚੋਂ ਹੀ ਟੋਕਿਆ, ਸਾਨੂੰ ਗੁਲਾਮੀ ਦੀਆਂ ਸਿਫ਼ਤਾਂ ਸੁਣਾਉਣੀਆਂ ਬੰਦ ਕਰ, ਤੇ ਦੱਸ ਕਿ ਤੂੰ ਇੱਥੇ ਕਰਨ ਕੀ ਆਇਐਂ?” ਆਜੜੀ ਦਾ ਸ਼ੇਰ ਥੋੜ੍ਹਾ ਘਬਰਾਇਆ ਤੇ ਛਿੱਥਾ ਜਿਹਾ ਪੈਂਦਾ ਬੋਲਿਆ, ਭਰਾਵੋ! ਮੈਂ ਤੁਹਾਨੂੰ ਆਪਣੇ ਨਾਲ ਲਿਜਾਣ…।” ਦਹਾੜਦੇ ਹੋਏ ਸ਼ੇਰਾਂ ਨੇ ਇਕਦਮ ਝਪਟ ਕੇ ਉਹਨੂੰ ਧੌਣੋਂ ਜਾ ਦਬੋਚਿਆ ਤੇ ਉਹਦਾ ਭਾਸ਼ਣ ਵਿਚੇ ਹੀ ਰਹਿ ਗਿਆ। ਜੰਗਲੀ ਸ਼ੇਰਾਂ ਨੇ ਚੱਟਾਨ ‘ਤੇ ਬੈਠੇ ਆਜੜੀ ਦੇ ਸ਼ੇਰ ਨੂੰ ਜਦ ਢਾਹ ਕੇ ਥੱਲੇ ਸੁੱਟ ਲਿਆ ਤਾਂ ਉਹਦੇ ਨਾਲ ‘ਸ਼ੇਰਨੀਆਂ’ ਬਣ ਕੇ ਆਈਆਂ ਭੇਡਾਂ ਲੱਗ ਪਈਆਂ ਕੰਬਣ ਤੇ ਮਿਣ ਮਿਣ ਮਿਣ ਕਰਨ। ਉਨ੍ਹਾਂ ਦੀ ਆਵਾਜ਼ ਸੁਣ ਕੇ ਕੁਝ ਜੰਗਲੀ ਸ਼ੇਰ ਉਨ੍ਹਾਂ ‘ਤੇ ਟੁੱਟ ਕੇ ਪੈ ਗਏ। ਜਦ ਆਜੜੀ ਦੇ ਸ਼ੇਰ ਨੇ ਦੇਖਿਆ ਕਿ ਭੇਡਾਂ ਦਾ ਤਾਂ ਹੁਣ ਭੋਗ ਪੈਣ ਲੱਗਾ ਐ, ਉਹ ਗੁਸੈਲ ਹੋਏ ਸ਼ੇਰਾਂ ਨੂੰ ਵਰਜਦਿਆਂ ਕੂਕਿਆ, ਮੇਰਿਓ ਚਾਚਿਓ-ਤਾਇਓ!
ਇਨ੍ਹਾਂ ਨੂੰ ਨਾ ਕੁਝ ਵੀ ਕਿਹੋ, ਇਨ੍ਹਾਂ ਨੇ ਮੈਨੂੰ ਦੁੱਧ ਚੁੰਘਾ ਕੇ ਪਾਲਿਆ ਪੋਸਿਆ ਹੋਇਐ।”ਅੱਛਾ!”ਇਕ ਸ਼ੇਰ ਗਰਜਿਆ, ਭੇਡਾਂ ਦੇ ਦੁੱਧ ਨੇ ਹੀ ਤੈਨੂੰ ਗੀਦੀ ਬਣਾ ਕੇ ਰੱਖ’ਤਾ ਸ਼ੇਰ ਦਿਆ ਬੱਚਿਆ?” ਉਧਰੋਂ ਹਟ ਕੇ ਸਾਰੇ ਸ਼ੇਰਾਂ ਨੇ ਭੇਡਾਂ ‘ਤੇ ਗੁੱਸਾ ਲਾਹੁਣਾ ਸ਼ੁਰੂ ਕਰ ਦਿੱਤਾ। ਸਾਰੀਆਂ ਦੀ ਉਹ ਛਿੱਤਰ ਪਰੇਡ ਹੋਈ ਕਿ ਰਹੇ ਰੱਬ ਦਾ ਨਾਂ! ਭੇਡਾਂ ਦੀ ‘ਗਿੱਦੜ-ਕੁੱਟ’ ਕਰਦਿਆਂ, ਫਿਰ ਜੰਗਲ ਤੋਂ ਬਾਹਰ ਭਜਾ ਕੇ ਹੀ ਮੁੜੇ ਸ਼ੇਰ।

You must be logged in to post a comment Login