ਇਕ ਵਚਿੱਤਰ ਵੀਡੀਓ ਦੀ ਵਿਆਖਿਆ

ਇਕ ਵਚਿੱਤਰ ਵੀਡੀਓ ਦੀ ਵਿਆਖਿਆ

ਦੋਸਤਾਂ ਮਿੱਤਰਾਂ ਵੱਲੋਂ ‘ਵੱਟਸ-ਐਪ’ ਰਾਹੀਂ ਇਤਨੀ ਸਮੱਗਰੀ ਦਾ ਲੈਣ-ਦੇਣ ਕੀਤਾ ਜਾ ਰਿਹਾ ਐ ਕਿ ਪੁੱਛੋ ਕੁਝ ਨਾ! ਇਸ ਜ਼ਰੀਏ ਭੇਜੇ ਫੋਟੋ ਜਾਂ ਸਟਿੱਕਰ ਦੇਖਣੇ ਤਾਂ ਅਸਾਨ ਨੇ, ਪਰ ਵੀਡੀਓ ਦੇਖਣ ਤੋਂ ਪਹਿਲਾਂ ਉਸ ਨੂੰ ਡਾਊਨਲੋਡ ਕਰਨ ਦਾ ਝੰਜਟ ਕਰਨਾ ਪੈਂਦਾ ਹੈ। ਇਸ ਖਲਜਗਣ ਤੋਂ ਬਚਣ ਲਈ ਮੈਂ ਬਹੁਤੀਆਂ ਵੀਡੀਓ ਆਉਂਦਿਆਂ ਹੀ ‘ਡਿਲੀਟ’ ਕਰ ਦਿੰਦਾ ਹਾਂ, ਪਰ ਮੇਰੀ ਫੋਨ-ਸੂਚੀ ਵਿਚ ਕੁਝ ਗੰਭੀਰ ਦੋਸਤ ਐਸੇ ਵੀ ਨੇ ਜੋ ਮੈਨੂੰ ਧੜਾ-ਧੜ ‘ਦੜੇ ਦਾ ਮਾਲ’ ਭੇਜਣ ਦੀ ਬਜਾਏ, ਕੋਈ ਅਤਿ ਜ਼ਰੂਰੀ ਚੀਜ ਹੀ ਭੇਜਦੇ ਹਨ। ਇਨ੍ਹਾਂ ਚੋਣਵੇਂ ਮਿੱਤਰਾਂ ਵਿਚੋਂ ਇਕ ਨੇ ਮੈਨੂੰ ਵੀਡੀਓ ਕਲਿਪ ਭੇਜੀ ਜੋ ਉਸ ਨੇ ਸ੍ਰੀ ਦਰਬਾਰ ਸਾਹਿਬ ਤੋਂ ਟੈਲੀਕਾਸਟ ਕੀਤੇ ਜਾ ਰਹੇ ਕੀਰਤਨ ਸਮੇਂ ਟੀ ਵੀ ਮੂਹਰੇ ਬੈਠ ਕੇ ਬਣਾਈ ਸੀ। ਇਹ ਉਸ ਦਿਨ ਰਿਕਾਰਡ ਕੀਤੀ ਗਈ ਜਿਸ ਦਿਨ ਦਸੰਬਰ ਦੇ ਪਹਿਲੇ ਹਫਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਨ। ਉਹ ਉਦੋਂ ਸ੍ਰੀ ਅੰਮ੍ਰਿਤਸਰ ਵਿਖੇ ਏਸ਼ੀਆ ਕਾਨਫਰੰਸ ਵਿਚ ਸ਼ਮੂਲੀਅਤ ਵਾਸਤੇ ਪਹੁੰਚੇ ਸਨ। ਖਬਰਾਂ ਮੁਤਾਬਕ, ਇਸ ਕੌਮਾਂਤਰੀ ਸਮਾਗਮ ਦੀ ਸਮਾਪਤੀ ‘ਤੇ ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਅਮਲੇ ਫੈਲੇ ਸਮੇਤ ਸ੍ਰੀ ਦਰਬਾਰ ਸਾਹਿਬ ਵੀ ਗਏ।
ਸ੍ਰੀ ਮੋਦੀ ਨੇ ਇਸ ਮੌਕੇ ਕਿਉਂਕਿ ਰਵਾਇਤੀ ਟੋਪੀ ਪਹਿਨੀ ਹੋਈ ਸੀ, ਇਸ ਲਈ ਮੀਡੀਆ ਵਿਚ ਕਈ ਦਿਨ ਇਹ ਚਰਚਾ ਚਲਦੀ ਰਹੀ ਕਿ ਉਨ੍ਹਾਂ ਨੇ ਆਮ ਗੈਰ-ਕੇਸਾਧਾਰੀ ਜਾਂ ਬਿਨਾ ਪਗੜੀ ਸ਼ਰਧਾਲੂਆਂ ਵਾਂਗ ਚਿੱਟੇ ਜਾਂ ਪੀਲੇ ਰੁਮਾਲ ਨਾਲ ਸਿਰ ਨਹੀਂ ਕੱਜਿਆ। ਕੋਈ ਕਹਿ ਰਿਹਾ ਸੀ ਕਿ ਅਜਿਹਾ ਕਰ ਕੇ ਉਨ੍ਹਾਂ ਨੇ ਧਾਰਮਿਕ ਅਵੱਗਿਆ ਕੀਤੀ ਹੈ, ਪਰ ਕਈ ਸੱਜਣ ਕਹਿ ਰਹੇ ਸਨ ਕਿ ਸਿਰ ਨੰਗਾ ਨਹੀਂ ਹੋਣਾ ਚਾਹੀਦਾ, ਟੋਪੀ ਪਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰੀ ਜਾ ਸਕਦੀ ਹੈ। ਇਸ ਨੂੰ ਮਰਿਆਦਾ ਦੀ ਉਲੰਘਣਾ ਦੱਸਣ ਵਾਲੇ, ਸ੍ਰੀ ਦਰਬਾਰ ਸਾਹਿਬ ਆ ਚੁੱਕੇ ਕਈ ਦੇਸੀ-ਵਿਦੇਸ਼ੀ ਰਾਜ ਮੁਖੀਆਂ ਦੀਆਂ ਉਹ ਤਸਵੀਰਾਂ ਸੋਸ਼ਲ ਸਾਈਟਾਂ ‘ਤੇ ਪਾ ਰਹੇ ਸਨ ਜਿਸ ਵਿਚ ਉਨ੍ਹਾਂ ਮੱਥਾ ਟੇਕਣ ਮੌਕੇ ਸਿਰਾਂ ‘ਤੇ ਚਿੱਟੇ ਜਾਂ ਬਸੰਤੀ ਰੁਮਾਲ ਬੰਨ੍ਹੇ ਹੋਏ ਸਨ। ਇਨ੍ਹਾਂ ਵਿਦੇਸ਼ੀ ਆਗੂਆਂ ਵਿਚ ਇੰਗਲੈਂਡ ਦੀ ਮਹਾਰਾਣੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਸ਼ਾਮਲ ਸਨ, ਪਰ ਹਥਲੇ ਲੇਖ ਵਿਚ ਮੈਂ ਇਸ ‘ਟੋਪੀ ਵਿਵਾਦ’ ਦੀ ਗੱਲ ਛੇੜਨ ਦੀ ਬਜਾਏ, ਇਸ ਮੌਕੇ ਦੀ ਬਣੀ ਅਤੇ ਮੇਰੇ ਪਾਸ ਪਹੁੰਚੀ ਢਾਈ-ਤਿੰਨ ਮਿੰਟ ਦੀ ਵੀਡੀਓ ਸਬੰਧੀ ਚਰਚਾ ਕਰਨੀ ਹੈ।
ਇਸ ਵਿਚਿੱਤਰ ਵੀਡੀਓ ਦੀ ਵਿਆਖਿਆ ਪੜ੍ਹਨ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਹੀ ਵਾਪਰੀਆਂ ਦੋ ਅਹਿਮ ਘਟਨਾਵਾਂ ਧਿਆਨ ਵਿਚ ਰੱਖਣੀਆਂ ਬਿਹਤਰ ਰਹੇਗਾ। 20 ਜਨਵਰੀ 2016 ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਤੇ 3 ਜੂਨ 2016 ਵਾਲੇ ਦਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕਣ ਗਿਆਂ ਨੂੰ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਰੁਟੀਨ ਅਨੁਸਾਰ ਸਿਰੋਪਾਓ ਭੇਟ ਨਹੀਂ ਸਨ ਕੀਤੇ। ਦੋਹਾਂ ਮੌਕਿਆਂ ‘ਤੇ ਉਸ ਨੂੰ ਪ੍ਰਬੰਧਕਾਂ ਨੇ ਸਿਰੋਪਾਓ ਦੇਣ ਲਈ ਜ਼ੋਰ ਵੀ ਪਾਇਆ ਸੀ, ਪਰ ਉਸ ਨੇ ਬਰਗਾੜੀ ਕਾਂਡ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਪੰਜਾਬ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਨਾ ਕਰ ਸਕਣ ਦੇ ਰੋਸ ਵਜੋਂ ‘ਉਤਲੇ ਹੁਕਮਾਂ’ ਦੀ ਵੀ ਪ੍ਰਵਾਹ ਨਹੀਂ ਸੀ ਕੀਤੀ। ਸੁਖਬੀਰ ਸਿੰਘ ਬਾਦਲ ਵੇਲੇ ਤਾਂ ਇਹ ਵਾਕਿਆ ਦੱਬ-ਘੁੱਟ ਗਿਆ ਸੀ, ਪਰ ਵੱਡੇ ਬਾਦਲ ਮੌਕੇ ਉਨ੍ਹਾਂ ਨੂੰ ਸਿਰੋਪਾਓ ਨਾ ਦੇਣ ਦਾ ਮਸਲਾ ਸੋਸ਼ਲ ਮੀਡੀਆ ਵਿਚ ਕਾਫੀ ਭਖਿਆ ਰਿਹਾ। ਅਸਲ ਗੱਲ ਨੂੰ ਢਕੌਂਸਲਿਆਂ ਅਤੇ ਚੁਟਕਲਿਆਂ ਵਿਚ ਦਫਨਾਉਣ ਦੇ ਮਾਹਰ ਵੱਡੇ ਬਾਦਲ ਨੇ ਉਦੋਂ ਪੱਤਰਕਾਰਾਂ ਨੂੰ ਇਹ ਜਵਾਬ ਦਿੱਤਾ ਸੀ ਕਿ ਮੈਂ ਦਰਬਾਰ ਸਾਹਿਬ ਵਿਖੇ ਸ਼ਰਧਾ ਨਾਲ ਮੱਥਾ ਟੇਕਣ ਜਾਂਦਾ ਹਾਂ, ਸਿਰੋਪਾਓ ਲੈਣ ਨਹੀਂ।
ਵਿਚਾਰ ਅਧੀਨ ਵੀਡੀਓ ਵਿਚਲਾ ਦ੍ਰਿਸ਼ ਸਾਫ ਦੱਸਦਾ ਹੈ ਕਿ ਇਸ ਵਾਰ ਕਿਸੇ ‘ਨਵੇਂ ਬਲਬੀਰ ਸਿੰਘ’ ਦੇ ਪੈਦਾ ਹੋ ਜਾਣ ਦੇ ਡਰੋਂ ਸ਼੍ਰੋਮਣੀ ਕਮੇਟੀ ਨੇ ‘ਸਖਤ ਪ੍ਰਬੰਧ’ ਕੀਤੇ ਹੋਏ ਸਨ। ਸ੍ਰੀ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਅਸਥਾਨ ਦੇ ਮੂਹਰੇ ਊਨੀ ਟੋਪੀ ਪਹਿਨੇ ਸ੍ਰੀ ਨਰੇਂਦਰ ਮੋਦੀ ਪੰਜ ਵਾਰ ਮੱਥਾ ਟੇਕਦੇ ਹਨæææਪ੍ਰਕਾਸ਼ ਸਿੰਘ ਬਾਦਲ ਖੜ੍ਹੇ-ਖੜ੍ਹੇ ਹੀ ਕੋਈ ਨੋਟ ਸੁੱਟ ਰਹੇ ਹਨ ਤੇ ਸੁਨਹਿਰੀ ਜੰਗਲੇ ‘ਤੇ ਦੋ ਕੁ ਉਂਗਲਾਂ ਲਾ ਕੇ ਮੱਥੇ ਵੱਲ ਲਿਜਾਂਦੇ ਹਨ। ਫਿਰ ਸਿਰੋਪਾਓ ਦੇਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ….ਸੱਜੇ ਖੱਬੇ ਦੋਹਾਂ ਸਿਰਿਆਂ ‘ਤੇ ਸ਼੍ਰੋਮਣੀ ਕਮੇਟੀ ਦੇ ਦੋ ਆਗੂ ਬੜੇ ‘ਅਲਰਟ’ ਦਿਖਾਈ ਦਿੰਦੇ ਨੇ….ਖੱਬੇ ਪਾਸੇ ਵਾਲਾ ਸਿਰੋਪਾਓ ਚੁੱਕੀ ਖੜ੍ਹੇ ਅਰਦਾਸੀਏ ਸਿੰਘ ਨੂੰ ਅੱਗੇ ਹੋਣ ਦਾ ਇਸ਼ਾਰਾ ਕਰਦਾ ਹੈ….ਸੱਜੇ ਪਾਸੇ ਵਾਲਾ ਆਗੂ ਸਿਰ ਝੁਕਾਉਣ ਬਾਅਦ ਖੜ੍ਹੇ ਹੋ ਰਹੇ ਪ੍ਰਧਾਨ ਮੰਤਰੀ ਵੱਲ ਲੰਬੀ ਬਾਂਹ ਕਰ ਕੇ ਅਰਦਾਸੀਏ ਨੂੰ ਉਨ੍ਹਾਂ ਦੇ ਗਲ ਵਿਚ ਸਿਰੋਪਾਓ ਪਾਉਣ ਨੂੰ ਕਹਿੰਦਾ ਹੈæææਫਿਰ ਵੱਡੇ ਬਾਦਲ ਦੇ ਸਿਰੋਪਾਓ ‘ਪੁਆਇਆ’ ਜਾਂਦਾ ਹੈ, ਤੇ ਫਿਰ ਸੁਖਬੀਰ ਸਿੰਘ ਬਾਦਲ ਦੇæææਸੱਜੇ ਪਾਸੇ ਵਾਲਾ ਆਗੂ ਹਫੜਾ-ਦਫੜੀ ਜਿਹੀ ਵਿਚ ਵਾਰ-ਵਾਰ ਬਾਂਹ ਕੱਢ ਕੱਢ ਕੇ ਅਰਦਾਸੀਏ ਸਿੰਘ ਨੂੰ ‘ਦਿਸ਼ਾ ਨਿਰਦੇਸ਼’ ਦੇਈ ਜਾ ਰਿਹਾ ਹੈæææਇਕ ਪਲ ਅਰਦਾਸੀਆ ਸਿੰਘ ਖੱਬੇ ਵਾਲੇ ਆਗੂਆਂ ਕੋਲੋਂ ਹੱਥ ਜੋੜ ਕੇ ਕੁਝ ਪੁੱਛਦਾ ਹੈ ਤੇ ਫਿਰ ਕਾਹਲੀ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਦੇ ਗਲ ਵਿਚ ਸਿਰੋਪਾਓ ਪਾਉਂਦਾ ਹੈ। ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਵੀ ਖੱਬੇ ਖੜ੍ਹੇ ਆਗੂ ਨੂੰ ਖੜ੍ਹਿਆਂ ਵਿਚੋਂ ਕਿਸੇ ਹੋਰ ਜਣੇ ਨੂੰ ਵੀ ਸਿਰੋਪਾਓ ਦਿਵਾਉਣ ਦਾ ਹੱਥ ਨਾਲ ਇਸ਼ਾਰਾ ਕਰਦਾ ਹੈ। ਸੱਜੇ-ਖੱਬੇ ਵਾਲੇ ਉਚ ਆਗੂਆਂ ਵੱਲੋਂ ਇਸ਼ਾਰੇ ਪਾ ਪਾ ‘ਹੱਥ ਬੰਨ੍ਹੀ’ ਸਿਰੋਪਾਓ ਦੇ ਰਹੇ ਅਰਦਾਸੀਏ ਭਾਈ ਵੱਲ ਦੇਖ ਕੇ ਸਾਬਕਾ ਅਰਦਾਸੀਆ ਭਾਈ ਬਲਬੀਰ ਸਿੰਘ ਵਾਰ-ਵਾਰ ਚੇਤੇ ਆਉਂਦਾ ਹੈ (ਲੇਖ ਲਿਖਦਿਆਂ ਇਸ ਦੇ ਬਹਾਲ ਹੋਣ ਦੀ ਖਬਰ ਆ ਗਈ)।
ਸਰਬ ਸਾਂਝੇ ਤੇ ਰੂਹਾਨੀਅਤ ਦੇ ਕੇਂਦਰ ਇਸ ਅਧਿਆਤਮਕ ਮਾਹੌਲ ਵਾਲੇ ਅਸਥਾਨ ਵਿਖੇ ਕੁਝ ਮਿੰਟ ਆਪਾ-ਧਾਪੀ ਜਿਹੀ ਦੌਰਾਨ ਗੁਰੂ ਮਹਾਰਾਜ ਦੀ ਤਾਬਿਆ ਬੈਠਾ ਗ੍ਰੰਥੀ ਸਿੰਘ ਚੌਰ ਤਾਂ ਕਰੀ ਜਾ ਰਿਹਾ ਹੈ, ਪਰ ਉਹਦੀ ਤੇ ਨਾਲ ਬੈਠੇ ਸਹਾਇਕ ਸਿੰਘ ਦੀ ਨਜ਼ਰ, ਅਤਿਥੀਆਂ ‘ਤੇ ਹੀ ਗੱਡੀ ਰਹਿੰਦੀ ਹੈæææਇਸੇ ਦੌਰਾਨ ਇਕ ਹੋਰ ਅਤਿਅੰਤ ਦੁਖਦਾਈ ਦ੍ਰਿਸ਼ ਨਜ਼ਰੀ ਪੈਂਦਾ ਹੈæææਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਅਨੁਸਾਰ ਵੱਡੇ ਤੜਕੇ ਇਸ ਦੇ ਕਿਵਾੜ ਖੁੱਲ੍ਹਣ ਤੋਂ ਲੈ ਕੇ, ਗਈ ਰਾਤ ਕਿਵਾੜ ਬੰਦ ਹੋਣ ਤੱਕ, ਕਿਸੇ ਘੜੀ ਵੀ ਇਲਾਹੀ ਕੀਰਤਨ ਬੰਦ ਨਹੀਂ ਹੁੰਦਾ। ਇਥੋਂ ਕੀਰਤਨ ਧੁਨਾਂ ਸਦਾ ਹੀ ਵੱਜਦੀਆਂ ਰਹਿੰਦੀਆਂ ਹਨ ਪਰ ਇਸ ਵੀਡੀਓ ਵਿਚ ਕੀਰਤਨੀ ਜਥਾ ਆਪਣੇ ਡਿਊਟੀ ਸਥਾਨ ‘ਤੇ ਬੈਠਾ ਹੈ। ਉਨ੍ਹਾਂ ਦੇ ਮੂਹਰੇ ਹਾਰਮੋਨੀਅਮ ਤੇ ਤਬਲੇ ਅਣਕੱਜੇ ਪਏ ਹਨ, ਪਰ ਉਹ ਖਾਮੋਸ਼ ਬੈਠੇ ਸਾਹਮਣੇ ਦੇਖੀ ਜਾ ਰਹੇ ਹਨ….ਗਲਾਂ ਵਿਚ ਸਿਰੋਪਾਓ ਪੁਆ ਕੇ ਇਹ ‘ਵੀæਆਈæਪੀæ ਕਾਫਲਾ’ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿਚੋਂ ਬਾਹਰ ਚਲਾ ਜਾਂਦਾ ਹੈ।
ਸੋਸ਼ਲ ਸਾਈਟਾਂ ‘ਤੇ ਪੜ੍ਹ ਸੁਣ ਕੇ ਅਤੇ ਆਪਣੇ ਅੱਖੀਂ ਕੀਰਤਨੀਏ ਅਬੋਲ ਬੈਠੇ ਦੇਖ ਕੇ, ਹਿਰਖ ਵਿਚ ਆਉਂਦਿਆਂ ਮੈਂ ਸ੍ਰੀ ਅੰਮ੍ਰਿਤਸਰ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੀ ਇਕ ਸੀਨੀਅਰ ਮੈਂਬਰ ਬੀਬੀ ਨੂੰ ਫੋਨ ਕੀਤਾ। ਕੀਰਤਨ ਬੰਦ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ, ਕੀਰਤਨ ਬੰਦ ਕਰਾਉਣ ਦਾ ਤਾਂ ਕੋਈ ਕਾਰਨ ਨਹੀਂ ਬਣਦਾ ਹੈਗਾ….ਹੋ ਸਕਦਾ ਐ ਕਿ ਪਹਿਲੇ ਰਾਗੀ ਦੀ ਡਿਊਟੀ ਬਦਲਣ ਬਾਅਦ ਆਉਣ ਵਾਲਾ ਜਥਾ ਲੇਟ ਹੋ ਗਿਆ ਹੋਵੇ!
ਧਾਰਮਿਕ ਅਸਥਾਨਾਂ ਵਿਚ ਸਿਆਸੀ ਚੌਧਰ ਦੇ ਦਖਲ ਵਿਰੁਧ ਚੇਤਨਾ ਪੈਦਾ ਕਰਨ ਅਤੇ ਵਿਚਾਰ ਜਾਣਨ ਦੀ ਚਾਹਤ ਸਦਕਾ ਮੈਂ ਇਹ ਵੀਡੀਓ ਆਪਣੇ ਚੋਣਵੇਂ ਮਿੱਤਰਾਂ ਨੂੰ ਭੇਜ ਦਿੱਤੀ। ਉਨ੍ਹਾਂ ਵਿਚੋਂ ਕੁਝ ਨੇ ਫੋਨ ‘ਤੇ ਆਪਣੇ ਵਲਵਲੇ ਸਾਂਝੇ ਕੀਤੇ ਅਤੇ ਕੁਝ ਨੇ ਦਿਲੀ ਪੀੜਾ ਲਿਖਤੀ ਰੂਪ ਵਿਚ ਸਾਂਝੀ ਕੀਤੀ। ਇਥੇ ਟਿੱਪਣੀਆਂ ਮਾਤਰ ਕੁਝ ਕੁ ਦਾ ਵੇਰਵਾ ਦੇ ਰਿਹਾ ਹਾਂ।
ਇਤਿਹਾਸ ਪੜ੍ਹਾਕੂ ਇਕ ਸੱਜਣ ਨੇ ਇਸ ਵੀਡੀਓ ਵਿਚਲੀਆਂ ਕੁਝ ਸਿੱਖ ਸ਼ਖਸੀਅਤਾਂ ਦੇ ਕਿਰਦਾਰ ਦਾ, ਸ੍ਰੀ ਅਨੰਦਪੁਰ ਸਾਹਿਬ ਦੀ ਇਕ ਇਤਿਹਾਸਕ ਝਾਕੀ ਨਾਲ ਮੌਕਾ ਮੇਲ ਦਰਸਾਉਂਦਿਆਂ ਆਖਿਆ ਕਿ ਪਹਾੜੀ ਰਾਜੇ ਅਜਮੇਰ ਚੰਦ ਨੇ ਅਗਸਤ 1700 ਵਿਚ ਸ਼ਰਾਬ ਪਿਆ ਕੇ ਜ਼ੱਰਾਬਖਤਰ ਨਾਲ ਸਜਾਇਆ ਖੂਨੀ ਹਾਥੀ ਅਨੰਦਗੜ੍ਹ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਭੇਜਣ ਦੀ ਸਕੀਮ ਬਣਾਈ। ਸੂਹੀਏ ਵੱਲੋਂ ਗੁਰੂ ਦਰਬਾਰ ਵਿਚ ਦਿੱਤੀ ਸੂਚਨਾ ਸੁਣ ਕੇ ਦਸਵੇਂ ਗੁਰੂ ਜੀ ਨੇ ਮੁਸਕਰਾਉਂਦਿਆਂ ਹਾਥੀ ਦਾ ਮੁਕਾਬਲਾ ਕਰਨ ਲਈ ਆਪਣੇ ਉਸ ਦੁਨੀ ਚੰਦ ਮਸੰਦ ਨੂੰ ਚੁਣਿਆ ਜਿਹੜਾ ਲੰਗਰਾਂ ਵਿਚ ਮੁਫਤ ਦੀਆਂ ਖਾ ਖਾ ਕੇ ਹਾਥੀ ਵਾਂਗ ਹੀ ਪਲਿਆ ਹੋਇਆ ਸੀ।
ਪਰ ਦਿਨ ਚੜ੍ਹਨ ਤੋਂ ਪਹਿਲਾਂ ਹੀ ਦੁਨੀ ਚੰਦ ਆਪਣੇ ਹੋਰ ਸਾਥੀ ਮਸੰਦਾਂ ਨੂੰ ਨਾਲ ਲੈ ਕੇ ਗੁਰੂ ਦਾ ਸਾਥ ਛੱਡ ਕੇ ਭਗੌੜਾ ਹੋ ਗਿਆ। ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਜੰਗ ਮੁੱਕਣ ਤੋਂ ਬਾਅਦ ਅਮਨ-ਅਮਾਨ ਵੇਲੇ ਗੁਰੂ ਦਰਬਾਰ ਵਿਖੇ ਹੋਏ ਕਿਸੇ ਸਮਾਗਮ ਵਿਚ ਦੁਨੀ ਚੰਦ ਹੁਰੀਂ ਮੁੜ ਆ ਗਏ ਹੋਣ ਅਤੇ ਨਾਗਣੀ ਬਰਛੀ ਨਾਲ ਹਾਥੀ ਦਾ ਮੱਥਾ ਪਾੜਨ ਵਾਲੇ ਭਾਈ ਬਚਿੱਤਰ ਸਿੰਘ ਵਰਗਿਆਂ ਦੀ ਸ਼ਹਾਦਤ ਉਪਰੰਤ ਸਿਰੋਪਾਓ ਵੰਡਣ ਦੀ ਸੇਵਾ ਨਿਭਾ ਰਹੇ ਹੋਣ।
ਦੂਸਰੇ ਸੱਜਣ ਨੇ ਵੀਡੀਓ ਬਾਰੇ ਆਪਣੇ ਵੱਲੋਂ ਕੁਝ ਨਾ ਲਿਖ ਕੇ ਪਾਕਿਸਤਾਨੀ ਸ਼ਾਇਰ ਬਾਬਾ ਨਜ਼ਮੀ ਦੇ ਦੋ ਸ਼ਿਅਰ ਸਾਂਝੇ ਕੀਤੇ:
ਸ਼ੱਕਰ ਨਾਲੋਂ ਮਿੱਠੀ ਲੱਗੇ ਮਿੱਟੀ ਤੇਰੀ ਧਰਤੀ ਦੀ,
ਸੂਲਾਂ ਵਾਂਗੂੰ ਚੁਭਿਆ ਮੈਨੂੰ ਚੌਂਕੀਦਾਰ ਮਦੀਨੇ ਦਾ।
ਸੱਭੇ ਸੋਚਾਂ ਸੱਭੇ ਸੱਧਰਾਂ ਵੇਖ ਕੇ ਮਿੱਟੀ ਹੋਈਆਂ,
ਏਥੇ ਵੀ ‘ਸਰਦਾਰਾਂ’ ਹੱਥ ਏ ਕਾਰੋਬਾਰ ਮਦੀਨੇ ਦਾ?
ਹੈਰਾਨੀ, ਗੁੱਸੇ ਤੇ ਸਦਮੇ ਰਲੀ-ਮਿਲੀ ਭਾਵਨਾ ਤਹਿਤ ‘ਓ ਤੇਰਾ ਭਲਾ….’ ਕਹਿੰਦਿਆਂ ਇਕ ਦੋਸਤ ਬਰਾਤਾਂ ਦੇ ਢੁਕਾਅ ਵੇਲੇ ਦਾ ਦ੍ਰਿਸ਼ ਬਿਆਨਦਿਆਂ ਬੋਲਿਆ, ਅਖੇ ਜਿਵੇਂ ਮਿਲਣੀ ਦੀ ਰਸਮ ਵੇਲੇ ਵਿਚੋਲਾ ਨੱਠਾ-ਭੱਜਾ ਫਿਰਦਾ ਹੁੰਦਾ ਐ ਕਿ ਹੁਣ ਮਾਮੇ ਨੂੰ ਮੁੰਦੀ ਪਾਓ, ਹੁਣ ਫੁੱਫੜ ਨੂੰ ਕੰਬਲ ਫੜਾਓ, ਹੁਣ ਮਾਸੜ ਦੀ ਮਿਲਣੀ ਕਰਾਓ। ਉਹੀ ਹਾਲ ਇਸ ਵੀਡੀਓ ਵਿਚਲੇ ਦ੍ਰਿਸ਼ ਦਾ ਹੈ ਭਰਾਵਾ! ਇਕ ਹੋਰ ਵੀਰ ਦਾ ਸੁਝਾਅ ਸੀ ਕਿ ਇਹ ਵੀਡੀਓ ਤਾਂ ਹਰ ਪੰਜਾਬੀ ਨੂੰ ਦਿਖਾਉਣੀ ਚਾਹੀਦੀ ਹੈ। ਇਸੇ ਭਰਾ ਦੇ ਕਹਿਣ ਉਤੇ ਇਸ ਵਿਚਿੱਤਰ ਵੀਡੀਓ ਦੀ ਵਿਆਖਿਆ ਲਿਖੀ ਹੈ, ਕਿਉਂਕਿ ਉਸ ਨੇ ਕਿਹਾ ਕਿ ਜਿਨ੍ਹਾਂ ਕੋਲ ਵੀਡੀਓ ਚਲਾਉਣ ਵਾਲੇ ਫੋਨ ਨਹੀਂ ਹਨ, ਉਨ੍ਹਾਂ ਲਈ ਇਸ ਦਾ ਲਿਖਤੀ ਰੂਪ ਜ਼ਰੂਰ ਪਹੁੰਚਣਾ ਚਾਹੀਦਾ ਹੈ।

– ਤਰਲੋਚਨ ਸਿੰਘ ਦੁਪਾਲਪੁਰ

You must be logged in to post a comment Login