ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਭਾਰਤ ਤੇ ਸਿੱਖਾਂ ਨਾਲ ਰਹੀ ਹੈ ਡਾਢੀ ਨੇੜਤਾ

ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਭਾਰਤ ਤੇ ਸਿੱਖਾਂ ਨਾਲ ਰਹੀ ਹੈ ਡਾਢੀ ਨੇੜਤਾ

ਲੰਦਨ : ਇੰਗਲੈਂਡ (UK) ਦੇ ਨਵੇਂ ਪ੍ਰਧਾਨ ਮੰਤਰੀ (PM) ਬੋਰਿਸ ਜੌਨਸਨ ਦਾ ਜੀਵਨ ਬਹੁਤ ਵੱਖੋ–ਵੱਖਰੀ ਕਿਸਮ ਦੀਆਂ ਗੱਲਾਂ ਨਾਲ ਭਰਿਆ ਹੋਇਆ ਹੈ; ਇਸੇ ਲਈ ਉਹ ਸਦਾ ਹੀ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਰਹੇ ਹਨ। ਸ੍ਰੀ ਬੋਰਿਸ ਜੌਨਸਨ ਦਾ ਸਬੰਧ ਕਿਸੇ ਨਾ ਕਿਸੇ ਤਰ੍ਹਾਂ ਭਾਰਤ ਨਾਲ ਵੀ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਪਤਨੀ ਮੇਰਿਨਾ ਵ੍ਹੀਲਰ ਭਾਰਤੀ ਮੂਲ ਦੇ ਹਨ। ਹੁਣ ਭਾਵੇਂ ਦੋਵੇਂ ਵੱਖ ਹੋ ਚੁੱਕੇ ਹਨ। 55 ਸਾਲਾ ਸ੍ਰੀਮਤੀ ਮੇਰਿਨਾ ਦਰਅਸਲ ਬੀਬੀਸੀ (BBC – ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ) ਦੇ ਦਿੱਲੀ ਸਥਿਤ ਸਟਾਫ਼ ਰਿਪੋਰਟਰ ਸ੍ਰੀ ਚਾਰਲਸ ਵ੍ਹੀਲਰ ਦੀ ਧੀ ਹਨ। ਸ੍ਰੀ ਚਾਰਲਸ ਦੀ ਡਿਊਟੀ 1960ਵਿਆਂ ਦੌਰਾਨ ਭਾਰਤ ਵਿੱਚ ਹੀ ਹੁੰਦੀ ਸੀ। ਸ੍ਰੀ ਚਾਰਲਸ ਦੀ ਦੂਜੀ ਪਤਨੀ ਦੀਪ ਸਿੰਘ ਦਾ ਜਨਮ ਭਾਵੇਂ ਸਰਗੋਧਾ (ਹੁਣ ਪਾਕਿਸਤਾਨ ’ਚ) ਵਿਖੇ ਹੋਇਆ ਸੀ ਪਰ ਉਨ੍ਹਾਂ ਦਾ ਪਰਿਵਾਰ 1947 ’ਚ ਦੇਸ਼ ਦੀ ਵੰਡ ਦੌਰਾਨ ਭਾਰਤ ਆ ਗਿਆ ਸੀ। ਉਨ੍ਹਾਂ 1961 ’ਚ ਦਿੱਲੀ ਵਿਖੇ ਵਿਆਹ ਰਚਾਇਆ ਸੀ। ਇੰਗਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਬੋਰਿਸ ਜੌਨਸਨ ਨੂੰ ਵਿਆਹ ਤੋਂ ਬਾਅਦ ਇਸੇ ਲਈ ਬਹੁਤ ਵਾਰ ਭਾਰਤ ਆਉਣਾ–ਜਾਣਾ ਪੈਂਦਾ ਸੀ ਕਿਉਂਕਿ ਉਨ੍ਹਾਂ ਦੀ ਪਤਨੀ ਮੇਰਿਨਾ ਦੇ ਬਹੁਤ ਸਾਰੇ ਪਰਿਵਾਰਕ ਮੈਂਬਰ ਭਾਰਤ ’ਚ ਹੀ ਰਹਿੰਦੇ ਸਨ। ਮੇਰਿਨਾ ਦੀ ਮਾਂ ਦੀਪ ਸਿੰਘ ਦਾ ਪਹਿਲਾ ਵਿਆਹ ਦਿੱਲੀ ਦੇ ਉੱਘੇ ਬਿਲਡਰ ਸ਼ੋਭਾ ਸਿੰਘ ਦੇ ਚਾਰ ਲੜਕਿਆਂ ਵਿੱਚੋਂ ਇੱਕ ਦਲਜੀਤ ਸਿੰਘ ਨਾਲ ਹੋਇਆ ਸੀ। ਉੱਘੇ ਪੱਤਰਕਾਰ ਤੇ ਲੇਖਕ ਖ਼ੁਸ਼ਵੰਤ ਸਿੰਘ ਅਸਲ ਵਿੱਚ ਸ੍ਰੀ ਦਲਜੀਤ ਸਿੰਘ ਦੇ ਭਰਾ ਹੀ ਹਨ। ਸ੍ਰੀ ਜੌਨਸਨ ਆਮ ਤੌਰ ਉੱਤੇ ਆਪਣੀ ਗੱਲਬਾਤ ਵਿੱਚ ਆਪਣੇ ਭਾਰਤੀ ਰਿਸ਼ਤੇਦਾਰਾਂ ਦੀ ਗੱਲ ਕਰਦੇ ਹੀ ਰਹਿੰਦੇ ਹਨ। ਇਸੇ ਲਈ ਉਨ੍ਹਾਂ ਨੂੰ ਸਿੱਖ ਪੰਥ ਤੇ ਕੌਮ ਬਾਰੇ ਵੀ ਬਹੁਤ ਜਾਣਕਾਰੀ ਹੈ।

You must be logged in to post a comment Login