ਉਮੀਦਾਂ ’ਤੇ ਭਾਰੂ ਨਾ ਹੋਵੇ ਡਰ ਦੀ ਸਿਆਸਤ: ਮਨਮੋਹਨ ਸਿੰਘ

ਉਮੀਦਾਂ ’ਤੇ ਭਾਰੂ ਨਾ ਹੋਵੇ ਡਰ ਦੀ ਸਿਆਸਤ: ਮਨਮੋਹਨ ਸਿੰਘ

ਜੈਪੁਰ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਰਾਜਸਥਾਨ ਦੇ ਵਿਧਾਇਕਾਂ ਨੂੰ ਲੋਕਾਂ ਵਿੱਚ ਆਪਣੇ ਪ੍ਰਤੀ ਭਰੋਸਾ ਪੈਦਾ ਕਰਨ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਦੇਸ਼ ਦਾ ਭਲਾ ਇਸ ’ਚ ਹੈ ਕਿ ਆਸ ਦੀ ਰਾਜਨੀਤੀ ਉੱਤੇ ਡਰ ਦੀ ਰਾਜਨੀਤੀ ਭਾਰੂ ਨਾ ਹੋਵੇ, ਇਸ ਵਾਸਤੇ ਉਹ ਲੋਕਾਂ ’ਚ ਭਰੋਸਾ ਪੈਦਾ ਕਰਨ। ਉਹ ਰਾਜਸਥਾਨ ਵਿਧਾਨ ਸਭਾ ਮੈਂਬਰਾਂ ਦੇ ਓਰੀਐਂਟੇਸ਼ਨ ਸੈਸ਼ਨ ਦੇ ਸਮਾਪਤੀ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਸ੍ਰੀ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਕ ਮਸ਼ਹੂਰ ਸਿੱਖਿਆ ਸ਼ਾਸਤਰੀ ਨੇ ਕਿਹਾ ਸੀ ਖ਼ਤਰਾ ਹੈ ਕਿ ਡਰ ਦੀ ਰਾਜਨੀਤੀ, ਆਸ ਦੀ ਰਾਜਨੀਤੀ ’ਤੇ ਭਾਰੂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਵਿਧਾਇਕਾਂ ’ਤੇ ਨਿਰਭਰ ਕਰਦਾ ਹੈ ਕਿ ਡਰ ਦੀ ਰਾਜਨੀਤੀ, ਆਸ ਦੀ ਰਾਜਨੀਤੀ ’ਤੇ ਭਾਰੀ ਨਾ ਹੋਵੇ ਜਿਸ ਦੀ ਦੇਸ਼ ਨੂੰ ਸਖ਼ਤ ਲੋੜ ਵੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਪ੍ਰਮੁੱਖ ਸਮੱਸਿਆਵਾਂ ਗ਼ਰੀਬੀ ਤੇ ਬਿਮਾਰੀਆਂ ਹਨ ਜਿਨ੍ਹਾਂ ਤੋਂ ਲੱਖਾਂ ਲੋਕ ਦੁਖੀ ਹਨ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ‘‘ਤੁਸੀਂ, ਵਿਧਾਇਕ ਵਜੋਂ ਸਭ ਤੋਂ ਪਹਿਲਾਂ ਸਮੱਸਿਆ ਜਾਣਦੇ ਹੋ। ਇਸ ਵਾਸਤੇ, ਲੋਕਾਂ ’ਚ ਇਹ ਭਰੋਸਾ ਪੈਦਾ ਕਰਨਾ ਤੁਹਾਡੀ ਪਹਿਲ ਹੋਣੀ ਚਾਹੀਦੀ ਹੈ ਕਿ ਉਹ ਤੁਹਾਡੀ ਯੋਗ ਲੀਡਰਸ਼ਿਪ ਅਧੀਨ ਹਨ ਜੋ ਉਨ੍ਹਾਂ ਨੂੰ ਖੁਸ਼ਹਾਲ ਜ਼ਿੰਦਗੀ ਜਿਊਣ ਦੀ ਆਜ਼ਾਦੀ ਦਿੰਦੀ ਹੈ।’’ ਉਨ੍ਹਾਂ ਕਿਹਾ ਕਿ ਉਹ ਇਕ ਦੇਸ਼ ਵਜੋਂ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਆਸ਼ਾਵਾਦੀ ਹਨ। ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਕਦਰਾਂ-ਕੀਮਤਾਂ ਨਾਲ ਸਾਨੂੰ ਲੋਕਤੰਤਰ ਦੇ ਰਾਹ ’ਤੇ ਆਪਣੀ ਯਾਤਰਾ ਜਾਰੀ ਰੱਖਣੀ ਚਾਹੀਦੀ ਹੈ। ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ, ‘‘ਮੈਨੂੰ ਆਸ ਹੈ ਕਿ ਅਸੀਂ ਦਲੇਰੀ ਤੇ ਆਪਣੇ ਅੰਦਰ ਵਿਸ਼ਵਾਸ ਭਰ ਕੇ ਆਪਣੇ ਭਵਿੱਖ ਵੱਲ ਵਧਾਂਗੇ।’’ ਸ੍ਰੀ ਸਿੰਘ ਨੇ ਕਿਹਾ ਕਿ ਇਕ ਵਿਧਾਇਕ ਨੂੰ ਹੋਰਨਾਂ ਨੂੰ ਸੁਣਨ ਦੀ ਆਦਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਕੁਝ ਘਟਨਾਵਾਂ ’ਚ ਵਿਧਾਇਕਾਂ ਵੱਲੋਂ ਅਪਣਾਏ ਗਏ ਬੇਲਗਾਮ ਰਵੱਈਏ ਤੋਂ ਉਨ੍ਹਾਂ ਨੂੰ ਕਾਫੀ ਤਕਲੀਫ਼ ਹੋਈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਉਨ੍ਹਾਂ ਦੇ ਹਲਕਿਆਂ ਦੇ ਵਿਕਾਸ ਲਈ ਲੋਕਲ ਏਰੀਆ ਫੰਡਾਂ ਦੀ ਪੂਰੀ ਵਰਤੋਂ ਕਰਨੀ ਚਾਹੀਦੀ ਹੈ।

You must be logged in to post a comment Login