ਉੜੀਸਾ ‘ਚ ਬਾਬੇ ਨਾਨਕ ਨਾਲ ਸਬੰਧਤ ਮੰਗੂ ਮੱਠ ਦਾ ਵਪਾਰਕ ਹਿੱਸਾ ਢਾਹੇ ਜਾਣ ਦੀ ਪ੍ਰਕਿਰਿਆ ਜਾਰੀ

ਉੜੀਸਾ ‘ਚ ਬਾਬੇ ਨਾਨਕ ਨਾਲ ਸਬੰਧਤ ਮੰਗੂ ਮੱਠ ਦਾ ਵਪਾਰਕ ਹਿੱਸਾ ਢਾਹੇ ਜਾਣ ਦੀ ਪ੍ਰਕਿਰਿਆ ਜਾਰੀ

ਸ੍ਰੀ ਜਗਨਨਾਥ ਪੁਰੀ (ਉੜੀਸਾ): ਉੜੀਸਾ ਦੇ ਸ੍ਰੀ ਜਗਨਨਾਥ ਪੁਰੀ ਵਿਚ ਬਾਬੇ ਨਾਨਕ ਨਾਲ ਸਬੰਧਤ ਇਤਿਹਾਸਕ ਮੰਗੂ ਮੱਠ ਦਾ ਵਪਾਰਕ ਹਿੱਸਾ ਢਾਹੇ ਜਾਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਸਿੱਖਾਂ ਨੂੰ ਵਾਰ-ਵਾਰ ਪੂਰਾ ਭਰੋਸਾ ਦੇ ਰਿਹਾ ਹੈ ਕਿ ਮੰਗੂ ਮੱਠ ਦਾ ‘ਪੂਜਾ ਸਥਲੀ’ ਹਿੱਸਾ ਮੂਲ ਰੂਪ ਵਿਚ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਜਾਵੇਗਾ ਪਰ ਸਿੱਖ ਅੱਜ ਜ਼ਿਲ੍ਹਾ ਕੁਲੈਕਟਰ ਬਲਵੰਤ ਸਿੰਘ ਰਾਠੌੜ ਨੂੰ ਮਿਲ ਕੇ ਦੋ ਟੁਕ ਕੇ ਆਏ ਹਨ ਕਿ ਮੰਗੂ ਮੱਠ ਵਿਚ ਪਹਿਲਾਂ ਦੀ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਮੁੜ ਪ੍ਰਕਾਸ਼ ਕੀਤਾ ਜਾਵੇ।ਜ਼ਿਲ੍ਹਾ ਕੁਲੈਕਟਰ ਨੇ ਇਸ ਨੂੰ ਅਪਣੇ ਅਧਿਕਾਰ ਖੇਤਰ ਦਾ ਵਿਸ਼ਾ ਨਾ ਦਸਦੇ ਹੋਏ ਹਾਲ ਦੀ ਘੜੀ ਇਸ ਬਾਰੇ ਕੋਈ ਠੋਸ ਭਰੋਸਾ ਤਾਂ ਨਹੀਂ ਦਿਤਾ ਪਰ ਉਹ ਇਸ ਗੱਲ ‘ਤੇ ਵੀ ਨਹੀਂ ਆਏ ਕਿ ਉਹ ਸਿੱਖਾਂ ਦੀ ਇਸ ਮੰਗ ਨੂੰ ਸਰਕਾਰ ਦੇ ਪੱਧਰ ਉਤੇ ਘੱਟੋ ਘੱਟ ਇਕ ਵਾਰ ਵਿਚਾਰਨਗੇ ਜਿਸ ਕਰ ਕੇ ਸੁਪਰੀਮ ਕੋਰਟ ਵਿਚ ਇਹ ਕੇਸ ਲੜ ਰਹੀ ਗ਼ੈਰ ਸਰਕਾਰੀ ਸੰਸਥਾ ਯੂਨਾਈਟਿਡ ਸਿੱਖਜ਼ ਦੇ ਨੁਮਾਇੰਦੇ ਜਸਮੀਤ ਸਿੰਘ ਅਤੇ ਸਥਾਨਕ ਸਿੱਖ ਨਿਰਾਸ਼ਾ ਦੇ ਮਾਹੌਲ ਵਿਚ ਜ਼ਿਲ੍ਹਾ ਕੁਲੈਕਟਰ ਨੂੰ ਮਿਲ ਕੇ ਵਾਪਸ ਪਰਤ ਆਏ। ਇਸ ਤੋਂ ਪਹਿਲਾਂ ਅੱਜ ਸਵੇਰੇ ਜਿਉਂ ਹੀ ਸਿੱਖ ਮੰਗੂ ਮੱਠ ਕੋਲ ਇਕੱਤਰ ਹੋਣੇ ਸ਼ੁਰੂ ਹੋਏ ਤਾਂ ਪੁਲਿਸ ਪ੍ਰਸ਼ਾਸਨ ਇਕਦਮ ਹਰਕਤ ਵਿਚ ਆ ਗਿਆ। ‘ਸਪੋਕਸਮੈਨ ਵੈੱਬ ਟੀ ਵੀ’ ਦੀ ਟੀਮ ਵੀ ਇਸ ਪੱਤਰਕਾਰ ਸਣੇ ਮੌਕੇ ‘ਤੇ ਪਹੁੰਚੀ। ਜਿਉਂ ਹੀ ਟੀਵੀ ਦੀ ਟੀਮ ਨੇ ਸਿੱਖਾਂ ਦਾ ਪੱਖ ਜਾਣਨਾ ਚਾਹਿਆ ਤਾਂ ਉੱਚ ਪੁਲਿਸ ਅਧਿਕਾਰੀਆਂ ਨੇ ਟੀਵੀ ਟੀਮ ਅਤੇ ਟੀਮ ਨੂੰ ਇੰਟਰਵਿਊ ਦੇ ਰਹੇ ਸਿੱਖਾਂ ਨੂੰ ਮੌਕੇ ਤੋਂ ਪਰ੍ਹੇ ਜਾਣ ਲਈ ਕਹਿ ਦਿਤਾ ਜਿਸ ਮਗਰੋਂ ਇਕ ਤਰ੍ਹਾਂ ਨਾਲ ਪੂਰਾ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਤੇ ਸਿੱਖਾਂ ਦੇ ਟੀਵੀ ਟੀਮ ਦੀ ਹਰ ਹਰਕਤ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿਤੀ ਗਈ। ਸਿੱਖਾਂ ਦਾ ਵਫ਼ਦ ਫੌਰੀ ਜ਼ਿਲ੍ਹਾ ਕੁਲੈਕਟਰ ਨੂੰ ਮਿਲਿਆ, ਕਰੀਬ ਅੱਧਾ ਘੰਟਾ ਗੱਲਬਾਤ ਹੋਈ ਜਿਸ ਦੌਰਾਨ ਸਥਾਨਕ ਸਿੱਖਾਂ ਐਡਵੋਕੇਟ ਸੁਖਵਿੰਦਰ ਕੌਰ, ਗੁਰਦੁਆਰਾ ਆਰਤੀ ਸਾਹਿਬ ਤੋਂ ਜਗਦੀਪ ਸਿੰਘ, ਪ੍ਰਿਤਪਾਲ ਸਿੰਘ ਭੁਵਨੇਸ਼ਵਰ ਸਣੇ ਅੱਧੀ ਦਰਜਨ ਦੇ ਕਰੀਬ ਇਸ ਬੈਠਕ ਵਿਚ ਸ਼ਾਮਲ ਹੋਏ। ਸਿੱਖਾਂ ਨੇ ਜ਼ੋਰ ਦੇ ਕੇ ਮੁੱਦਾ ਚੁਕਿਆ ਕਿ ਮੰਗੂ ਮੱਠ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾ ਮੁੜ ਪ੍ਰਕਾਸ਼ ਹਰ ਹਾਲ ਯਕੀਨੀ ਬਣਾਇਆ ਜਾਵੇ। ਭੁਵਨੇਸ਼ਵਰ ਤੋਂ ਆਏ ਸਿੱਖਾਂ ਨੇ ਦਸਿਆ ਕਿ ਉਹ ਬਚਪਨ ਤੋਂ ਇਥੇ ਆ ਰਹੇ ਹਨ ਤੇ ਸਾਲ 1987 ਤਕ ਉਨ੍ਹਾਂ ਖ਼ੁਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਥੇ ਵੇਖਿਆ ਹੈ। ਜਗਦੀਪ ਸਿੰਘ ਨੇ ਕਿਹਾ ਕਿ ਸਾਲ 87 ਤੋਂ ਬਾਅਦ ਬੜੀ ਹੀ ਸਾਜ਼ਸ਼ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲਾਂ ਇਥੋਂ ਹਟਾਇਆ ਗਿਆ ਫਿਰ ਇਥੇ ਬਿਹਾਰ ਤੋਂ ਆਏ ਇਕ ਮਹੰਤ ਨੂੰ ਇਹ ਗੱਦੀ ਦਿਤੀ ਗਈ ਜਿਸ ਤੋਂ ਬਾਅਦ ਇਥੇ ਮੂਰਤੀ ਪੂਜਾ ਸ਼ੁਰੂ ਕਰ ਦਿਤੀ ਗਈ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਣ ਮੰਗੂ ਮੱਠ ਦੇ ਜਿਹੜੇ ਵਪਾਰਕ ਹਿੱਸੇ ਨੂੰ ਅਣਅਧਿਕਾਰਤ ਕਹਿ ਕੇ ਢਾਹ ਰਿਹਾ ਹੈ ਉਹ ਮਹੰਤ ਵਲੋਂ ਹੀ ਪੈਸੇ ਦੇ ਨਾਲ ਅੱਗੇ ਲੀਜ਼ ਦਰ ਲੀਜ਼ ਚੜ੍ਹਾਇਆ ਜਾਂਦਾ ਰਿਹਾ ਹੈ ਪਰ ਇਸ ਦਾ ਮਤਲਬ ਹਰਗਿਜ਼ ਇਹ ਨਹੀਂ ਹੈ ਕਿ ਇਹ ਜ਼ਮੀਨ ਮੰਗੂ ਮੱਠ ਨਾਲ ਸਬੰਧਤ ਨਹੀਂ ਹੈ।

You must be logged in to post a comment Login