ਊਧਵ ਠਾਕਰੇ ਬਣੇ ਮਹਾਰਾਸ਼ਟਰ ਦੇ ਮੁੱਖ ਮੰਤਰੀ

ਊਧਵ ਠਾਕਰੇ ਬਣੇ ਮਹਾਰਾਸ਼ਟਰ ਦੇ ਮੁੱਖ ਮੰਤਰੀ

ਮੁੰਬਈ : ਪੰਜ ਹਫ਼ਤਿਆਂ ਤੋਂ ਚੱਲ ਰਹੇ ਸਿਆਸੀ ਉਥਲ-ਪੁਥਲ ਵਾਲੇ ਰੇੜਕੇ ਦੇ ਖ਼ਤਮ ਹੋ ਜਾਣ ਮਗਰੋਂ ਆਖ਼ਰਕਾਰ, ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਉਹ ਬਾਲਾ ਸਾਹਿਬ ਠਾਕਰੇ ਪਰਵਾਰ ਦੇ ਪਹਿਲੇ ਜੀਅ ਹਨ ਜਿਸ ਨੇ ਮੁੱਖ ਮੰਤਰੀ ਵਜੋਂ ਸੂਬੇ ਦੀ ਕਮਾਨ ਸੰਭਾਲੀ ਹੈ। ਮੁੰਬਈ ਦੇ ਸ਼ਿਵਾ ਜੀ ਪਾਰਕ ਵਿਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਊਧਵ ਸੂਬੇ ਵਿਚ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਦੇ ਗਠਜੋੜ ‘ਮਹਾਰਾਸ਼ਟਰ ਵਿਕਾਸ ਅਘਾੜੀ’ ਦੀ ਸਰਕਾਰ ਦੀ ਅਗਵਾਈ ਕਰਨਗੇ। ਉਨ੍ਹਾਂ ਨਾਲ ਹੀ ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਦੇ ਦੋ-ਦੋ ਆਗੂਆਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸਹੁੰ-ਚੁੱਕ ਸਮਾਗਮ ਵਿਚ ਤਿੰਨਾਂ ਪਾਰਟੀਆਂ ਦੇ ਆਗੂ ਅਤੇ ਹਜ਼ਾਰਾਂ ਕਾਰਕੁਨ ਮੌਜੂਦ ਸਨ। ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਅਤੇ ਸੁਭਾਸ਼ ਦੇਸਾਈ ਨੇ ਵੀ ਸਹੁੰ ਚੁੱਕੀ। ਸ਼ਿੰਦੇ ਅਤੇ ਦੇਸਾਈ ਦੋਵੇਂ ਪਾਰਟੀ ਦੇ ਸੀਨੀਅਰ ਆਗੂ ਹਨ।ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਕੋਟੇ ਤੋਂ ਪਾਰਟੀ ਦੇ ਦੋ ਸੀਨੀਅਰ ਆਗੂਆਂ ਜਯੰਤ ਪਾਟਿਲ ਅਤੇ ਛਗਨ ਭੁਜਬਲ ਨੇ ਸਹੁੰ ਚੁੱਕੀ। ਪਾਟਿਲ ਮਰਾਠਾ ਸਮਾਜ ਤੇ ਭੁਜਬਲ ਓਬੀਸੀ ਵਰਗ ਨਾਲ ਸਬੰਧਤ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਬਾਲਾ ਸਾਹਿਬ ਥੋਰਾਟ ਅਤੇ ਕਾਰਜਕਾਰੀ ਪ੍ਰਧਾਨ ਨਿਤਿਨ ਰਾਊਤ ਨੂੰ ਵੀ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ। ਥੋਰਾਟਾ ਮਰਾਠਾ ਸਮਾਜ ਅਤੇ ਰਾਊਤ ਦਲਿਤ ਸਮਾਜ ਦੇ ਚਿਹਰੇ ਹਨ।

You must be logged in to post a comment Login