ਐੱਨ. ਆਰ. ਆਈਜ਼. ਨੂੰ ਰਾਸ ਆਇਆ ‘ਡਿੱਗਿਆ ਰੁਪਇਆ’

ਐੱਨ. ਆਰ. ਆਈਜ਼. ਨੂੰ ਰਾਸ ਆਇਆ ‘ਡਿੱਗਿਆ ਰੁਪਇਆ’

ਜਲੰਧਰ : ਤਿਉਹਾਰਾਂ ਦੇ ਦਿਨਾਂ ਦੀ ਸ਼ੁਰੂਆਤ ਹੁੰਦੇ ਹੀ ਵਿਆਹ-ਸ਼ਾਦੀਆਂ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ, ਅਜਿਹੇ ‘ਚ ਦੁਕਾਨਦਾਰਾਂ ਨੂੰ ਚੰਗੀ ਕਮਾਈ ਹੋਣ ਦੀ ਆਸ ਹੈ ਕਿਉਂਕਿ ਅੰਤਰਰਾਸ਼ਟਰੀ ਮਾਰਕਿਟ ‘ਚ ਭਾਰਤੀ ਰੁਪਏ ਦੀ ਹਾਲਤ ਕਾਫੀ ਕਮਜ਼ੋਰ ਹੈ ਜਿਸ ਦਾ ਸਿੱਧਾ ਫਾਇਦਾ ਉਨ੍ਹਾਂ ਐਨ. ਆਰ. ਆਈਜ਼. ਨੂੰ ਹੋਵੇਗਾ ਜਿਨ੍ਹਾਂ ਨੇ ਤਿਉਹਾਰਾਂ ‘ਤੇ ਭਾਰਤ ਆ ਕੇ ਖਰੀਦੋ-ਫਰੋਖਤ ਕਰਨੀ ਹੈ ਜਾਂ ਫਿਰ ਵਿਆਹ ਕਰਨ ਜਾਂ ਕਰਵਾਉਣ ਆਉਣਾ ਹੈ। ਪੌਂਡ ਹੋਵੇ ਜਾਂ ਡਾਲਰ ਇਨ੍ਹਾਂ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਕਾਫੀ ਘੱਟ ਗਈ ਹੈ। ਸਾਲ 2018 ਦੀ ਸ਼ੁਰੂਆਤ ਦੇ ਮੁਕਾਬਲੇ ਅਕਤੂਬਰ ਤਕ ਦੇ 10 ਮਹੀਨਿਆਂ ਦੇ ਵਕਫੇ ਦੌਰਾਨ ਭਾਰਤੀ ਰੁਪਇਆ ਕਾਫੀ ਹੇਠਾਂ ਆ ਚੁੱਕਾ ਹੈ। ਅਜਿਹੇ ‘ਚ ਜਦੋਂ ਵਿਦੇਸ਼ੀ ਕਰੰਸੀ ਨੂੰ ਭਾਰਤੀ ਕਰੰਸੀ ‘ਚ ਬਦਲਿਆ ਜਾਵੇਗਾ ਤਾਂ ਐਨ. ਆਰ. ਆਈਜ਼ ਨੂੰ ਵੱਧ ਕੀਮਤ ਮਿਲੇਗੀ।
ਇਕ ਨਜ਼ਰ ਵਿਦੇਸ਼ੀ ਕਰੰਸੀ ਦੇ ਮੁਕਾਬਲੇ ਰੁਪਏ ਦੀ ਸਥਿਤੀ ‘ਤੇ : ਯੂ. ਕੇ. ਦਾ ਜਿਹੜਾ ਪਾਊਂਡ ਸਾਲ ਦੀ ਸ਼ੁਰੂਆਤ ਵਿਚ 86. 22 ਪੈਸੇ ‘ਤੇ ਸੀ, ਉਹ ਹੁਣ 97.58 ਪੈਸੇ ‘ਤੇ ਪਹੁੰਚ ਗਿਆ ਹੈ। ਲਿਹਾਜ਼ਾ ਇਸ ਦਾ ਸਿੱਧਾ ਫਾਇਦਾ ਐੱਨ. ਆਰ. ਆਈ. ਪਰਿਵਾਰਾਂ ਨੂੰ ਹੋਵੇਗਾ। ਇਸੇ ਤਰ੍ਹਾਂ ਜਿਹੜਾ ਯੂ. ਐੱਸ. ਡਾਲਰ 1 ਜਨਵਰੀ ਨੂੰ 63.85 ਪੈਸੇ ਦਾ ਸੀ, ਉਹ ਮੌਜੂਦਾ ਸਮੇਂ ਵਿਚ 73.82 ਪੈਸੇ ‘ਤੇ ਹੈ। ਕੈਨੇਡੀਅਨ ਡਾਲਰ 1 ਜਨਵਰੀ ਨੂੰ 50.75 ਪੈਸੇ ‘ਤੇ ਸੀ ਅਤੇ ਅੱਜ ਉਹ ਵੱਧ ਕੇ 56.65 ਪੈਸੇ ‘ਤੇ ਪਹੁੰਚ ਗਿਆ ਹੈ। ਆਸਟ੍ਰੇਲੀਅਨ ਡਾਲਰ ਸਾਲ ਦੀ ਸ਼ੁਰੂਆਤ ਵਿਚ 49.81 ਪੈਸੇ ‘ਤੇ ਸੀ, ਮੌਜੂਦਾ ਸਮੇਂ ਵਿਚ ਉਹ ਵੱਧ ਕੇ 52.55 ਪੈਸੇ ‘ਤੇ ਹੈ। ਇਯੂਰੋ 1 ਜਨਵਰੀ ਨੂੰ 76.64 ਪੈਸੇ ‘ਤੇ ਸੀ ਤੇ ਅੱਜ 85.57 ਪੈਸੇ ‘ਤੇ ਹੈ। ਇਸੇ ਤਰ੍ਹਾਂ ਯੂ. ਏ. ਈ. ਦਾ ਦਰਾਮ ਸਾਲ ਦੀ ਸ਼ੁਰੂਆਤ ਚ 17.38 ਪੈਸੇ ‘ਤੇ ਸੀ ਪਰ ਅੱਜ 20.10 ਪੈਸੇ ‘ਤੇ ਹੈ।
ਵਿਦੇਸ਼ ਜਾਂ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਪਵੇਗਾ ਘਾਟਾ : ਇਹ ਤਾਂ ਗੱਲ ਸੀ ਉਨ੍ਹਾਂ ਐਨ ਆਰ ਆਈਜ਼. ਦੀ ਜਿਨ੍ਹਾਂ ਨੂੰ ਰੁਪਏ ਦੀ ਘਟੀ ਕੀਮਤ ਦਾ ਲਾਭ ਹੋਣਾ ਹੈ ਪਰ ਇਕ ਤਬਕਾ ਅਜਿਹਾ ਵੀ ਹੈ, ਜਿਸਨੂੰ ਰੁਪਏ ਦੀ ਘਟੀ ਕੀਮਤ ਨਾਲ ਨੁਕਸਾਨ ਹੋਵੇਗਾ ਤੇ ਇਹ ਹੈ ਵਿਦਿਆਰਥੀ ਵਰਗ। ਉਹ ਭਾਰਤੀ ਵਿਦਿਆਰਥੀ, ਜੋ ਵੱਖ-ਵੱਖ ਦੇਸ਼ਾਂ ‘ਚ ਪੜ੍ਹਾਈ ਲਈ ਗਏ ਹਨ। ਰੁਪਏ ਦੀ ਕੀਮਤ ਡਿੱਗਣ ਨਾਲ ਅਜਿਹੇ ਵਿਦਿਆਰਥੀਆਂ ਦੇ ਮਾਪੇ ਫਿਕਰਾਂ ‘ਚ ਹਨ ਕਿਉਂਕਿ ਉਨ੍ਹਾਂ ਨੂੰ ਹੁਣ ਵੱਧ ਰੁਪਏ ਖਰਚ ਕਰਨਗੇ ਪੈਣਗੇ। ਖੈਰ, ਰੁਪਏ ਦੀ ਡਿੱਗੀ ਕੀਮਤ ਜਿਥੇ ਕੁਝ ਲੋਕਾਂ ਨੂੰ ਰਾਸ ਆ ਰਹੀ ਹੈ, ਉਥੇ ਹੀ ਕੁਝ ਨੂੰ ਨਾਗਵਾਰ ਗੁਜ਼ਰ ਰਹੀ ਹੈ।

You must be logged in to post a comment Login