ਕਰਤਾਰਪੁਰ ਗਲਿਆਰਾ ਦੇ ਨੀਂਹ ਪੱਥਰ ‘ਤੇ ਕਾਂਗਰਸੀ ਤੇ ਅਕਾਲੀ ਮਿਹਣੋ-ਮਿਹਣੀ

ਕਰਤਾਰਪੁਰ ਗਲਿਆਰਾ ਦੇ ਨੀਂਹ ਪੱਥਰ ‘ਤੇ ਕਾਂਗਰਸੀ ਤੇ ਅਕਾਲੀ ਮਿਹਣੋ-ਮਿਹਣੀ

ਗੁਰਦਾਸਪੁਰ: ਸਿਆਸੀ ਰੌਲੇ-ਰੱਪੇ ਦਰਮਿਆਨ ਭਾਰਤ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਸ ਇਤਿਹਾਸਕ ਮੌਕੇ ਸਿਆਸਤਦਾਨਾਂ ਨੇ ਆਪਣੀ ਫਿਤਰਤ ਮੁਤਾਬਕ ਇੱਕ-ਦੂਜੇ ‘ਤੇ ਖ਼ੂਬ ਚਿੱਕੜ ਉਛਾਲਿਆ। ਕੇਂਦਰ ਸਰਕਾਰ ਦੀ ਮੰਤਰੀ ਹਰਸਿਮਰਤ ਬਾਦਲ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ-ਦੂਜੇ ਦੀਆਂ ਪਾਰਟੀਆਂ ਨੂੰ ਅਣਗੌਲਿਆ ਕਰ ਆਪਣੀਆਂ ਨੂੰ ਉਭਾਰਨ ਦੀ ਪੂਰੀ ਕੋਸ਼ਿਸ਼ ਕੀਤੀ। ਬਾਦਲ ਪਰਿਵਾਰ ਦੀ ਨੂੰਹ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਕਰਨ ਦਾ ਸਿਹਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਿਰ ਬੰਨ੍ਹਿਆ ਤੇ ਪਾਕਿ ਪੀਐਮ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਕਾਰਜ ਵਿੱਚ ਕਾਂਗਰਸ ਦੀ ਕੋਈ ਸ਼ਮੂਲੀਅਤ ਨਾ ਗਿਣਾਉਂਦਿਆਂ ਸਿੱਖ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦਿੰਦਿਆਂ ਘੇਰਿਆ। ਹਰਸਿਮਰਤ ਨੇ ਕਾਂਗਰਸ ਦਾ ਨਾਂ ਲਏ ਬਗ਼ੈਰ ਪਾਰਟੀ ਨੂੰ 1984 ਸਿੱਖ ਕਤਲੇਆਮ ਤੇ ਆਪ੍ਰੇਸ਼ਨ ਬਲੂ ਸਟਾਰ ਤੇ ਪੰਜਾਬ ਦੇ ਮੌਜੂਦਾ ਹਾਲਾਤ ਦੇ ਮੁੱਦਿਆਂ ‘ਤੇ ਘੇਰਨ ਦੀ ਕੋਸ਼ਿਸ਼ ਕੀਤੀ। ਉੱਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਭਾਸ਼ਣ ਦੌਰਾਨ ਅਕਾਲੀ ਦਲ ਨੂੰ ਬਿਲਕੁਲ ਅਣਗੌਲਿਆ ਕਰ ਦਿੱਤਾ ਤੇ ਗਲਿਆਰੇ ਦੀ ਉਸਾਰੀ ‘ਤੇ ਸਹਿਮਤੀ ਲਈ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਕੈਪਟਨ ਨੇ ਪਾਕਿਸਤਾਨ ਦੀ ਫ਼ੌਜ ਨੂੰ ਘੇਰਿਆ। ਮੁੱਖ ਮੰਤਰੀ ਨੇ ਪਾਕਿ ਫ਼ੌਜ ਮੁਖੀ ਜਾਵੇਦ ਕਮਰ ਬਾਜਵਾ ਨੂੰ ਨਿਰੰਕਾਰੀ ਹਮਲੇ ਦਾ ਜ਼ਿੰਮੇਵਾਰ ਦੱਸਦਿਆਂ ਬੁਜ਼ਦਿਲ ਕਰਾਰ ਦਿੱਤਾ ਤੇ ਕਿਹਾ ਕਿ ਜੇਕਰ ਕੋਈ ਗੜਬੜੀ ਕੀਤੀ ਜਾਂਦੀ ਹੈ ਤਾਂ ਉਹ ਯਾਦ ਰੱਖਣ ਸਾਡੇ ਵਿੱਚ ਵੀ ਪੰਜਾਬੀ ਖ਼ੂਨ ਹੈ।

You must be logged in to post a comment Login