ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਾਲ ਵਿਚ ਇਕ ਵਾਰ ਕਰਤਾਰਪੁਰ ਜਾ ਸਕਣਗੇ ਸ਼ਰਧਾਲੂ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਾਲ ਵਿਚ ਇਕ ਵਾਰ ਕਰਤਾਰਪੁਰ ਜਾ ਸਕਣਗੇ ਸ਼ਰਧਾਲੂ

ਗੁਰਦਾਸਪੁਰ : ਕੇਂਦਰ ਸਰਕਾਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਸਬੰਧੀ ਛੇਤੀ ਮਹੱਤਵਪੂਰਨ ਫ਼ੈਸਲਾ ਲੈ ਸਕਦੀ ਹੈ। ਇਸ ਫ਼ੈਸਲੇ ਅਨੁਸਾਰ ਇਕ ਸ਼ਰਧਾਲੂ ਸਾਲ ਵਿਚ ਸਿਰਫ਼ ਇਕ ਵਾਰ ਲਾਂਘੇ ਰਾਹੀਂ ਯਾਤਰਾ ਕਰ ਸਕੇਗਾ। ਇਹ ਜਾਣਕਾਰੀ ਅੱਜ ਲਾਂਘੇ ’ਤੇ ਮੌਜੂਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਲਈ ਪਾਸਪੋਰਟ ਜ਼ਰੂਰੀ ਹਨ ਪਰ ਪਾਸਪੋਰਟਾਂ ’ਤੇ ਪਾਕਿਸਤਾਨੀ ਮੋਹਰ ਨਹੀਂ ਲਾਈ ਜਾਵੇਗੀ, ਜਿਸ ਦੀ ਜਾਣਕਾਰੀ ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿਚ ਭਾਰਤੀ ਅਧਿਕਾਰੀਆਂ ਨੂੰ ਦਿੱਤੀ ਹੈ। ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਹੋਰਨਾਂ ਉੱਚ ਅਧਿਕਾਰੀਆਂ ਨਾਲ ਬੀਤੇ ਦਿਨ ਸਿਫ਼ਰ ਲਾਈਨ ’ਤੇ ਕੀਤੀ ਮੀਟਿੰਗ ਮਗਰੋਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹੁਣ ਜੇ ਕੋਈ ਲਾਂਘੇ ਦੀ ਵਰਤੋਂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਵੀਜ਼ੇ ਦੀ ਲੋੜ ਨਹੀਂ ਹੋਏਗੀ।
ਸ੍ਰੀ ਰੰਧਾਵਾ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਇਕ ਸ਼ਰਧਾਲੂ ਨੂੰ ਇਕ ਸਾਲ ਵਿਚ ਇਕ ਵਾਰ ਲਾਂਘੇ ਰਾਹੀਂ ਯਾਤਰਾ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਲੈਣ ਜਾ ਰਹੀ ਹੈ ਪਰ ਇਸ ਗੱਲ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਸਾਲ ਵਿਚ ਇਕ ਤੋਂ ਵੱਧ ਵਾਰੀ ਲੰਘਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਨਿਯਮ ਲਾਂਘੇ ਦੀ ਸ਼ੁਰੂਆਤ ਦੇ ਸਿਰਫ਼ ਪਹਿਲੇ ਸਾਲ ਲਈ ਲਗਾਇਆ ਜਾਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਡੇਰਾ ਬਾਬਾ ਨਾਨਕ ਵਿਚ ਆਉਣ ਵਾਲੀ ਚੈੱਕ ਪੋਸਟ (ਆਈਸੀਪੀ) ਨੂੰ ਅਧਿਕਾਰਤ ਇਮੀਗ੍ਰੇਸ਼ਨ ਚੈੱਕ ਪੋਸਟ ਵਜੋਂ ਮਾਨਤਾ ਦੇ ਦਿੱਤੀ ਹੈ। ਇਸ ਮਗਰੋਂ ਇਹ ਪੋਸਟ ਅਧਿਕਾਰਤ ਤੌਰ ’ਤੇ ਦਾਖ਼ਲ ਹੋਣ ਅਤੇ ਬਾਹਰ ਜਾਣ ਵਾਲਿਆਂ ਲਈ ਐਂਟਰੀ ਅਤੇ ਐਗਜ਼ਿਟ ਪੁਆਇੰਟ ਹੋਵੇਗਾ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਦਰਮਿਆਨ ਯਾਤਰੀਆਂ ਦੀ ਆਵਾਜਾਈ ਨੂੰ ਸੁਵਿਧਾ ਦੇਣ ਲਈ ਡੇਰਾ ਬਾਬਾ ਨਾਨਕ ਪੰਜਾਬ ਵਿਚ ਅਟਾਰੀ (ਅੰਮ੍ਰਿਤਸਰ) ਤੋਂ ਬਾਅਦ ਹੁਣ ਦੂਜਾ ਸਥਾਨ ਬਣ ਗਿਆ ਹੈ।

You must be logged in to post a comment Login