ਕਰਤਾਰਪੁਰ ਸਾਹਿਬ ਦੇ ਦੂਜੀ ਵਾਰ ਦਰਸ਼ਨ ਕਰਨ ਲਈ ਇਕ ਸਾਲ ਬਾਅਦ ਆਇਆ ਕਰੇਗੀ ਵਾਰੀ

ਕਰਤਾਰਪੁਰ ਸਾਹਿਬ ਦੇ ਦੂਜੀ ਵਾਰ ਦਰਸ਼ਨ ਕਰਨ ਲਈ ਇਕ ਸਾਲ ਬਾਅਦ ਆਇਆ ਕਰੇਗੀ ਵਾਰੀ

ਡੇਰਾ ਬਾਬਾ ਨਾਨਕ : ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਲਾਂਘੇ ਸਬੰਧੀ ਅਤੇ ਸ਼ਤਾਬਦੀ ਸਮਾਗਮਾਂ ਸਬੰਧੀ ਉੱਚ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਉਪਰੰਤ ਰੰਧਾਵਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ‘ਚ ਗੁ. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨਾਂ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਅਤੇ ਚੱਲ ਰਹੇ ਕੰਮਾਂ ਦੀ ਜਾਣਕਾਰੀ ਲਈ ਗਈ।ਉਨ੍ਹਾਂ ਦੱਸਿਆ ਕਿ ਲੈਂਡ ਪੋਰਟ ਅਥਾਰਟੀ ਨੂੰ ਰਹਿੰਦੇ ਕੰਮ ਸਮੇਂ-ਸਿਰ ਕਰਨ ਅਤੇ ਰਹਿੰਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਜਿਹੜਾ ਸ਼ਰਧਾਲੂ ਇਕ ਵਾਰ ਪਾਕਿਸਤਾਨ ਜਾ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਆਵੇਗਾ, ਇਕ ਸਾਲ ਬਾਅਦ ਹੀ ਉਸ ਨੂੰ ਦੂਸਰੀ ਵਾਰ ਜਾਣ ਦੀ ਇਜਾਜ਼ਤ ਮਿਲੇਗੀ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂਆਂ ਸਬੰਧੀ ਪਾਕਿਸਤਾਨ ਸਰਕਾਰ ਦਰਸ਼ਨਾਂ ਲਈ ਇਤਰਾਜ਼ ਲਾਵੇਗੀ, ਉਹ ਇਕ ਮਹੀਨੇ ਬਾਅਦ ਮੁੜ ਦਰਸ਼ਨਾਂ ਲਈ ਅਪਲਾਈ ਕਰ ਸਕਣਗੇ।ਉਨ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂਆਂ ਨੂੰ ਮਨਜ਼ੂਰੀ ਮਿਲੇਗੀ, ਉਨ੍ਹਾਂ ਦੀ ਸੂਚੀ ਪਾਕਿਸਤਾਨ ਨੂੰ ਭੇਜੀ ਜਾਵੇਗੀ ਅਤੇ ਉਨ੍ਹਾਂ ਨੂੰ ਪਰਮਿਟ ਜਾਰੀ ਹੋਣਗੇ। ਉਨ੍ਹਾਂ ਦੱਸਿਆ ਕਿ ਆਮ ਦਿਨਾਂ ਵਿਚ 5 ਹਜ਼ਾਰ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਿਆ ਕਰਨਗੇ ਜਦਕਿ ਗੁਰਪੁਰਬ ਅਤੇ ਹੋਰਨਾਂ ਅਹਿਮ ਮੌਕਿਆਂ ‘ਤੇ ਸ਼ਰਧਾਲੂਆਂ ਦੀ ਗਿਣਤੀ 10 ਹਜ਼ਾਰ ਹੋਇਆ ਕਰੇਗੀ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅਪਲਾਈ ਕਰਨ ਵਾਲੀ ਵੈੱਬਸਾਈਟ ਇਕ-ਅੱਧੇ ਦਿਨ ਵਿਚ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵੀ ਸ਼ਤਾਬਦੀ ਸਮਾਗਮਾਂ ਅਤੇ ਲਾਂਘੇ ਸਬੰਧੀ ਆਉਣ ਵਾਲੀ ਸੰਗਤ ਲਈ ਤਿਆਰੀਆਂ ਕੱਸ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਤਾਲਮੇਲ ਬਣਾਉਣ ਦੀ ਜੋ ਗੱਲ ਕਰਦੀ ਹੈ, ਉਸ ‘ਤੇ ਖੁਦ ਹੀ ਅਮਲ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜਦ ਪੰਜਾਬ ਸਰਕਾਰ ਸਮਾਗਮਾਂ ਦੇ ਪ੍ਰਬੰਧਾਂ ਲਈ ਪੈਸੇ ਖਰਚ ਕਰ ਰਹੀ ਹੈ ਤਾਂ ਸ਼੍ਰੋਮਣੀ ਕਮੇਟੀ ਸੰਗਤ ਦੇ ਪੈਸਿਆਂ ਨੂੰ ਕਿਉਂ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਗਮਾਂ ਦਾ ਪ੍ਰਬੰਧ ਪੰਜਾਬ ਸਰਕਾਰ ਕਰ ਰਹੀ ਹੈ ਨਾ ਕਿ ਕਾਂਗਰਸ ਪਾਰਟੀ।

You must be logged in to post a comment Login