ਕਸ਼ਮੀਰ ਵਿਚ ਲਗਾਤਾਰ 58ਵੇਂ ਦਿਨ ਬਾਜ਼ਾਰ ਬੰਦ ਰਹੇ

ਕਸ਼ਮੀਰ ਵਿਚ ਲਗਾਤਾਰ 58ਵੇਂ ਦਿਨ ਬਾਜ਼ਾਰ ਬੰਦ ਰਹੇ

ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਮਗਰੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਆਮ ਜਨਜੀਵਨ ਹਾਲੇ ਵੀ ਠੱਪ ਹੈ। ਲਗਾਤਾਰ 58ਵੇਂ ਦਿਨ ਵੀ ਬਾਜ਼ਾਰ ਬੰਦ ਰਹੇ ਅਤੇ ਜਨਤਕ ਵਾਹਨਾਂ ਸੜਕਾਂ ਤੋਂ ਗ਼ਾਇਬ ਰਹੇ। ਅਧਿਕਾਰੀਆਂ ਨੇ ਕਿਹਾ ਕਿ ਹੰਦਵਾੜਾ ਅਤੇ ਕੁਪਵਾੜਾ ਇਲਾਕਿਆਂ ਨੂੰ ਛੱਡ ਕੇ ਕਸ਼ਮੀਰ ਵਿਚ ਮੋਬਾਈਲ ਸੇਵਾਵਾਂ ਹਰ ਜਗ੍ਹਾ ਬੰਦ ਹਨ। ਘਾਟੀ ਵਿਚ ਚਾਰ ਅਗੱਸਤ ਦੀ ਰਾਤ ਤੋਂ ਹੀ ਸਾਰੇ ਮੰਚਾਂ ‘ਤੇ ਇੰਟਰਨੈਟ ਸੇਵਾਵਾਂ ਬੰਦ ਹਨ। ਅਧਿਕਾਰੀਆਂ ਨੇ ਕਿਹਾ ਕਿ ਹਾਲਾਤ ਦੀ ਸਮੀਖਿਆ ਮਗਰੋਂ ਢੁਕਵੇਂ ਸਮੇਂ ‘ਤੇ ਸੇਵਾਵਾਂ ਬਹਾਲ ਕਰਨ ਦਾ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਮੰਗਲਵਾਰ ਨੂੰ 58ਵੇਂ ਦਿਨ ਵੀ ਘਾਟੀ ਦੇ ਮੁੱਖ ਬਾਜ਼ਾਰ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ ਅਤੇ ਜਨਤਕ ਵਾਹਨ ਵੀ ਸੜਕਾਂ ‘ਤੇ ਨਾ ਦਿਸੇ। ਸ਼ਹਿਰ ਦੇ ਕੁੱਝ ਇਲਾਕਿਆਂ ਨੂੰ ਛੱਡ ਕੇ ਕਾਰਾਂ ਅਤੇ ਕੈਬਾਂ ਨਜ਼ਰ ਆਈਆਂ। ਅਧਿਕਾਰੀਆਂ ਨੇ ਦਸਿਆ ਕਿ ਘਾਟੀ ਵਿਚ ਕਿਤੇ ਵੀ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਹੈ। ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਸੰਵੇਦਨਸ਼ੀਲ ਇਲਾਕਿਆਂ ਵਿਚ ਭਾਰੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਸਰਕਾਰ ਨੇ ਭਾਵੇਂ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ ਅਤੇ ਸਕੂਲ ਖੋਲ੍ਹ ਦਿਤੇ ਗਏ ਸਨ ਪਰ ਮਾਪੇ ਅਪਣੇ ਬੱਚਿਆਂ ਨੂੰ ਸਕੂਲਾਂ ਵਿਚ ਭੇਜਣ ਤੋਂ ਡਰ ਰਹੇ ਹਨ। ਇਸ ਕਾਰਨ ਸਕੂਲਾਂ ਵਿਚ ਬੱਚੇ ਪਹੁੰਚ ਹੀ ਨਹੀਂ ਰਹੇ। ਮਾਪਿਆਂ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਕਰ ਕੇ ਉਹ ਅਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਰਹੇ। ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਮੁੱਖ ਧਾਰਾ ਦੇ ਨੇਤਾ ਹੁਣ ਵੀ ਨਜ਼ਰਬੰਦ ਜਾਂ ਹਿਰਾਸਤ ਵਿਚ ਹਨ।

You must be logged in to post a comment Login