ਕਾਂਗਰਸ ਨਾਲ ਚੋਣ ਗੱਠਜੋੜ ਨਹੀਂ ਹੋਵੇਗਾ: ਹਰਪਾਲ ਚੀਮਾ

ਕਾਂਗਰਸ ਨਾਲ ਚੋਣ ਗੱਠਜੋੜ ਨਹੀਂ ਹੋਵੇਗਾ: ਹਰਪਾਲ ਚੀਮਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਕਾਂਗਰਸ ਨਾਲ ਕਿਸੇ ਤਰ੍ਹਾਂ ਦਾ ਵੀ ਚੋਣ ਗੱਠਜੋੜ ਨਾ ਕਰਨ ਦਾ ਐਲਾਨ ਕੀਤਾ ਹੈ।
ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਪਾਰਟੀ ਆਗੂਆਂ ਸੁਖਵਿੰਦਰਪਾਲ ਸੁੱਖੀ, ਜਸਤੇਜ ਸਿੰਘ ਅਤੇ ਗੋਵਿੰਦਰ ਮਿੱਤਲ ਦੀ ਹਾਜ਼ਰੀ ਵਿਚ ਕਿਹਾ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਹੋਣ ਨਾਲ ਕਾਂਗਰਸ ਬੇਨਕਾਬ ਹੋਈ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਸਪੱਸ਼ਟ ਕਿਹਾ ਹੈ ਕਿ ਕਤਲੇਆਮ ਦੇ ਦੋਸ਼ੀਆਂ ਨੂੰ ਸਿਆਸੀ ਸ਼ਹਿ ਮਿਲਦੀ ਰਹੀ ਸੀ। ਸ੍ਰੀ ਚੀਮਾ ਨੇ ਕਿਹਾ ਕਿ ਅਦਾਲਤ ਦੀ ਇਸ ਟਿੱਪਣੀ ਨਾਲ ਕਾਂਗਰਸ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਅਸਲ ਚਿਹਰਾ ਵੀ ਸਾਹਮਣੇ ਆਇਆ ਹੈ ਕਿਉਂਕਿ ਕੇਂਦਰ ਵਿਚ ਇਨ੍ਹਾਂ ਦੋਵਾਂ ਪਾਰਟੀਆਂ ਨੇ ਹੀ ਜ਼ਿਆਦਾਤਰ ਰਾਜ ਕੀਤਾ ਹੈ ਤੇ ਜ਼ਿੰਮੇਵਾਰਾਂ ਨੂੰ ਵਿਆਪਕ ਪੱਧਰ ’ਤੇ ਸੁਰੱਖਿਆ ਮਿਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਸੂਬਾ ਜਾਂ ਕੌਮੀ ਪੱਧਰ ’ਤੇ ਕੋਈ ਚੋਣ ਗੱਠਜੋੜ ਨਹੀਂ ਹੋਵੇਗਾ। ਵਿਰੋਧੀ ਧਿਰ ਦੇ ਆਗੂ ਨੇ ਮੰਗ ਕੀਤੀ ਕਿ ਸਿਆਸੀ ਆਗੂਆਂ ਤੇ ਪਾਰਟੀਆਂ ਖ਼ਿਲਾਫ਼ ਅਦਾਲਤਾਂ ਵਿਚ ਚੱਲ ਰਹੇ ਸਾਰੇ ਕੇਸਾਂ ਦਾ ਨਿਪਟਾਰਾ ਜਲਦੀ ਕੀਤਾ ਜਾਵੇ।
ਉਨ੍ਹਾਂ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਲਈ ‘ਆਪ’ ਦੇ ਸੀਨੀਅਰ ਆਗੂ ਤੇ ਵਿਧਾਇਕ ਐੱਚਐੱਸ ਫੂਲਕਾ ਵੱਲੋਂ ਲੜੀ ਲੰਮੀ ਕਾਨੂੰਨੀ ਲੜਾਈ ਦਾ ਸ਼ਲਾਘਾ ਕੀਤੀ। ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਦੀ ਕੋਰ ਕਮੇਟੀ ਦੀ ਇਸੇ ਹਫ਼ਤੇ ਹੋ ਰਹੀ ਮੀਟਿੰਗ ਵਿਚ ਪਾਰਟੀ ਤੋਂ ਮੁਅੱਤਲ ਕੀਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਡੈਮੋਕ੍ਰੈਟਿਕ ਐਲਾਇੰਸ ਬਣਾਉਣ ਦੇ ਕੀਤੇ ਐਲਾਨ ਬਾਰੇ ਚਰਚਾ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਦਾ ਇਨਸਾਫ਼ ਮਾਰਚ ਕੋਈ ਪ੍ਰਭਾਵ ਦੇਣ ਵਿਚ ਨਾਕਾਮ ਰਿਹਾ ਹੈ।

You must be logged in to post a comment Login