ਕੀ ਅਕਾਲੀ ਦਲ ਦੇ ਪਤਨ ਦਾ ਕਾਰਨ ਬਣੇਗੀ ਟਕਸਾਲੀਆਂ ਦੀ ਬਗਾਵਤ ?

ਕੀ ਅਕਾਲੀ ਦਲ ਦੇ ਪਤਨ ਦਾ ਕਾਰਨ ਬਣੇਗੀ ਟਕਸਾਲੀਆਂ ਦੀ ਬਗਾਵਤ ?

ਜਲੰਧਰ : ਸ੍ਰੀ ਗੁਰੂ ਗਰੰਥ ਸਾਹਿਬ ਦੇ ਬੇਅਦਬੀ ਸਬੰਧੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ’ਚ ਘਿਰੇ ਅਕਾਲੀ ਦਲ ਦੀਆਂ ਮੁਸ਼ਕਲਾਂ ਘਟਦੀਆਂ ਦਿਖਾਈ ਨਹੀਂ ਦੇ ਰਹੀਆਂ। ਇਸ ਤੋਂ ਬਾਅਦ ਜਿੱਥੇ ਅਕਾਲੀ ਦਲ ਦੇ ਵੱਡੇ ਮਹਾਰਥੀ ਅਸਤੀਫੇ ਦੇ ਰਹੇ ਹਨ, ਉੱਥੇ ਹੀ ਅਕਾਲੀ ਦਲ ਨੂੰ ਆਪਣੇ ਸੀਨੀਅਰ ਆਗੂਆਂ ਦੀ ਬਗਾਵਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਦੀਆਂ ਇਹ ਮੁਸ਼ਕਿਲਾਂ ਉਦੋਂ ਸ਼ੁਰੂ ਹੋਈਆਂ ਜਦੋਂ ਪਾਰਟੀ ਦੇ ਸੀਨੀਅਰ ਟਕਸਾਲੀ ਆਗੂਆਂ ਨੇ ਅਹੁਦਿਆਂ ਤੋਂ ਅਸਤੀਫੇ ਅਤੇ ਸੁਖਬੀਰ ਖਿਲਾਫ ਖੁਲ੍ਹਮ-ਖੁਲ੍ਹੀ ਬਗਾਵਤ ਸ਼ੁਰੂ ਕਰ ਦਿੱਤੀ। ਇਸ ਬਗਾਵਤ ਦੀ ਸ਼ੁਰੂਆਤ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕੀਤੀ। ਭਾਵੇਂ ਕਿ ਉਨ੍ਹਾਂ ਨੇ ਅਸਤੀਫਾ ਦੇਣ ਦਾ ਕਾਰਨ ਸਿਹਤ ਦਾ ਠੀਕ ਨਾ ਹੋਣਾ ਦੱਸਿਆ ਪਰ ਅਸਤੀਫਾ ਦੇਣ ਮੌਕੇ ਉਨ੍ਹਾਂ ਦਬਵੀਂ ਸੁਰ ਵਿਚ ਪਾਰਟੀ ਪ੍ਰਧਾਨ ਦੀਆਂ ਨੀਤੀਆਂ ਦਾ ਵਿਰੋਧ ਕਰਨ ਦੇ ਨਾਲ-ਨਾਲ ਅਕਾਲੀ ਦਲ ਕੋਲੋਂ ਹੋਈਆਂ ਗ਼ਲਤੀਆਂ ਨੂੰ ਵੀ ਕਬੂਲਿਆ। ਅਸਤੀਫਾ ਦੇਣ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਮੀਡੀਆ ਵਿਚ ਇਹ ਬਿਆਨ ਵੀ ਦਿੱਤਾ ਕਿ ਸਿਰਸਾ ਮੁੱਖੀ ਨੂੰ ਅਕਾਲ ਦੇ ਜੱਥੇਦਾਰ ਵੱਲੋਂ ਦਿੱਤੀ ਗਈ ਮਾਫੀ ਬਿਲਕੁਲ ਗ਼ਲਤ ਸੀ। ਉਨ੍ਹਾਂ ਦੇ ਅਸਤੀਫੇ ਤੋਂ ਕੁਝ ਦਿਨ ਬਾਅਦ ਪਾਰਟੀ ਦੀ ਰੀੜ ਦੀ ਹੱਡੀ ਸਮਝੇ ਜਾਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਸਿਹਤ ਠੀਕ ਨਾ ਹੋਣ ਦਾ ਬਹਾਨਾ ਬਣਾ ਕੇ ਅਸਤੀਫਾ ਦੇ ਦਿੱਤਾ। ਉਸ ਮੌਕੇ ਉਨ੍ਹਾਂ ਨੇ ਵੀ ਦਬਵੀਂ ਸੁਰ ਵਿਚ ਪਾਰਟੀ ਪ੍ਰਾਧਨ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਅਤੇ ਪਿਛਲੇ ਸਮੇਂ ਦੌਰਾਨ ਹੋਈਆਂ ਗਲਤੀਆਂ ਦਾ ਮੰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੇ ਨਾਲ-ਨਾਲ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨੇ ਵੀ ਸੁਖਬੀਰ ਅਤੇ ਬਿਕਰਮ ਸਿੰਘ ਮਜੀਠੀਆ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਅਤੇ ਪਾਰਟੀ ਪ੍ਰਧਾਨ ਨੂੰ ਬਦਲਣ ਤਕ ਦੀ ਗੱਲ ਕਹਿ ਦਿੱਤੀ। ਭਾਵੇਂ ਕਿ ਸੇਖਵਾਂ ਦੇ ਇਸ ਵਿਰੋਧ ਦੇ ਸਿੱਟੇ ਵਜੋਂ ਹੀ ਪਾਰਟੀ ਪ੍ਰਾਧਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਝਪਦਿਆਂ ਹੀ ਪਾਰਟੀ ਵਿਚੋਂ ਕੱਢ ਦਿੱਤਾ ਪਰ ਪਾਰਟੀ ਵਿਚ ਉੱਠੀਆਂ ਬਗਾਵਤੀ ਸੁਰਾਂ ਮੱਠੀਆਂ ਪੈਣ ਦੀ ਬਜਾਏ ਵਧੇਰੇ ਤੇਜ਼ ਹੋ ਗਈਆਂ।

You must be logged in to post a comment Login