ਕੀ ਮੁੱਖ ਮੰਤਰੀ ਲੈਣਗੇ ਨਸ਼ੇ ਕਾਰਨ ਹੋਈ 70 ਨੌਜਵਾਨਾਂ ਦੀ ਮੌਤ ਦੀ ਜ਼ਿੰਮੇਵਾਰੀ

ਕੀ ਮੁੱਖ ਮੰਤਰੀ ਲੈਣਗੇ ਨਸ਼ੇ ਕਾਰਨ ਹੋਈ 70 ਨੌਜਵਾਨਾਂ ਦੀ ਮੌਤ ਦੀ ਜ਼ਿੰਮੇਵਾਰੀ

ਜਲੰਧਰ – ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਨਸ਼ਾ ਸਮੱਗਲਰਾਂ ਨੂੰ ਮੌਤ ਦੀ ਸਜ਼ਾ ਦੀ ਸਿਫਾਰਸ਼ ਆਉਣ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਸਰਕਾਰ ‘ਤੇ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਸਮੱਗਲਰਾਂ ਨੂੰ ਮੌਤ ਦੀ ਸਜ਼ਾ ਦੀ ਸਿਫਾਰਸ਼ ਕਰਨ ਦਾ ਫੈਸਲਾ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦਾ ਇਕ ਨਵਾਂ ਪੈਂਤੜਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਜਿਨ੍ਹਾਂ 70 ਨੌਜਵਾਨਾਂ ਦੀਆਂ ਜ਼ਿੰਦਗੀਆਂ ਖਤਮ ਹੋਈਆਂ ਹਨ, ਕੀ ਕੈਪਟਨ ਉਨ੍ਹਾਂ ਦੀ ਮੌਤ ਦੀ ਜ਼ਿੰਮੇਵਾਰੀ ਲੈਂਦੇ ਹਨ? ਇਸ ਦੌਰਾਨ ਅਕਾਲੀ ਦਲ ਦੇ ਆਗੂ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਸੱਤਾ ਵਿਚ ਆਉਣ ਦੇ ਲਾਲਚ ਵਿਚ ਕੈਪਟਨ ਨੇ ਸ੍ਰੀ ਗੁਟਕਾ ਸਾਹਿਬ ਦੀ ਕਸਮ ਖਾਧੀ ਸੀ ਕਿ ਉਹ 4 ਹਫਤਿਆਂ ਵਿਚ ਪੰਜਾਬ ਵਿਚੋਂ ਨਸ਼ਾ ਖਤਮ ਕਰ ਦੇਣਗੇ ਪਰ ਡੇਢ ਸਾਲ ਦੇ ਕਾਰਜਕਾਲ ਵਿਚ ਵੀ ਸਰਕਾਰ ਨਸ਼ੇ ਦੇ ਕਿਸੇ ਵੱਡੇ ਖਿਡਾਰੀ ਨੂੰ ਫੜਨ ਵਿਚ ਅਸਫਲ ਰਹੀ ਹੈ, ਜਦੋਂਕਿ ਅਕਾਲੀ ਦਲ ਸਰਕਾਰ ਵਿਚ ਕਈ ਵੱਡੇ ਨਸ਼ਾ ਸਮੱਗਲਰਾਂ ‘ਤੇ ਸ਼ਿਕੰਜਾ ਕੱਸਿਆ ਗਿਆ ਸੀ।
ਪ੍ਰੈੱਸ ਕਾਨਫਰੰਸ ਵਿਚ ਜਦੋਂ ਅਕਾਲੀ ਆਗੂਆਂ ਕੋਲੋਂ ਇਹ ਪੁੱਛਿਆ ਕਿ ਕੀ ਉਨ੍ਹਾਂ ਦੇ ਰਾਜ ਵਿਚ ਪੁਲਸ ਨੂੰ ਪੂਰੀ ਤਰ੍ਹਾਂ ਆਜ਼ਾਦ ਰੱਖਿਆ ਗਿਆ ਸੀ ਅਤੇ ਕੀ ਸਿਆਸੀ ਆਗੂਆਂ ਦਾ ਪੁਲਸ ‘ਤੇ ਕੋਈ ਪ੍ਰਭਾਵ ਨਹੀਂ ਸੀ ਤਾਂ ਇਸ ਸਵਾਲ ‘ਤੇ ਅਕਾਲੀ ਆਗੂ ਘਿਰਦੇ ਨਜ਼ਰ ਆਏ।
ਐੱਸ. ਟੀ. ਐੱਫ. ਦਾ ਸਿਆਸੀ ਬਦਲੇ ਲਈ ਹੋਇਆ ਇਸਤੇਮਾਲ
ਟੀਨੂੰ ਨੇ ਕਿਹਾ ਕਿ ਸਰਕਾਰ ਵੱਲੋਂ ਐੱਸ. ਟੀ. ਐੱਫ. ਵਿਭਾਗ ਬਣਾਉਣ ਤੋਂ ਬਾਅਦ ਇੰਝ ਲੱਗਾ ਸੀ ਕਿ ਨਸ਼ੇ ਦੀ ਚੇਨ ਸਪਲਾਈ ‘ਤੇ ਹੁਣ ਰੋਕ ਲਗਾਈ ਜਾ ਸਕੇਗੀ ਪਰ ਕੁਝ ਸਮੇਂ ਬਾਅਦ ਹੀ ਇਸ ਵਿਭਾਗ ਦਾ ਸਿਆਸੀ ਬਦਲਿਆਂ ਲਈ ਇਸਤੇਮਾਲ ਕੀਤਾ ਜਾਣ ਲੱਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਚ ਰਾਜਸੀ ਆਗੂਆਂ ਨੇ ਪੁਲਸ ‘ਤੇ ਦਬਾਅ ਬਣਾਇਆ ਹੋਇਆ ਹੈ, ਜਿਸ ਕਾਰਨ ਪੁਲਸ ਵੀ ਬੇਵੱਸ ਹੈ। ਮੱਕੜ ਨੇ ਕਿਹਾ ਕਿ ਸ਼ਾਹਕੋਟ ਵਿਚ ਇਕ ਪੁਲਸ ਅਧਿਕਾਰੀ ਨੇ ਜਦੋਂ ਮਾਈਨਿੰਗ ‘ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੇ ਉਲਟਾ ਪੁਲਸ ਕਰਮਚਾਰੀ ਨੂੰ ਹੀ ਮਾਨਸਿਕ ਤੌਰ ‘ਤੇ ਪਰੇਸ਼ਾਨ ਕਹਿ ਕੇ ਉਸ ਨੂੰ ਡਿਊਟੀ ਨਿਭਾਉਣ ਤੋਂ ਰੋਕ ਦਿੱਤਾ। ਇਸ ਸਾਰੇ ਮਾਮਲੇ ਵਿਚ ਪੁਲਸ ਵਿਭਾਗ ਦਾ ਮਨੋਬਲ ਕਾਫੀ ਡਿੱਗਿਆ ਹੈ।
ਸ਼ੁਰੂ ਹੋ ਸਕਦਾ ਹੈ ਝੂਠੇ ਕੇਸ ਪਾਉੁਣ ਦਾ ਮਾਮਲਾ
ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਹੁਣ ਆਪਣੀਆਂ ਅਸਫਲਤਾਵਾਂ ਨੂੰ ਲੁਕਾਉਣ ਲਈ ਝੁਠੇ ਕੇਸ ਵਧਾਉਣੇ ਸ਼ੁਰੂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪੁਲਸ ਨੂੰ ਨਸ਼ਾ ਸਮੱਗਲਰਾਂ ਨੂੰ ਫੜਨ ਦੀ ਖੁੱਲ੍ਹੀ ਛੋਟ ਦੇ ਦੇਵੇ ਤਾਂ ਪੁਲਸ ਕੁਝ ਹੀ ਦਿਨਾਂ ਵਿਚ ਨਸ਼ੇ ਦੇ ਵੱਡੇ ਸਮੱਗਲਰਾਂ ਨੂੰ ਕਾਬੂ ਕਰ ਸਕਦੀ ਹੈ। ਇਸ ਮੌਕੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮੰਨਣ, ਨੀਲਾ ਮਹਿਲ ਅਤੇ ਹੋਰ ਵੀ ਮੌਜੂਦ ਸਨ।

You must be logged in to post a comment Login