ਕੇਂਦਰ-ਪੰਜਾਬ ਸਰਕਾਰ, ਐਨ.ਡੀ.ਆਰ.ਐਫ. ਅਤੇ ਸੰਗਰੂਰ ਦੇ ਡੀ.ਸੀ. ਨੂੰ ਨੋਟਿਸ ਜਾਰੀ

ਕੇਂਦਰ-ਪੰਜਾਬ ਸਰਕਾਰ, ਐਨ.ਡੀ.ਆਰ.ਐਫ. ਅਤੇ ਸੰਗਰੂਰ ਦੇ ਡੀ.ਸੀ. ਨੂੰ ਨੋਟਿਸ ਜਾਰੀ

ਚੰਡੀਗੜ੍ਹ : ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ‘ਚ 150 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਦੀ ਮੌਤ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤੀ ਵਰਤਦਿਆਂ ਕੇਂਦਰ ਤੇ ਪੰਜਾਬ ਸਰਕਾਰ, ਐਨ.ਡੀ.ਆਰ.ਐਫ. ਅਤੇ ਸੰਗਰੂਰ ਦੇ ਡੀ.ਸੀ. ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ ਫ਼ਤਿਹਵੀਰ ਸਿੰਘ ਦੀ ਮੌਤ ਦੇ ਮਾਮਲੇ ‘ਚ 3 ਜੁਲਾਈ ਨੂੰ ਅਦਾਲਤ ‘ਚ ਪੇਸ਼ ਹੋ ਕੇ ਜਵਾਬ ਦੇਣ ਬਾਰੇ ਕਿਹਾ ਗਿਆ ਹੈ। ਜਾਣਕਾਰੀ ਮੁਤਾਬਕ ਫ਼ਤਿਹਵੀਰ ਸਿੰਘ ਦੀ ਮੌਤ ਮਾਮਲੇ ‘ਚ ਢਿੱਲ ਵਰਤਦੇ ਹੋਏ ਇਸ ‘ਤੇ ਸਵਾਲ ਚੁਕਦਿਆਂ ਇਕ ਪਟੀਸ਼ਨ ਹਾਈ ਕੋਰਟ ‘ਚ ਦਾਇਰ ਕੀਤੀ ਗਈ ਸੀ, ਜਿਸ ਦੀ ਸੁਣਵਾਈ ਅਦਾਲਤ ਵਲੋਂ ਸੋਮਵਾਰ ਨੂੰ ਕੀਤੀ ਗਈ। ਇਸ ਸੁਣਵਾਈ ਦੌਰਾਨ ਉਕਤ ਨੋਟਿਸ ਹਾਈ ਕੋਰਟ ਵਲੋਂ ਜਾਰੀ ਕਰ ਕੇ ਇਸ ਦਾ ਜਵਾਬ ਮੰਗਿਆ ਗਿਆ ਹੈ। ਅਦਾਲਤ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 3 ਜੁਲਾਈ ਨੂੰ ਹੋਣੀ ਤੈਅ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੀ 6 ਜੂਨ ਨੂੰ ਦੋ ਸਾਲਾ ਫ਼ਤਿਹਵੀਰ ਸਿੰਘ ਖੇਡਦੇ ਹੋਏ 150 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ ਸੀ। ਉਸ ਨੂੰ ਬੋਰਵੈੱਲ ‘ਚੋਂ ਕੱਢਣ ਲਈ ਲਗਾਤਾਰ 6 ਦਿਨ ਕੋਸ਼ਿਸ਼ਾਂ ਕੀਤੀਆਂ ਗਈਆਂ। 11 ਜੂਨ ਨੂੰ ਤੜਕੇ 5:10 ਵਜੇ ਉਸੇ ਬੋਰਵੈੱਲ ਚੋਂ ਬਾਹਰ ਕੱਢਿਆ ਗਿਆ ਸੀ। ਉਸ ਨੂੰ ਚੰਡੀਗੜ੍ਹ ਪੀਜੀਆਈ ਭੇਜਿਆ ਗਿਆ ਸੀ, ਜਿਥੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿਤਾ ਗਿਆ।

You must be logged in to post a comment Login