ਕੇਜਰੀਵਾਲ ਨੇ ਸ਼ਾਹ ਨੂੰ ਬਹਿਸ ਲਈ ਲਲਕਾਰਿਆ

ਕੇਜਰੀਵਾਲ ਨੇ ਸ਼ਾਹ ਨੂੰ ਬਹਿਸ ਲਈ ਲਲਕਾਰਿਆ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਨਤਕ ਬਹਿਸ ਲਈ ਲਲਕਾਰਿਆ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕ ਜਾਨਣਾ ਚਾਹੁੰਦੇ ਹਨ ਕਿ ਉਹ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਵੋਟ ਕਿਉਂ ਦੇਣ। ਉਨ੍ਹਾਂ ਕਿਹਾ ਕਿ ਉਹ ਅਮਿਤ ਸ਼ਾਹ ਨੂੰ ਖੁੱਲ੍ਹੇ ਮਨ ਤੇ ਇਮਾਨਦਾਰੀ ਨਾਲ ਕਿਸੇ ਵੀ ਮੁੱਦੇ ’ਤੇ ਬਹਿਸ ਲਈ ਸੱਦਾ ਦੇਣਾ ਚਾਹੁੰਦੇ ਹਨ ਤਾਂ ਜੋ ਲੋਕਤੰਤਰ ਹੋਰ ਮਜ਼ਬੂਤ ਹੋਵੇ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਬਹਿਸ ਲਈ ਸਮਾਂ ਅਤੇ ਸਥਾਨ ਤੈਅ ਕਰ ਸਕਦੇ ਹਨ। ‘ਆਪ’ ਸੁਪਰੀਮੋ ਨੇ ਕਿਹਾ ਕਿ ਜੇਕਰ ਸ਼ਾਹੀਨ ਬਾਗ਼ ’ਚ ਗੋਲੀ ਚਲਾਉਣ ਵਾਲਾ ਵਿਅਕਤੀ ਉਨ੍ਹਾਂ ਦੀ ਪਾਰਟੀ ਨਾਲ ਜੁੜਿਆ ਹੋਇਆ ਹੈ ਤਾਂ ਉਸ ਨੂੰ ‘ਦੁੱਗਣੀ ਸਜ਼ਾ’ ਮਿਲਣੀ ਚਾਹੀਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਹੈ। ਪੁਲੀਸ ਮੁਤਾਬਕ ਸ਼ਾਹੀਨ ਬਾਗ਼ ’ਚ ਗੋਲੀ ਚਲਾਉਣ ਵਾਲਾ ਨੌਜਵਾਨ ਕਪਿਲ ਬੈਸਲਾ ‘ਆਪ’ ਦਾ ਮੈਂਬਰ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਬੈਸਲਾ ਦੇ ਕਿਸੇ ਵੀ ਪਾਰਟੀ ਨਾਲ ਸਬੰਧ ਹਨ। ‘ਜੇਕਰ ਉਹ ਆਪ ਨਾਲ ਜੁੜਿਆ ਹੋਇਆ ਹੈ ਤਾਂ ਉਸ ਨੂੰ 10 ਦੀ ਬਜਾਏ 20 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ।’ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਕਿਹਾ ਕਿ ਉਹ ਦੇਸ਼ ਦੀ ਸੁਰੱਖਿਆ ’ਤੇ ਸਿਆਸਤ ਨਾ ਕਰਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ 48 ਘੰਟੇ ਪਹਿਲਾਂ ਪੁਲੀਸ ਅਧਿਕਾਰੀਆਂ ਨੂੰ ਪ੍ਰੈੱਸ ਕਾਨਫਰੰਸ ਕਰਨ ਲਈ ਭੇਜ ਕੇ ਤੁਹਾਡੇ (ਸ਼ਾਹ) ਮਾੜੇ ਇਰਾਦਿਆਂ ਦਾ ਪਰਦਾਫ਼ਾਸ਼ ਹੋ ਗਿਆ ਹੈ। ‘ਲੋਕ ਬੇਵਕੂਫ ਨਹੀਂ ਹਨ, ਉਹ ਤੁਹਾਡੇ ਇਰਾਦਿਆਂ ਨੂੰ ਸਮਝਦੇ ਹਨ।’ ਭਾਜਪਾ ਵੱਲੋਂ ਸ਼ਾਹੀਨ ਬਾਗ਼ ਨੂੰ ਮੁੱਦਾ ਬਣਾਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਉਸ ਇਲਾਕੇ ਨੇੜਲੀਆਂ ਸੜਕਾਂ ਖਾਲੀ ਕਿਉਂ ਨਹੀਂ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਮੁੱਦੇ ’ਤੇ ‘ਗੰਦੀ ਸਿਆਸਤ’ ਕਰਕੇ ਦਿੱਲੀ ਦੀ ਸੱਤਾ ’ਤੇ ਕਾਬਜ਼ ਹੋਣਾ ਚਾਹੁੰਦੀ ਹੈ। ਸ੍ਰੀ ਕੇਜਰੀਵਾਲ ਨੇ ਕੇਂਦਰ ਵੱਲੋਂ ‘ਸ੍ਰੀ ਰਾਮਜਨਮਭੂਮੀ ਤੀਰਥ ਕਸ਼ੇਤਰ’ ਟਰੱਸਟ ਬਣਾਉਣ ਦੀ ਪ੍ਰਵਾਨਗੀ ਦਾ ਵੀ ਸਵਾਗਤ ਕੀਤਾ ਹੈ।

You must be logged in to post a comment Login