ਕੇਸ਼ੋਪੁਰ ਛੰਭ ਪੁੱਜੇ 13000 ਪ੍ਰਵਾਸੀ ਪੰਛੀ

ਕੇਸ਼ੋਪੁਰ ਛੰਭ ਪੁੱਜੇ 13000 ਪ੍ਰਵਾਸੀ ਪੰਛੀ

ਗੁਰਦਾਸਪੁਰ- ਗੁਰਦਾਸਪੁਰ ਜ਼ਿਲ੍ਹੇ ’ਚ ਦੂਰ–ਦੁਰਾਡੇ ਦੇਸ਼ਾਂ ਤੋਂ ਕੇਸ਼ੋਪੁਰ ਛੰਭ ਪੁੱਜਣ ਵਾਲੇ 13,000 ਪ੍ਰਵਾਸੀ ਪੰਛੀਆਂ ’ਤੇ ਕਿਤੇ ਵੀ ਪਰਾਲ਼ੀ ਦੇ ਕਿਸੇ ਧੂੰਏਂ, ਪ੍ਰਦੂਸ਼ਣ ਜਾਂ ਮੌਸਮ ਦਾ ਕੋਈ ਅਸਰ ਵਿਖਾਈ ਨਹੀਂ ਦਿੰਦਾ। 250 ਦੇ ਲਗਭਗ ਬਗਲੇ ਪਹਿਲਾਂ ਹੀ ਪੁੱਜ ਚੁੱਕੇ ਹਨ। ਕੇਸ਼ੋਪੁਰ ਛੰਭ ਗੁਰਦਾਸਪੁਰ ਤੋਂ 5 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਪਿਛਲੇ ਸਾਲ ਇੱਥੇ 8,000 ਪ੍ਰਵਾਸੀ ਪੰਛੀ ਪੁੱਜੇ ਸਨ। ਇੱਥੇ ਪੱਛਮੀ ਏਸ਼ੀਆ, ਸਾਈਬੇਰੀਆ, ਅਫ਼ਗ਼ਾਨਿਸਤਾਨ, ਤਿੱਬਤ, ਚੀਨ ਅਤੇ ਰੂਸ ਤੋਂ ਪ੍ਰਵਾਸੀ ਪੰਛੀ ਪੁੱਜਦੇ ਹਨ। ਕੁਝ ਪੰਛੀ ਤਾਂ ਮਾਨਸਰੋਵਰ ਝੀਲ ਤੋਂ ਵੀ ਇੱਥੇ ਪੁੱਜੇ ਹੋਏ ਹਨ। 90 ਫ਼ੀ ਸਦੀ ਅਜਿਹੇ ਪੰਛੀ ਘੱਟ ਪਾਣੀ ਪਸੰਦ ਕਰਦੇ ਹਨ। ਅਜਿਹੇ ਪੰਛੀਆਂ ਦੀਆਂ ਸਿਰਫ਼ ਚਾਰ–ਪੰਜ ਪ੍ਰਜਾਤੀਆਂ ਹੀ ਡੂੰਘੇ ਪਾਣੀਆਂ ’ਚ ਗੋਤੇ ਲਾਉਣਾ ਪਸੰਦ ਕਰਦੀਆਂ ਹਨ। ਇੱਥੇ ਪ੍ਰਵਾਸੀ ਉੱਤਰੀ ਸ਼ੋਵਲਰ, ਉੱਤਰੀ ਪਿੰਨਟੇਲ, ਗੈਡਵਾਲ, ਆਮ ਕੂਟਸ, ਰੂਡੀ ਸ਼ੈਲ ਬੱਤਖਾਂ, ਯੂਰੇਸ਼ੀਅਨ ਵਿਜਨ, ਆਮ ਮੂਰ ਹੈਨਜ਼, ਮੂਰ ਹੈਨਜ਼, ਮਾਲਾਰਡਜ਼, ਬਾਰ–ਹੈੱਡਡ ਹੰਸ ਤੇ ਸਾਰਸ ਇੱਥੇ ਸਹਿਜੇ ਹੀ ਵੇਖੇ ਜਾ ਸਕਦੇ ਹਨ। ਠੰਢ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਇਹ ਪੰਛੀ ਇੱਥੇ ਪੁੱਜ ਜਾਂਦੇ ਹਨ। ਇਹ ਪੰਛੀ ਹਰ ਸਾਲ ਮਾਰਚ ਮਹੀਨੇ ਦੇ ਅੱਧ ਤੱਕ ਇੱਥੇ ਰਹਿੰਦੇ ਹਨ। ਗੁਰਦਾਸਪੁਰ ਦੇ ਜ਼ਿਲ੍ਹਾ ਵਣ ਤੇ ਜੰਗਲੀ–ਜੀਵਨ ਅਫ਼ਸਰ ਰਾਜੇਸ਼ ਮਹਾਜਨ ਨੇ ਦੱਸਿਆ ਕਿ ਵਿਭਾਗ ਨੇ ਅਜਿਹੇ ਹੋਰ ਪੰਛੀਆਂ ਨੂੰ ਖਿੱਚਣ ਲਈ ਇੱਥੇ 9,100 ਮੀਟਰ ਲੰਮੇ ਮਿੱਟੀ ਦੇ ਉੱਚੇ ਟੀਲੇ ਬਣਾਏ ਹਨ ਤੇ 5,000 ਰੁੱਖ ਵੀ ਲਾਏ ਹਨ। ਇਹ ਪੰਛੀ ਇਨ੍ਹਾਂ ਰੁੱਖਾਂ ’ਤੇ ਰਾਤ ਸਮੇਂ ਰਹਿੰਦੇ ਹਨ ਤੇ ਜਦੋਂ ਕਦੇ ਝੀਲ ਵਿਚ ਉਨ੍ਹਾਂ ਨੇ ਨਾ ਬੈਠਣਾ ਹੋਵੇ, ਤਾਂ ਉਹ ਉੱਚੇ ਪਲੇਟਫ਼ਾਰਮਾਂ ਉੱਤੇ ਜਾ ਕੇ ਬਹਿ ਜਾਂਦੇ ਹਨ।

You must be logged in to post a comment Login