ਕੈਟਰਬਰੀ ਦੇ ਮੁਖੀ ਜਸਟਿਨ ਪੋਰਟਲ ਵੈਲਬੀ ਨੇ ਅਪਣੀ ਘਰਵਾਲੀ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਕੈਟਰਬਰੀ ਦੇ ਮੁਖੀ ਜਸਟਿਨ ਪੋਰਟਲ ਵੈਲਬੀ ਨੇ ਅਪਣੀ ਘਰਵਾਲੀ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ : ਕੈਟਰਬਰੀ ਦੇ ਮੁਖੀ ਜਸਟਿਨ ਪੋਰਟਲ ਵੈਲਬੀ ਅਤੇ ਸ੍ਰੀਮਤੀ ਕੈਲੋਰੀਨ ਵੈਲਬੀ 7 ਮੈਂਬਰੀ ਵਫ਼ਦ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਯਾਤਰਾ ਦੌਰਾਨ ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਇਤਿਹਾਸਕ ਮੌਕੇ ਦੋਹਾਂ ਧਾਰਮਕ ਆਗੂਆਂ ਨੇ ਆਪਸੀ ਸਦਭਾਵਨਾ ਅਤੇ ਵਿਸ਼ਵ ਵਿਆਪੀ ਭਾਈਚਾਰੇ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ।ਇਸ ਮੌਕੇ ਪੋਰਟਲ ਵੈਲਬੀ ਜਲਿਆਂਵਾਲਾ ਬਾਗ਼ ਮੈਮੋਰਿਅਲ ਵੀ ਗਏ। ਉਥੇ ਉਨ੍ਹਾਂ ਨੇ ਸਿਰ ਝੁਕਾ ਕੇ ਭਾਰਤੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਥੇ ਜਿਹੜੇ ਵੀ ਅਪਰਾਧ ਹੋਏ ਸਨ ਉਸ ਦੇ ਲਈ ਉਹ ਸ਼ਰਮਸਾਰ ਹਨ ਅਤੇ ਮਾਫ਼ੀ ਮੰਗਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਸ਼ਾਂਤੀ ਧਾਰਮਕ ਸਹਿਣਸ਼ੀਲਤਾ, ਔਰਤਾਂ ਦੇ ਅਧਿਕਾਰਾਂ ਅਤੇ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਪਾਸੇ ਲਾਉਣ ਲਈ ਅੱਗੇ ਹੋ ਕੇ ਕੰਮ ਕਰਦੀ ਆ ਰਹੀ ਹੈ ਅਤੇ ਭਵਿੱਖ ਵਿਚ ਵੀ ਇਨ੍ਹਾਂ ਮੁੱਦਿਆਂ ‘ਤੇ ਕਾਰਜਸ਼ੀਲ ਰਹੇਗੀ। ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਬਿਹਤਰ ਭਵਿੱਖ ਲਈ ਵਿਸ਼ਵ ਸ਼ਾਂਤੀ ਅਤੇ ਭਾਈਚਾਰੇ ਦੀ ਸਿਰਜਣਾ ਕਰਨਾ ਜ਼ਰੂਰੀ ਹੈ।ਇਸ ਮੌਕੇ ਗਲੋਬਲ ਸਿੱਖ ਕੌਂਸਲ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਰਸਮੀ ਸਵਾਗਤ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦੇਂਦਿਆਂ ਦਸਿਆ ਕਿ ਆਰਚ ਬਿਸ਼ਪ ਦੀ ਇਹ ਨਿਜੀ ਯਾਤਰਾ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਚਲ ਰਹੀਆਂ ਤਿਆਰੀਆਂ ਨਾਲ ਸਬੰਧਤ ਹੈ। ਉਨ੍ਹਾਂ ਦਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਜਸਟਿਨ ਵੈਲਬੀ ਇਸ ਮੁੱਦੇ ‘ਤੇ ਇਕਮਤ ਨੇ ਕਿ ਬਰਾਬਰਤਾ ਹੀ ਮਨੁੱਖਤਾ ਦੇ ਬਚਾਅ ਲਈ ਇਕ ਕੁੰਜੀ ਹੈ। ਅਜੋਕੇ ਸਮੇਂ ਵਿਚ ਬਰਾਬਰਤਾ ਦੀ ਪ੍ਰਸੰਗਤਾ ਹੋਰ ਵੀ ਜ਼ਰੂਰੀ ਹੈ ਕਿਉਂਕਿ ਦੁਨੀਆਂ ਇਕ ਗਲੋਬਲ ਪਿੰਡ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ।

You must be logged in to post a comment Login