ਕੈਨੇਡੀਅਨ ਮਾਊਂਟਿਡ ਪੁਲਸ ‘ਚ ਪਹਿਲੇ ਦਸਤਾਰਧਾਰੀ ਸਿੱਖ ਪੁਲਸ ਅਫਸਰ ਬਲਤੇਜ ਸਿੰਘ ਢਿੱਲੋਂ

ਕੈਨੇਡੀਅਨ ਮਾਊਂਟਿਡ ਪੁਲਸ ‘ਚ ਪਹਿਲੇ ਦਸਤਾਰਧਾਰੀ ਸਿੱਖ ਪੁਲਸ ਅਫਸਰ ਬਲਤੇਜ ਸਿੰਘ ਢਿੱਲੋਂ

ਸਰੀ- ਕੈਨੇਡਾ ਵਿੱਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ‘ਚ ਪਹਿਲੇ ਦਸਤਾਰਧਾਰੀ ਸਿੱਖ ਪੁਲਸ ਅਫਸਰ ਬਣਨ ਦਾ ਮਾਣ 1990 ‘ਚ ਸ. ਬਲਤੇਜ ਸਿੰਘ ਢਿੱਲੋਂ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਫਰ ਬਹੁਤ ਮੁਸ਼ਕਿਲਾਂ ਭਰਿਆ ਰਿਹਾ। ਪੁਲਸ ‘ਚ ਭਰਤੀ ਲਈ ਸਾਰੇ ਟੈੱਸਟ ਪਾਸ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉੱਥੇ ਕੋਈ ਦਸਤਾਰਧਾਰੀ ਨੌਕਰੀ ਨਹੀਂ ਕਰ ਰਿਹਾ ਸੀ ਪਰ ਉਹ ਇਸ ਲਈ ਕਾਫੀ ਸਮੇਂ ਤਕ ਸੰਘਰਸ਼ ਕਰਦੇ ਰਹੇ। ਉਨ੍ਹਾਂ ਨੂੰ 1990 ‘ਚ ਪੁਲਸ ‘ਚ ਭਰਤੀ ਹੋਣ ਦਾ ਮੌਕਾ ਮਿਲਿਆ। ਨੌਕਰੀ ਮਿਲਣ ਦੇ ਬਾਅਦ ਵੀ ਉਨ੍ਹਾਂ ਨੂੰ ਕੁਝ ਲੋਕਾਂ ਵੱਲੋਂ ਪ੍ਰੇਸ਼ਾਨ ਕੀਤਾ ਗਿਆ ਅਤੇ ਕਈ ਲੋਕਾਂ ਨੇ ਚਿੱਠੀਆਂ ਲਿਖ ਕੇ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਪਰ ਉਨ੍ਹਾਂ ਨੇ ਕਦੇ ਹਾਰ ਨਾ ਮੰਨੀ। ਉਨ੍ਹਾਂ ਦੱਸਿਆ ਕਿ ਹਰ ਵਾਰ ਉਨ੍ਹਾਂ ਨੂੰ ਵਾਹਿਗੁਰੂ ਜੀ ਦੀ ਕ੍ਰਿਪਾ ਨੇ ਬਚਾ ਲਿਆ। 27 ਸਾਲਾਂ ਤੋਂ ਉਹ ਆਪਣੀ ਡਿਊਟੀ ਕਰਦੇ ਆ ਰਹੇ ਹਨ ਅਤੇ ਹੁਣ ਤਕ 5-6 ਵਾਰ ਉਨ੍ਹਾਂ ਦੀ ਪ੍ਰਮੋਸ਼ਨ ਹੋ ਚੁੱਕੀ ਹੈ। ਹੁਣ ਉਹ ਇੰਸਪੈਕਟਰ ਦੇ ਅਹੁਦੇ ‘ਤੇ ਹਨ। ਆਪਣੇ ਪਿਛੋਕੜ ਬਾਰੇ ਦੱਸਦਿਆਂ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ 1966 ਵਿੱਚ ਮਲੇਸ਼ੀਆ ਵਿੱਚ ਹੋਇਆ ਅਤੇ ਉਹ 16 ਸਾਲ ਉੱਥੇ ਹੀ ਰਹੇ। ਇਸ ਤੋਂ ਬਾਅਦ ਉਹ ਪਰਿਵਾਰ ਸਮੇਤ ਕੈਨੇਡਾ ਆ ਗਏ। ਉਨ੍ਹਾਂ ਕੈਨੇਡਾ ਦੀ ਸਿਫਤ ਕਰਦਿਆਂ ਕਿਹਾ ਕਿ ਇੱਥੇ ਕਾਨੂੰਨ ਦਾ ਜ਼ੋਰ ਹੈ ਅਤੇ ਕਿਸੇ ਨਾਲ ਕੋਈ ਵੀ ਧੱਕਾ ਨਹੀਂ ਹੁੰਦਾ। ਭਾਵੇਂ ਕੋਈ ਇੱਥੇ ਸ਼ਰਨਾਰਥੀ ਹੋਵੇ ਜਾਂ ਇੱਥੋਂ ਦਾ ਪੱਕਾ ਨਾਗਰਿਕ। ਉਨ੍ਹਾਂ ਨੂੰ 2011 ‘ਚ ਪੰਜਾਬ ਸੱਦ ਕੇ ਮਾਣ-ਸਨਮਾਨ ਦਿੱਤਾ ਗਿਆ ਸੀ। ਉਹ ਆਪਣੀ ਪਤਨੀ ਅਤੇ ਦੋ ਧੀਆਂ ਨਾਲ ਸਰੀ ‘ਚ ਰਹਿ ਰਹੇ ਹਨ। ਉਨ੍ਹਾਂ ਦੀ ਧੀ ਕੈਨੇਡਾ ਦੀ ਮਿਲਟਰੀ ‘ਚ ਸੇਵਾ ਕਰ ਰਹੀ ਹੈ।

You must be logged in to post a comment Login