ਕੈਪਟਨ ਅਮਰਿੰਦਰ ਸਿੰਘ ਵਲੋਂ ਸਰਬੱਤ ਸਿਹਤ ਬੀਮਾ ਸਕੀਮ ਦੀ ਸ਼ੁਰੂਆਤ

ਕੈਪਟਨ ਅਮਰਿੰਦਰ ਸਿੰਘ ਵਲੋਂ ਸਰਬੱਤ ਸਿਹਤ ਬੀਮਾ ਸਕੀਮ ਦੀ ਸ਼ੁਰੂਆਤ

ਐਸ.ਏ.ਐਸ. ਨਗਰ : ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 75ਵੀਂ ਜਨਮ ਵਰੇਗੰਢ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਰਕਾਰ ਦੀ ਮਹੱਤਵਪੂਰਨ ਸਿਹਤ ਬੀਮਾ ਸਕੀਮ ‘ਸਰਬੱਤ ਸਿਹਤ ਬੀਮਾ ਯੋਜਨਾ’ ਦਾ ਆਗਾਜ਼ ਕੀਤਾ ਜਿਸ ਨਾਲ 46 ਲੱਖ ਪਰਿਵਾਰਾਂ ਨੂੰ ਲਾਭ ਪੁੱਜੇਗਾ। ਸਕੀਮ ਦੀ ਸ਼ੁਰੂਆਤ ਕਰਦਿਆਂ ਮੋਹਾਲੀ ਜ਼ਿਲ੍ਹੇ ਦੇ ਪਹਿਲੇ 11 ਲਾਭਪਾਤਰੀਆਂ ਨੂੰ ਈ-ਕਾਰਡ ਵੀ ਸੌਂਪੇ ਗਏ। ਇਸ ਸਕੀਮ ਨਾਲ ਲਾਭਪਾਤਰੀ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤਕ ਦਾ ਨਕਦੀ ਰਹਿਤ ਇਲਾਜ ਕਰਵਾ ਸਕਣਗੇ। ਇਸ ਨਾਲ ਲਾਭਪਾਤਰੀਆਂ ਦਾ ਮੁਫ਼ਤ ਅਤੇ ਬਿਹਤਰ ਇਲਾਜ ਹੋ ਸਕੇਗਾ ਜਿਸ ਵਿਚ ਉਨ੍ਹਾਂ ਦੇ ਪਹਿਲਾਂ ਤੋਂ ਹੋਏ ਰੋਗ ਦਾ ਇਲਾਜ ਵੀ ਸ਼ਾਮਲ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਦੇ ਜਾਰੀ ਕਰਨ ਨਾਲ ਸੂਬੇ ਦੀ 76 ਫ਼ੀ ਸਦੀ ਵਸੋਂ ਸਿਹਤ ਬੀਮਾ ਤਹਿਤ ਕਵਰ ਹੋ ਗਈ ਹੈ ਅਤੇ ਇੰਨੀ ਵੱਡੀ ਗਿਣਤੀ ਨੂੰ ਕਵਰ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਲੋਕ ਭਲਾਈ ਦੀ ਇਸ ਮਹੱਤਵਪੂਰਨ ਸਕੀਮ ਨੂੰ ਰਾਜੀਵ ਗਾਂਧੀ ਨੂੰ ਸਮਰਪਤ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇਸ਼ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਦੀ ਸੋਚ ਨੂੰ ਅੱਗੇ ਵਧਾਉਂਦੀ ਹੋਈ ਲੋਕਾਂ ਦੀਆਂ ਉਮੀਦਾਂ ਉਤੇ ਖਰਾ ਉਤਰਨ ਲਈ ਪੂਰੀ ਤਰਾਂ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵਲੋਂ ਕੁਝ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦਾ ਦਾਇਰਾ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਨਾਲ 31 ਲੱਖ ਹੋਰ ਪਰਵਾਰਾਂ ਨੂੰ 5-5 ਲੱਖ ਰੁਪਏ ਦਾ ਪ੍ਰਤੀ ਸਾਲ ਬੀਮਾ ਕਵਰ ਮਿਲਿਆ। ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਤਹਿਤ 14.86 ਲੱਖ ਪਰਵਾਰ ਕਵਰ ਹੁੰਦੇ ਹਨ ਜਿਸ ਦੇ ਪ੍ਰੀਮੀਅਮ ਦਾ ਖਰਚਾ ਕੇਂਦਰ ਤੇ ਸੂਬਾ ਸਰਕਾਰ ਵੱਲੋਂ 60:40 ਅਨੁਪਾਤ ਵਿਚ ਚੁੱਕਿਆ ਜਾਣਾ ਹੈ। ਇਹ ਅੰਕੜੇ ਸਮਾਜਕ-ਆਰਥਕ ਜਾਤੀਆਂ ਜਨਗਣਨਾ (ਐਸ.ਈ.ਸੀ.ਸੀ.) ਅਨੁਸਾਰ ਲਏ ਗਏ ਹਨ। ਸੂਬਾ ਸਰਕਾਰ ਵੱਲੋਂ ਅੱਜ ਸ਼ੁਰੂ ਕੀਤੀ ਸਕੀਮ ਵਿੱਚ ਹੋਰ ਨਵੇਂ ਸ਼ਾਮਲ ਕੀਤੇ ਗਏ 31 ਲੱਖ ਲਾਭਪਾਤਰੀਆਂ ਦੇ ਪ੍ਰੀਮੀਅਰ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ।

You must be logged in to post a comment Login