ਕੈਪਟਨ ਦੀਆਂ 70 ਵੈਨਾਂ ਪੰਜਾਬ ‘ਚ ਫੈਲਾਉਣਗੀਆਂ ਸਿਹਤ ਪ੍ਰਤੀ ਜਾਗਰੂਕਤਾ

ਕੈਪਟਨ ਦੀਆਂ 70 ਵੈਨਾਂ ਪੰਜਾਬ ‘ਚ ਫੈਲਾਉਣਗੀਆਂ ਸਿਹਤ ਪ੍ਰਤੀ ਜਾਗਰੂਕਤਾ

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਹਾਤੀ ਸਿਹਤ ਸੇਵਾਵਾਂ ਨੂੰ ਬੜਾਵਾ ਦੇਣ ਲਈ ਅਪਣੀ ਸਰਕਾਰ ਦੀ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਪ੍ਰੋਗਰਾਮ ਹੇਠ 70 ਆਈ.ਈ.ਸੀ (ਸੂਚਨਾ ਸਿੱਖਿਆ ਅਤੇ ਸੰਚਾਰ) ਵੈਨਾਂ ਨੂੰ ਝੰਡੀ ਦਿਤੀ ਹੈ। ਸੂਬਾ ਪੱਧਰ ’ਤੇ ਲੋਕਾਂ ਨਾਲ ਸੰਪਰਕ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਵਾਲੇ ਇਸ ਪ੍ਰੋਗਰਾਮ ਹੇਠ ਸੂਬੇ ਭਰ ਦੇ 117 ਵਿਧਾਨ ਸਭਾ ਹਲਕਿਆਂ ਵਿਚ ਵੱਖ-ਵੱਖ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਨਾਂ ਦੀ ਰੋਕਥਾਮ ਬਾਰੇ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੀ ਸਨ। ਮੁੱਖ ਮੰਤਰੀ ਨੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀਆਂ ਅਪਣੀ ਸਰਕਾਰ ਦੀਆਂ ਕੋਸ਼ਿਸ਼ਾਂ ’ਤੇ ਜ਼ੋਰ ਦਿਤਾ ਜਿਨਾਂ ਦੇ ਰਾਹੀਂ ਕੰਢੀ ਅਤੇ ਸਰਹੱਦੀ ਖੇਤਰਾਂ ਦੇ ਦੂਰ-ਦਰਾਜ ਇਲਾਕਿਆ ਸਣੇ ਦਿਹਾਤੀ ਖੇਤਰਾਂ ਦੇ ਲੋਕਾਂ ਤੱਕ ਪਹੁੰਚ ਬਣਾਈ ਜਾਵੇਗੀ। ਉਨਾਂ ਨੇ ਲੋਕਾਂ ਨੂੰ ਬਿਮਾਰੀਆਂ ਦੀ ਰੋਕਥਾਮ ਲਈ ਕਦਮ ਚੁੱਕਣ ਅਤੇ ਜਾਗਰੂਕਤਾ ਪੈਦਾ ਕਰਨ ਵਾਸਤੇ ਅਜਿਹੇ ਹੋਰ ਜਨ ਸੰਪਰਕ ਪ੍ਰੋਗਰਾਮ ਸ਼ੁਰੂ ਕਰਨ ਲਈ ਸਿਹਤ ਵਿਭਾਗ ਨੂੰ ਆਖਿਆ। ਮੁੱਖ ਮੰਤਰੀ ਨੇ ਉਨਾਂ ਸਾਰੇ ਪਿੰਡਾਂ ਲਈ ਦਵਾਈਆਂ ਦਾ ਚੋਖਾ ਸਟਾਕ ਬਣਾਈ ਰੱਖਣ ਅਤੇ ਦਵਾਈਆਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਵੀ ਸਿਹਤ ਵਿਭਾਗ ਨੂੰ ਆਖਿਆ ਹੈ ਜਿਨਾਂ ਪਿੰਡਾਂ ਵਿਚ ਇਹ ਵੈਨਾਂ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਲਾਈਆਂ ਗਈਆਂ ਹਨ। ਇਹ ਵੈਨਾਂ ਸੂਬੇ ਭਰ ਵਿਚ ਲੋਕਾਂ ਦੀਆਂ ਸਿਹਤ ਨਾਲ ਸਬੰਧਤ ਮੁੱਢਲੀ ਜਰੂਰਤਾਂ ਨੂੰ ਪੂਰਾ ਕਰਨਗੀਆਂ। ਇਨਾਂ ਵਿਚੋਂ 13 ਵੈਨਾਂ ਮਾਝੇ ਖਿੱਤੇ ਵਿਚ, 14 ਦੁਆਬੇ ਵਿਚ, 43 ਮਾਲਵੇ ਵਿਚ ਅਤੇ 17 ਸਰਹੱਦੀ ਜ਼ਿਲ੍ਹਿਆਂ ਦੇ ਹਲਕਿਆਂ ਵਿਚ ਲਾਈਆਂ ਗਈਆਂ ਹਨ।

You must be logged in to post a comment Login