ਕੈਪਟਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤਾ ਜਾ ਸਕਦਾ ਤਲਬ

ਕੈਪਟਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤਾ ਜਾ ਸਕਦਾ ਤਲਬ

ਅੰਮ੍ਰਿਤਸਰ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ’ਚ 15 ਦਸੰਬਰ 2015 ਨੂੰ ਕੀਤੀ ‘ਸਦਭਾਵਨਾ ਰੈਲੀ’ ਵਿੱਚ ਸਟੇਜ ਤੋਂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਚੁੱਕੀ ਸੀ ਕਿ ਉਹ ਮੁੱਖ ਮੰਤਰੀ ਬਣਨ ਦੇ ਚਾਰ ਹਫ਼ਤਿਆਂ ਦੇ ਅੰਦਰ ਸੂਬੇ ’ਚੋਂ ਨਸ਼ੇ ਨੂੰ ਖ਼ਤਮ ਕਰ ਦੇਣਗੇ।ਪੰਜਾਬ ਦੇ ਅੰਦਰ ਕੈਪਟਨ ਦੀ ਸਰਕਾਰ ਬਣੇ ਨੂੰ 15 ਮਹੀਨੇ ਹੋ ਗਏ ਹਨ ਪਰ ਪੰਜਾਬ ਦੇ ਅੰਦਰ ਨਸ਼ਾ ਖ਼ਤਮ ਨਹੀਂ ਹੋਇਆ।ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਨਸ਼ਿਆਂ ਨਾਲ ਨੌਜਵਾਨਾਂ ਦੀ ਮੌਤ ਦਾ ਮੁੱਦਾ ਕਾਫ਼ੀ ਤੇਜ਼ੀ ਨਾਲ ਭਖਿਆ ਹੈ।ਹਰ ਦਿਨ ਨੌਜ਼ਵਾਨ ਨਸ਼ੇ ਦੇ ਕਾਰਨ ਮੌਤ ਦੇ ਰਸਤੇ ‘ਤੇ ਚਲੇ ਜਾਂਦੇ ਹਨ।ਤਖ਼ਤਾਂ ਦੇ ਜਥੇਦਾਰਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਨੂੰ ਹੁਣ ਮਰਿਆਦਾ ਦੀ ਉਲੰਘਣਾ ਮੰਨਿਆ ਹੈ।
ਤਖ਼ਤਾਂ ਦੇ ਜਥੇਦਾਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਪਹਿਲਾਂ ਸਹੁੰ ਚੁੱਕੀ ਅਤੇ ਫਿਰ ਉਸ ਪ੍ਰਣ ਨੂੰ ਨਾ ਨਿਭਾ ਕੇ ਗੁਟਕਾ ਸਾਹਿਬ ਦਾ ਅਪਮਾਨ ਕੀਤਾ ਹੈ ਜੋ ਮਰਿਆਦਾ ਦੇ ਉਲਟ ਹੈ।ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਨੇ ਸਿਆਸੀ ਸਟੇਜ ਤੋਂ ਗੁਰੂ ਸਾਹਿਬ ਨੂੰ ਗਵਾਹ ਬਣਾਇਆ ਅਤੇ ਇਹ ਸਭ ਕੁੱਝ ਵੋਟਾਂ ਲੈਣ ਲਈ ਕੀਤਾ।ਉਨ੍ਹਾਂ ਆਖਿਆ ਕਿ ਜੇਕਰ ਇਸ ਮਾਮਲੇ ’ਤੇ ਕੋਈ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕਰਦਾ ਹੈ ਤਾਂ ਸਿੰਘ ਸਾਹਿਬਾਨਾਂ ਦੀ ਅਗਲੀ ਮੀਟਿੰਗ ਵਿੱਚ ਮਸਲਾ ਵਿਚਾਰਿਆ ਜਾ ਸਕਦਾ ਹੈ।ਉਨ੍ਹਾਂ ਆਖਿਆ ਕਿ ਕੈਪਟਨ ਨੇ ਵੋਟਾਂ ਖ਼ਾਤਰ ਗੁਟਕਾ ਸਾਹਿਬ ਦੀ ਟੇਕ ਲਈ ਜਦੋਂ ਕਿ ਹੁਣ ਨਸ਼ਾ ਪਹਿਲਾਂ ਨਾਲੋਂ ਵੀ ਵੱਧ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਹ ਤਾਂ ਸਹੁੰ ਚੁੱਕੇ ਜਾਣ ਦੇ ਹੀ ਖ਼ਿਲਾਫ਼ ਹਨ ਕਿਉਂਕਿ ਇਹ ਮਰਿਆਦਾ ਦੇ ਉਲਟ ਹੈ।ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁੱਕੀ ਪ੍ਰੰਤੂ ਉਸ ’ਤੇ ਪਹਿਰਾ ਨਹੀਂ ਦਿੱਤਾ, ਸਗੋਂ ਪੰਜਾਬ ਵਿੱਚ ਹੁਣ ਨਸ਼ੇ ਕਈ ਗੁਣਾ ਵੱਧ ਗਏ ਹਨ।

You must be logged in to post a comment Login