ਕੈਪਟਨ ਵਲੋਂ ਸਾਬਕਾ ਡੀ.ਜੀ.ਪੀ. ਸੁਰੇਸ਼ ਅਰੋੜਾ ਮੁੱਖ ਸੂਚਨਾ ਕਮਿਸ਼ਨਰ ਨਿਯੁਕਤ

ਕੈਪਟਨ ਵਲੋਂ ਸਾਬਕਾ ਡੀ.ਜੀ.ਪੀ. ਸੁਰੇਸ਼ ਅਰੋੜਾ ਮੁੱਖ ਸੂਚਨਾ ਕਮਿਸ਼ਨਰ ਨਿਯੁਕਤ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਾਬਕਾ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਸੂਬੇ ਦਾ ਮੁੱਖ ਸੂਚਨਾ ਕਮਿਸ਼ਨਰ (ਸੀ.ਆਈ.ਸੀ.) ਅਤੇ ਸੀਨੀਅਰ ਪੱਤਰਕਾਰ ਆਸਿਤ ਜੌਲੀ ਨੂੰ ਸੂਚਨਾ ਕਮਿਸ਼ਨਰ ਵਜੋਂ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਸੂਬਾ ਸਰਕਾਰ ਵਲੋਂ ਜਾਰੀ ਕੀਤਾ ਜਾ ਚੁੱਕਾ ਹੈ। ਇਹ ਦੱਸਣਯੋਗ ਹੈ ਕਿ 1982 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸੁਰੇਸ਼ ਅਰੋੜਾ 33 ਵਰਿਆਂ ਦੇ ਸੇਵਾਕਾਲ ਦੌਰਾਨ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦਿਆਂ ਇਸ ਸਾਲ ਫਰਵਰੀ ਵਿੱਚ ਸੇਵਾਮੁਕਤ ਹੋਏ ਹਨ। ਲੰਡਨ ਆਫ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਸ੍ਰੀ ਅਰੋੜਾ ਦਾ ਸ਼ਾਨਦਾਰ ਸੇਵਾਕਾਲ ਰਿਹਾ ਹੈ। ਉਨਾਂ ਨੇ ਅਪ੍ਰੈਲ, 1987 ਅਤੇ ਅਗਸਤ, 1994 ਦਰਮਿਆਨ ਪਟਿਆਲਾ, ਜਲੰਧਰ, ਅੰਮਿ੍ਰਤਸਰ, ਹੁਸ਼ਿਆਰਪੁਰ ਅਤੇ ਯੂ.ਟੀ. ਚੰਡੀਗੜ੍ਹ ਦੇ ਪੁਲੀਸ ਮੁਖੀ ਵਜੋਂ ਸੇਵਾ ਨਿਭਾਈ। ਇਸੇ ਤਰਾਂ ਉਹ ਸਤੰਬਰ, 1995 ਤੋਂ ਜੁਲਾਈ, 1998 ਤੱਕ ਮੁੱਖ ਮੰਤਰੀ ਸੁਰੱਖਿਆ ਵਿੱਚ ਡੀ.ਆਈ.ਜੀ. ਵਜੋਂ ਤਾਇਨਾਤ ਰਹੇ ਅਤੇ ਇਸ ਤੋਂ ਬਾਅਦ ਸਾਲ 2011 ਵਿੱਚ ਵਿਜੀਲੈਂਸ ਬਿਊਰੋ ਦੇ ਆਈ.ਜੀ.ਪੀ.-ਕਮ-ਡਾਇਰੈਕਟਰ ਨਿਯੁਕਤ ਹੋਏ। ਸ੍ਰੀ ਅਰੋੜਾ ਅਕਤੂਬਰ 2015 ਵਿੱਚ ਪੰਜਾਬ ਪੁਲੀਸ ਦੇ ਮੁਖੀ ਬਣੇ। ਉਨਾਂ ਦੇ ਇਸ ਕਾਰਜਕਾਲ ਦੌਰਾਨ ਸੂਬੇ ਦੇ ਸੂਚਨਾ ਕਮਿਸ਼ਨ ਵੱਲੋਂ ਸਭ ਤੋਂ ਵਧੀਆ ਢੰਗ ਨਾਲ ਆਰ.ਟੀ.ਆਈ. ਲਾਗੂ ਕਰਨ ਵਾਲੇ ਵਿਭਾਗ ਵਜੋਂ ਪੰਜਾਬ ਪੁਲੀਸ ਵਿਭਾਗ ਦੀ ਚੋਣ ਕੀਤੀ ਗਈ। ਸ੍ਰੀ ਅਰੋੜਾ ਨੇ ਸੈਂਟਰ ਫਾਰ ਗੁੱਡ ਗਵਰਨੈਂਸ, ਹੈਦਰਾਬਾਦ ਤੋਂ ਆਰ.ਟੀ.ਆਈ.-ਐਕਟ 2005 ਦਾ ‘ਆਨਲਾਈਨ ਸਰਟੀਫਿਕੇਟ ਕੋਰਸ’ ਵੀ ‘ਏ’ ਗ੍ਰੇਡ ਨਾਲ ਪਾਸ ਕੀਤਾ। ਚੰਡੀਗੜ੍ਹ ਦੇ ਉੱਘੇ ਪੱਤਰਕਾਰ ਆਸਿਤ ਜੌਲੀ ਇਸ ਵੇਲੇ ‘ਇੰਡੀਆ ਟੂਡੇ ਗਰੁੱਪ’ ਵਿੱਚ ਡਿਪਟੀ ਐਡੀਟਰ ਵਜੋਂ ਕੰਮ ਕਰਦੇ ਹਨ। ਇਸ ਤੋਂ ਪਹਿਲਾਂ ਉਹ ‘ਦਾ ਏਸ਼ੀਅਨ ਏਜ਼’ ਅਤੇ ‘ਬੀ.ਬੀ.ਸੀ.’ ਵਿੱਚ ਸਪੈਸ਼ਲ ਕੌਰਸਪੋਂਡੈਂਟ ਵਜੋਂ ਕੰਮ ਕਰ ਚੁੱਕੇ ਹਨ।

You must be logged in to post a comment Login