ਕੋਹਲੀ ਤੇ ਬੁਮਰਾਹ ਵਨ ਡੇ ਰੈਂਕਿੰਗ ‘ਚ ਚੋਟੀ ‘ਤੇ ਬਰਕਰਾਰ

ਕੋਹਲੀ ਤੇ ਬੁਮਰਾਹ ਵਨ ਡੇ ਰੈਂਕਿੰਗ ‘ਚ ਚੋਟੀ ‘ਤੇ ਬਰਕਰਾਰ

ਦੁਬਈ— ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੋਮਵਾਰ ਨੂੰ ਜਾਰੀ ਹੋਈ ਆਈ. ਸੀ. ਸੀ. ਦੀ ਨਵੀਂ ਖਿਡਾਰੀਆਂ ਦੀ ਰੈਂਕਿੰਗ ‘ਚ ਚੋਟੀ ‘ਤੇ ਬਰਕਰਾਰ ਹਨ। ਕੋਹਲੀ 884 ਅੰਕਾਂ ਨਾਲ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਪਹਿਲੇ ਸਥਾਨ ‘ਤੇ ਹੈ, ਜਦਕਿ ਇਕ ਦਿਨਾ ਟੀਮ ਦਾ ਉਪ-ਕਪਤਾਨ ਰੋਹਿਤ ਸ਼ਰਮਾ 842 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਟਾਪ-10 ਵਿਚ ਸ਼ਾਮਲ ਇਕ ਹੋਰ ਭਾਰਤੀ ਸ਼ਿਖਰ ਧਵਨ 802 ਅੰਕਾਂ ਨਾਲ ਰੈਂਕਿੰਗ ‘ਚ ਪੰਜਵੇਂ ਸਥਾਨ ‘ਤੇ ਹੈ।
ਗੇਂਦਬਾਜ਼ਾਂ ਵਿਚ ਜਸਪ੍ਰੀਤ ਬੁਮਰਾਹ 797 ਅੰਕਾਂ ਨਾਲ ਪਹਿਲੇ, ਜਦਕਿ ਕੁਲਦੀਪ ਯਾਦਵ 700 ਅੰਕਾਂ ਨਾਲ ਅੰਕ ਸੂਚੀ ਵਿਚ ਤੀਜੇ ਸਥਾਨ ‘ਤੇ ਹੈ। ਦੂਜੇ ਸਥਾਨ ‘ਤੇ ਅਫਗਾਨਿਸਤਾਨ ਦਾ ਸਪਿਨਰ ਰਾਸ਼ਿਦ ਖਾਨ (788 ਅੰਕ) ਹੈ। ਯੁਜਵੇਂਦਰ ਚਾਹਲ ਟਾਪ-10 ਵਿਚ ਸ਼ਾਮਲ ਹੋਣ ਦੇ ਕੰਢੇ ਖੜ੍ਹਾ ਹੈ ਅਤੇ ਉਸ ਦੀ ਮੌਜੂਦਾ ਰੈਂਕਿੰਗ 11ਵੀਂ ਹੈ।  ਭਾਰਤ ਟੀਮ ਰੈਂਕਿੰਗ ਵਿਚ 122 ਅੰਕਾਂ ਨਾਲ ਇੰਗਲੈਂਡ (127 ਅੰਕ) ਤੋਂ ਬਾਅਦ ਦੂਜੇ ਸਥਾਨ ‘ਤੇ ਹੈ। ਇੰਗਲੈਂਡ ਨੂੰ ਟਾਪ ਰੈਂਕਿੰਗ ਨੂੰ ਬਚਾਉਣ ਲਈ 10 ਅਕਤੂਬਰ ਤੋਂ ਸ਼੍ਰੀਲੰਕਾ ਵਿਰੁੱਧ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਵਨ ਡੇ ਲੜੀ ਵਿਚ ਜਿੱਤ ਦਰਜ ਕਰਨੀ ਪਵੇਗੀ।

 

You must be logged in to post a comment Login