ਖਹਿਰਾ ਨੂੰ ਭਗਵੰਤ ਮਾਨ ਦਾ ਕਰਾਰਾ ਜਵਾਬ, ‘ਆਪ’ ਹੋ ਸਕਦੀ ਹੈ ਦੋਫਾੜ!

ਖਹਿਰਾ ਨੂੰ ਭਗਵੰਤ ਮਾਨ ਦਾ ਕਰਾਰਾ ਜਵਾਬ, ‘ਆਪ’ ਹੋ ਸਕਦੀ ਹੈ ਦੋਫਾੜ!

ਸੰਗਰੂਰ – ਪੰਜਾਬ ‘ਚ ਖਹਿਰਾ ਧੜੇ ਵੱਲੋਂ ਲਗਾਤਾਰ ਬਾਗੀ ਤੇਵਰ ਦਿਖਾਉਣ ‘ਤੇ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਨੂੰ ਪਾਰਟੀ ਤੋਂ ਅਸਤੀਫਾ ਦੇ ਕੇ ਖੁਦ ਦੀ ਪਾਰਟੀ ਬਣਾਉਣ ਦੀ ਸਲਾਹ ਦਿੱਤੀ ਹੈ। ਭਗਵੰਤ ਮਾਨ ਨੇ ਪਾਰਟੀ ਵੱਲੋਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ‘ਝਾੜੂ’ ਨਿਸ਼ਾਨ ‘ਤੇ ਲੜਨ ਦਾ ਫੈਸਲਾ ਕੀਤਾ ਹੈ। 19 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਉਮੀਦਵਾਰਾਂ ਦਾ ਫੈਸਲਾ ਕਰਨ ਦੇ ਅਧਿਕਾਰ ਜ਼ਿਲ੍ਹਾ ਅਤੇ ਹਲਕਾ ਪ੍ਰਧਾਨਾਂ ਨੂੰ ਦਿੱਤੇ ਗਏ ਹਨ।ਇਹ ਫੈਸਲਾ ਪਾਰਟੀ ਦੀ ਸੂਬਾਈ ਲੀਡਰਸ਼ਿਪ ਦੀ ਕਰੀਬ ਦੋ ਘੰਟੇ ਚੱਲੀ ਮੀਟਿੰਗ ਵਿੱਚ ਲਿਆ ਗਿਆ। ਇਨ੍ਹਾਂ ਚੋਣਾਂ ਬਾਰੇ ਸੁਖਪਾਲ ਖਹਿਰਾ ਦੇ ਗੁੱਟ ਨਾਲ ਕੋਈ ਗੱਲਬਾਤ ਹੋਣ ਤੋਂ ਇਨਕਾਰ ਕਰਦੇ ਹੋਏ ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਐੱਮ. ਪੀ. ਭਗਵੰਤ ਮਾਨ ਨੇ ਕਿਹਾ ਕਿ ਜੇਕਰ ਖਹਿਰਾ ਨੂੰ ਆਪਣੇ ਉਮੀਦਵਾਰ ਖੜ੍ਹੇ ਵੀ ਕਰਨੇ ਪਏ ਤਾਂ ਉਹ ਪਾਰਟੀ ਟਿਕਟ ਕਿੱਥੋਂ ਲਿਆਉਣਗੇ।ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਚੋਣਾਂ ਬਾਰੇ ਖਹਿਰਾ ਗੁੱਟ ਦੇ ਕਿਸੇ ਵੀ ਵਿਧਾਇਕ ਨੂੰੰ ਬੈਠਕ ਲਈ ਨਹੀਂ ਬੁਲਾਇਆ ਗਿਆ ਸੀ।ਮਾਨ ਨੇ ਕਿਹਾ, ”ਜਦੋਂ ਖਹਿਰਾ ਧੜੇ ਨੇ ਪੱਗਾਂ ਦੇ ਰੰਗ ਹੀ ਬਦਲ ਲਏ, ਹੁਣ ਕੀ ਸੁਨੇਹਾ ਲਾਈਏ।” ਉਨ੍ਹਾਂ ਕਿਹਾ ਕਿ ਖਹਿਰਾ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੀ ‘ਖੁਦਮੁਖਤਿਆਰ’ ਪਾਰਟੀ ਬਣਾ ਲੈਣ। ਜ਼ਿਕਰਯੋਗ ਹੈ ਕਿ ਖਹਿਰਾ ਧੜਾ ਲਗਾਤਾਰ ਪਾਰਟੀ ਨਾਲੋਂ ਵੱਖਰੀ ਲਾਈਨ ‘ਤੇ ਚੱਲ ਰਿਹਾ ਹੈ। ਸੁਖਪਾਲ ਖਹਿਰਾ ਵਾਰ-ਵਾਰ ਆਪਣੀ ਪਾਰਟੀ ‘ਤੇ ਹੀ ਨਿਸ਼ਾਨਾ ਲਾਉਂਦੇ ਹੋਏ ਪੰਜਾਬ ‘ਚ ਪਾਰਟੀ ਨੂੰ ਖੁਦ ਫੈਸਲੇ ਲੈਣ ਦੇਣ ਦੀ ਮੰਗ ਕਰ ਰਹੇ ਹਨ।

You must be logged in to post a comment Login