ਖੂਨ ਕੇ ਸੋਹਿਲੇ ਗਾਵੀਅਹਿ ਨਾਨਕ…

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ…

ਪੰਜਾਬ ਵਿਚ ਜੋ ਕੁਝ ਇਨ੍ਹੀਂ ਦਿਨੀਂ ਹੋ ਰਿਹਾ ਹੈ, ਉਸ ਨੇ ਹਰ ਹੋਸ਼ਮੰਦ, ਦਰਦਮੰਦ ਤੇ ਗੈਰਤਮੰਦ ਸਿੱਖ ਦੇ ਹਿਰਦੇ ਵਲੂੰਧਰ ਕੇ ਰਖ ਦਿਤੇ ਹਨ। ਹਰ ਇਕ ਦੇ ਧੁਰ ਅੰਦਰੋਂ ਇਕ ਚੀਸ ਉਠਦੀ ਹੈ, ਬਾਬੇ ਨਾਨਕ ਨੂੰ ਪੁਕਾਰ ਦੇ ਰੂਪ ਵਿਚ, ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ॥ ਇਸੇ ਚੀਸ ਨੂੰ ਸ਼ ਮਝੈਲ ਸਿੰਘ ਸਰਾਂ, ਜਿਨ੍ਹਾਂ ਦੇ ਲੇਖ ਪਾਠਕ ਅਕਸਰ ਪੰਜਾਬ ਟਾਈਮਜ਼ ਦੇ ਪੰਨਿਆਂ ‘ਤੇ ਪੜ੍ਹਦੇ ਰਹਿੰਦੇ ਹਨ, ਨੇ ਇਸ ਲੇਖ ਵਿਚ ਕਲਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਦੀ ਬਾਬੇ ਨਾਨਕ ਨੇ ਰੱਬ ਨੂੰ ਉਲ੍ਹਾਮਾ ਦਿਤਾ ਸੀ, ਤੈਂ ਕੀ ਦਰਦ ਨਾ ਆਇਆ। ਅਜ ਹਰ ਪੰਜਾਬ ਦਰਦੀ ਇਸ ਸੋਚ ਵਿਚ ਹੈ, ਇਹ ਉਲ੍ਹਾਮਾ ਕੌਣ ਦੇਵੇ। ਬਾਬਾ ਤੂੰ ਕੋਈ ਪੰਜ ਸਦੀਆਂ ਪਹਿਲਾਂ ਹਾਕਮਾਂ ਦੇ ਜ਼ੁਲਮਾਂ ਨੂੰ ਦੇਖ ਕੇ ਕੁਰਲਾ ਉਠਿਆ ਸੀ। ਐਮਨਾਬਾਦ ਦੀ ਧਰਤੀ ‘ਤੇ ਅਮਨ ਪਸੰਦ ਪਰਜਾ ਉਪਰ ਇੱਕ ਧਾੜਵੀ ਚੜ੍ਹ ਆਇਆ ਤੇ ਘੜੀਆਂ-ਪਲਾਂ ਵਿਚ ਕਰ ਗਿਆ ਸਭ ਪਾਸੇ ਲਹੂ-ਲੁਹਾਨ। ਫਿਰ ਤੂੰ ਮੁਖਾਤਿਬ ਹੋਇਆ ਰੱਬ ਨੂੰ ਤੇ ਗਰਜ਼ ਕੇ ਕਿਹਾ, ‘ਖੂਨ ਕੇ ਸੋਹਿਲੇ ਗਾਵੀਅਹਿ ਨਾਨਕ…॥’ ਮੇਰੇ ਵਰਗੇ ਨੂੰ ਇਹ ਸਮਝ ਨਾ ਲੱਗਦੀ ਕਿ ਕੁਲ ਜਹਾਂ ਨੂੰ ਤਾਰਨ ਵਾਲਾ ਗੁਰੂ ਨਾਨਕ ਕਿਉਂ ਖੂਨ ਦੇ ਸੋਹਿਲੇ ਗਾਉਣ ਲੱਗ ਪਿਆ? ਬਾਬਾ ਤੇਰੀਆਂ ਆਪਣੀਆਂ ਰਮਜ਼ਾਂ ਸਨ, ਵਕਤ ਦੇ ਹਾਕਮਾਂ ਤੇ ਰੱਬ ਨੂੰ ਵੀ ਤਾਹਨਾ ਮਾਰਨ ਦੀਆਂ ਕਿ ਐਨਾ ਜ਼ੁਲਮ ਤੇ ਸਿਤਮ ਇਸ ਕਦਰ ਕੀਤਾ ਕਿ ਰੱਬ ਦੇ ਨਾਮ ਦਾ ਪੈਗਾਮ ਦੇਣ ਵਾਲਿਆਂ ਨੂੰ ਵੀ ਨਾ ਬਖਸ਼ਿਆ ਗਿਆ। ਤੈਨੂੰ ਖੁਦ ਕੈਦ ਕੀਤਾ ਕਿਉਂਕਿ ਬਾਬਰ ਵਾਣੀ ਦਾ ਬੋਲ ਬਾਲਾ ਹੋ ਗਿਆ ਸੀ। ਅੱਜ ਬਾਬਾ ਉਸ ਤੋਂ ਵੀ ਖਤਰਨਾਕ ਬਾਦਲ ਵਾਣੀ ਦਾ ਬੋਲ ਬਾਲਾ ਹੋ ਗਿਆ ਤਾਂਹੀ ਤਾਂ ਤੇਰੀ ਉਚਾਰੀ ਰੱਬੀ ਬਾਣੀ ਦੇ ਗ੍ਰੰਥ ਨੂੰ ਪਤਰਾ ਪਤਰਾ ਕਰਕੇ ਗਲੀਆਂ, ਢੇਰਾਂ ‘ਤੇ ਸ਼ੱਰੇਆਮ ਸੁੱਟਿਆ ਗਿਆ। ਐਨਾ ਹੀ ਨਹੀਂ, ਤੇਰੇ ਬਖਸ਼ੇ ਨਾਮ ‘ਵਾਹਿਗੁਰੂ’ ਦਾ ਜਾਪ ਕਰਦਿਆਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ ਹਾਕਮਾਂ ਨੇ, ਤੇਰੇ ਗ੍ਰੰਥ ਦਾ ਅਦਬ ਕਰਨ ਵਾਲਿਆਂ ਨੂੰ ਬੜੀ ਬੇਦਰਦੀ ਤੇ ਬੇਰਹਿਮੀ ਨਾਲ ਧੂਹ ਧੂਹ ਕੇ ਕੁੱਟਿਆ, ਸੜਕਾਂ ਤੋਂ ਜੇਲ੍ਹਾਂ ‘ਚ ਸੁੱਟ ਦਿੱਤਾ। ਦੱਸ ਬਾਬਾ ਜਿਸ ਪਵਿੱਤਰ ਗ੍ਰੰਥ ਨੂੰ ਤੂੰ ਸਾਡਾ ਗੁਰੂ ਥਾਪ ਕੇ ਉਹਦੇ ਪੱਕਾ ਲੜ ਲਾ ਗਿਆ, ਕੀ ਉਹਦੀ ਬੇਹੁਰਮਤੀ ਦਾ ਰੋਸਾ ਵੀ ਜ਼ਾਹਿਰ ਕਰਨਾ ਜ਼ੁਲਮ ਆ? ਜੇ ਹੈ ਤਾਂ ਫਿਰ ਬਾਬਾ ਇਹ ਖੂਨ ਦੇ ਸੋਹਿਲੇ ਅਜੇ ਤੈਨੂੰ ਹੋਰ ਲੰਮਾ ਵਕਤ ਗਾਉਣੇ ਪੈਣੇ ਆ, ਜਦ ਤੱਕ ਇਸ ਬਾਦਲ ਵਾਣੀ ਦਾ ਅੰਤ ਨਹੀਂ ਹੁੰਦਾ। ਬਾਬਾ ਤੇਰੇ ਨਾਲ ਇੱਕ ਗਿਲਾ ਆ, ਮੰਨਣਾ ਨਾ ਮੰਨਣਾ ਤੇਰੀ ਮਰਜ਼ੀ। ਜਾਂ ਤਾਂ ਤੂੰ ਸਾਨੂੰ ਹੀ ਐਨੀ ਕੁ ਬੁਧ ਦੇ ਦਿੰਦਾ ਕਿ ਅਸੀਂ ਖੁਦ ਇਸ ਬਾਦਲ ਵਾਣੀ ਨੂੰ ਨਾ ਚੁਣ ਕੇ ਆਹ ਅੱਜ ਦੇ ਦਿਨ ਦੇਖਦੇ, ਤੇ ਜਾਂ ਫਿਰ ਇਸ ਬਾਦਲ ਨਾਮ ਦੇ ਹਾਕਮ ਨੂੰ ਹੀ ਐਨੀ ਸੁਮੱਤ ਬਖਸ਼ਦਾ ਕਿ ਇਹ ਐਹੋ ਜਿਹੀਆਂ ਪੰਥ ਵਿਰੋਧੀ ਕੁਚਾਲਾਂ ਨਾ ਚੱਲਦਾ ਕਿਉਂਕਿ ਬਾਬਾ ਅਸੀਂ ਵੀ ਤੇ ਉਹ ਹਾਕਮ ਬਾਦਲ ਵੀ ਤਾਂ ਤੇਰੇ ਹੀ ਸਿੱਖ ਆਂ। ਉਸ ਹਾਕਮ ਕੋਲ ਤਾਂ ਪੰਥ ਦੇ ਨਾਮ ‘ਤੇ ਬੜੇ ਵਡੇ ਖਿਤਾਬ ਵੀ ਹਨ, ਖੋਟ ਕਿਥੇ ਆ? ਸਿੱਖ ਸੰਗਤ ਵਿਚ ਜਾਂ ਹਾਕਮ ਵਿਚ? ਹੇ ਨਾਨਕ ਇਹਦਾ ਫੈਸਲਾ ਤੂੰ ਆਪੇ ਹੀ ਕਰ ਕੇ ਨਿਆਂ ਕਰ ਦੇ। ਮੁਆਫ ਕਰੀਂ ਬਾਬਾ ਕੁਸ਼ ਤਲਖ ਕਲਾਮੀ ਵਿਚ ਔਕਾਤ ਤੋਂ ਵਧ ਤੈਨੂੰ ਬੋਲ ਬੈਠਾ ਪਰ ਕੀ ਕਰਦਾ, ਰਿਹਾ ਹੀ ਨਹੀਂ ਗਿਆ ਦੇਖ ਸੁਣ ਕੇ। ਜਿਦਾਂ ਨਾਨਕ ਦੀ ਧਰਤੀ ‘ਤੇ ਨਾਨਕ ਦੇ ਸਿੱਖਾਂ ਨਾਲ ਹਾਕਮ ਨੇ ਘੋਰ ਅਨਿਆਂ ਕੀਤਾ, ਮੱਲੋ ਮੱਲੀ ਤੇਰੇ ਖੂਨ ਦੇ ਗਾਏ ਸੋਹਿਲੇ ਯਾਦ ਆਈ ਜਾਣ ਲੱਗ ਪਏ ਆ। ਪਰ ਬਾਬਾ ਜਦੋਂ ਮੈਂ ਤੇਰੇ ਜੀਵਨ ‘ਤੇ ਝਾਤ ਮਾਰੀ ਤਾਂ ਮੈਨੂੰ ਜਿੰਨੀ ਕੁ ਤੇਰੀ ਰਹਿਮਤ ਨੇ ਬੁਧਿ ਬਖਸ਼ੀ ਉਸ ਨੂੰ ਅੱਜ ਦਾ ਖੋਟ ਵੀ ਨਜ਼ਰ ਆਉਣ ਲੱਗ ਪਿਆ ਤੇ ਕਮੀ ਦਾ ਵੀ। ਖੋਟ ਤਾਂ ਸਾਫ ਦਿਸਦਾ ਹੈ ਕਿ ਬਿਪਰ ਹੈ ਜਿਹੜਾ ਹਾਕਮਾਂ ਦੇ ਸਿਰ ਮੂੰਹ ਨੂੰ ਚੜ੍ਹਿਆ ਪਿਆ ਹੈ ਤੇ ਕਮੀ ਸਾਡੇ ਵਿਚ ਬਿਬੇਕ ਬੁਧ ਦੀ ਹੈ, ਜਿਹੜੀ ਇਹਨੂੰ ਪਿਛਲੇ ਪੰਜਾਹ ਸਾਲਾਂ ਤੋਂ ਪਛਾਣ ਨਹੀਂ ਸਕੀ। ਫਿਰ ਤੇਰੇ ਨਾਲ ਕਾਹਦਾ ਗਿਲਾ।
ਬਾਬਾ ਤੂੰ ਤਾਂ ਆਪਣੇ ਜੀਵਨ ਵਿਚ ਪੈਰ ਪੈਰ ‘ਤੇ ਸਮਝਾ ਗਿਆ ਸੀ ਆਪਣੇ ਸਿੱਖ ਨੂੰ ਕਿ ਬਿਪਰ ਦੀਆਂ ਚਾਲਾਂ ਤੋਂ ਸੁਚੇਤ ਰਹੋਗੇ ਤਾਂ ਬਚਾ ਹੋਣਾ, ਇਸ ਨਿਰਮਲ ਪੰਥ ਦਾ ਵੀ ਤੇ ਸਿੱਖਾਂ ਦਾ ਵੀ। ਜਿੰਨਾ ਤੇਰਾ ਨੇੜਿਓਂ ਵਾਸਤਾ ਪਿਆ ਬਿਪਰ ਨਾਲ ਤੇ ਜਿਸ ਤਰ੍ਹਾਂ ਤੂੰ ਨਜਿਠਿਆ ਇਸ ਨਾਲ, ਉਸ ਨੂੰ ਚੇਤੇ ਕਰ ਬਾਬਾ ਇਹ ਬੋਲ ਅੱਜ ਵੀ ਹਰ ਸਿੱਖ ਦੀ ਜ਼ੁਬਾਨ ‘ਤੇ ਗੂੰਜਦੇ ਰਹਿੰਦੇ ਹਨ, ‘ਧੰਨ ਨਾਨਕ ਤੇਰੀ ਵੱਡੀ ਕਮਾਈ।’
ਤੇਰੇ ਹੋਸ਼ ਸੰਭਾਲਦੇ ਸਾਰ ਬਿਪਰ ਆ ਗਰਜਿਆ ਸੀ, ਹਥ ‘ਚ ਜਨੇਊ ਫੜ੍ਹ ਕੇ ਪਰ ਤੂੰ ਕਿੰਨੀ ਸਿਆਣਪ ਨਾਲ ਨਾਂਹ ਕੀਤੀ ਸੀ ਕਿ ਜੇ ਆਹ ਗੁਣ ਇਸ ਸੂਤ ਦੇ ਧਾਗੇ ‘ਚ ਹੈਗੇ ਤਾਂ ਪਾ ਦੇ ਮੇਰੇ ਗਲ ‘ਚ, ਨਹੀਂ ਤਾਂ ਮੈਂ ਇਹਦੇ ਬਗੈਰ ਹੀ ਭਲਾ। ਬਿਪਰ ਉਦੋਂ ਵੱਟ ਖਾ ਗਿਆ ਸੀ ਤੇਰੇ ਨਾਲ। ਪਰ ਤੂੰ ਪ੍ਰਵਾਹ ਨਹੀਂ ਸੀ ਕੀਤੀ, ਸੱਚ ਦਾ ਹੋਕਾ ਦਿੰਦਾ ਰਿਹਾ। ਬਥੇਰੀਆਂ ਤੋਹਮਤਾਂ ਤੇਰੇ ‘ਤੇ ਵੀ ਲਾਈਆਂ ਇਸ ਬਿਪਰ ਨੇ, ਤੈਨੂੰ ਵੀ ਤਾਂ ਕੰਧ ਥੱਲੇ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਤੂੰ ਅੱਗ ਦੁਆਲੇ ਵਿਆਹ ਦੇ ਫੇਰੇ ਲੈਣ ਤੋਂ ਅੜਿਆ ਸੀ। ਬਾਬਾ! ਤੂੰ ਯੋਗੀਆਂ-ਸਾਧੂਆਂ ਨੂੰ ਸਮਝਾਇਆ ਕਿ ਆਹ ਬਿਭੂਤੀਆਂ ਮਲ ਕੇ ਚੌਂਕੜੇ ਮਾਰ ਕੇ, ਸੁਆਸ ਚੜ੍ਹਾ ਕੇ ਧੂੰਏ ਧੁਖਾ ਕੇ ਰੱਬ ਦੀ ਭਗਤੀ ਨਹੀਂ, ਇਹ ਭੇਖ ਆ। ਬਾਬਾ ਤੇਰੇ ਨਾਲੋਂ ਵੱਡਾ ਇਮਤਿਹਾਨ ਕਿਸ ਦਾ ਹੋਣਾ, ਜਿਹੜਾ ਕੁੱਲ ਜਗਤ ਨੂੰ ਤਾਰਨ ਵਾਲਾ ਸੀ ਉਹਦੇ ਆਪਣੇ ਘਰ ਵਿਚ ਬਿਪਰ ਪੁੱਤਰ ਬਣ ਕੇ ਜਨਮਿਆ ਤੇ ਜਗਤ ਗੁਰੂ ਨਾਨਕ ਦੇ ਨਿਰਮਲ ਪੰਥ ਤੋਂ ਉਲਟ ਲੰਗੋਟ ਲਾ ਕੇ ਉਦਾਸੀ ਬਣ ਬੈਠਾ। ਤੇ ਤੂੰ ਬਾਬਾ ਸੰਸਾਰਕ ਰੀਤ ਤੋਂ ਉਲਟ ਜਾ ਕੇ ਆਪਣਾ ਵਾਰਿਸ ਪੁਤ ਦੀ ਥਾਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇ ਰੂਪ ਵਿਚ ਬਣਾਇਆ। ਇਹ ਤੇਰਾ ਕਰਮ ਖੋਟ ਨੂੰ ਪਛਾਣ ਕੇ ਜ਼ਿੰਮੇਵਾਰੀ ਤੋਂ ਮੁਕਤ ਕਰਨਾ ਸੀ।
ਬਸ, ਕਿਤੇ ਆਹੀ ਮਤ ਸਾਨੂੰ ਵੀ ਆਈ ਹੁੰਦੀ ਤਾਂ ਪਿਛਲੇ ਪੰਜਾਹ ਸਾਲਾਂ ਤੋਂ ਇਹ ਬਾਦਲ ਰੂਪੀ ਬਿਪਰ ਨੂੰ ਜ਼ਿਮੇਵਾਰੀ ਤੋਂ ਮੁਕਤ ਨਾ ਕਰ ਦਿੰਦੇ! ਫਿਰ ਆਹ ਅੱਜ ਜਿਹੜੇ ਖੂਨ ਦੇ ਸੋਹਿਲੇ ਕੋਟਕਪੂਰੇ ‘ਚ ਪੜ੍ਹੇ ਗਏ, ਸ਼ਾਇਦ ਇਨ੍ਹਾਂ ਤੋਂ ਬਚਾਓ ਹੋ ਹੀ ਜਾਂਦਾ ਬਾਬਾ। ਇਸ ਬਿਪਰ ਰੂਪੀ ਖੋਟ ਨੂੰ ਆਪ ਦੇ ਦੋ ਸਿੱਖਾਂ ਨੇ ਵੀ ਬੜੀ ਬਾਖੂਬੀ ਪਛਾਣ ਕੇ ਤੇ ਸਿਆਣਪ ਨਾਲ ਸਿੱਖੀ ਤੋਂ ਦੂਰ ਰੱਖਿਆ। ਆਪ ਦੀ ਚਲਾਈ ਰੀਤ ਨੂੰ ਆਉਣ ਵਾਲੇ ਗੁਰੂਆਂ ਨੇ ਵੀ ਉਸੇ ਤਰ੍ਹਾਂ ਕਾਇਮ ਰਖਿਆ ਪਰ ਜਦੋਂ ਗੁਰੂ ਅਰਜਨ ਸਾਹਿਬ ਨੂੰ ਪਿਤਾ ਗੁਰੂ ਰਾਮ ਦਾਸ ਜੀ ਦੇ ਪ੍ਰਲੋਕ ਗਮਨ ਉਪਰੰਤ ਉਨ੍ਹਾਂ ਦੀ ਇੱਛਾ ਮੁਤਾਬਕ ਗੁਰਿਆਈ ਦੀ ਦਸਤਾਰ ਬੰਨਣ ਦੀ ਵਾਰੀ ਆਈ ਤਾਂ ਉਨ੍ਹਾਂ ਦਾ ਵੱਡਾ ਭਰਾ ਪਿਰਥੀ ਚੰਦ, ਜਿਸ ਦੀ ਸਰਕਾਰੇ ਦਰਬਾਰੇ ਵੀ ਪਹੁੰਚ ਸੀ ਤੇ ਜਿਸ ਕੋਲ ਕਰੀਬ ਸਾਰੇ ਮਸੰਦਾਂ ਦੀ ਸਹਿਮਤੀ ਵੀ ਸੀ, ਇਸ ਤੋਂ ਵਧ ਉਸ ਕੋਲ ਕੁਝ ਲੱਠ ਮਾਰ ਬੰਦੇ ਵੀ ਸਨ, ਐਨ ਉਸੇ ਤਰਜ਼ ‘ਤੇ ਜਿੱਦਾਂ ਮੱਕੜ ਕੋਲ ਸ਼੍ਰੋਮਣੀ ਕਮੇਟੀ ਮੈਂਬਰ ਤੇ ਟਾਸਕ ਫੋਰਸ ਵਾਲੇ ਹਨ।
ਇਸ ਟਾਸਕ ਫੋਰਸ ਦਾ ਜ਼ਿਕਰ ਆ ਹੀ ਗਿਆ ਤਾਂ ਇੱਕ ਗੱਲ ਸਾਂਝੀ ਜ਼ਰੂਰ ਕਰ ਲੈਂਦੇ ਹਾਂ ਕਿ ਇਹ ਨਾ ਤਾਂ ਦਰਬਾਰ ਸਾਹਿਬ ਅਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਗੁਰਦੁਆਰਿਆਂ ਦੀ ਸੁਰੱਖਿਆ, ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਲਈ ਬਣਾਈ ਹੋਈ ਆ, ਇਹ ਬਣਾਈ ਆ ਸਿਰਫ ਬਿਪਰ ਨੂੰ ਬਚਾਉਣ ਲਈ। ਪਿਰਥੀ ਚੰਦ ਕੋਲ ਵੀ ਇਸੇ ਤਰ੍ਹਾਂ ਸੀ। ਉਹ ਆਪਣੇ ਪਿਤਾ ਗੁਰੂ ਰਾਮ ਦਾਸ ਜੀ ਦੀ ਅੰਤਿਮ ਅਰਦਾਸ ਵਕਤ ਅੜ ਗਿਆ ਕਿ ਮੈਂ ਉਨ੍ਹਾਂ ਦਾ ਵੱਡਾ ਪੁੱਤਰ ਹਾਂ ਤੇ ਦਸਤਾਰ ਮੇਰੇ ਹੀ ਬੱਝਣੀ ਚਾਹੀਦੀ ਹੈ। ਉਹਦੀ ਟਾਸਕ ਫੋਰਸ ਤੇ ਮਸੰਦ ਤਿਆਰ ਬਰ ਤਿਆਰ ਖੜੇ ਸਨ। ਉਸ ਵਕਤ ਗੁਰੂ ਜੀ ਤੇਰੇ ਸਿੱਖ ਬਾਬਾ ਬੁਢਾ ਜੀ ਨੇ ਸਿਆਣਪ ਵਰਤੀ। ਪਹਿਲਾਂ ਦਸਤਾਰ ਉਹਦੇ ਹੀ ਬੰਨੀ ਤੇ ਮਗਰੋਂ ਦੂਸਰੀ ਦਸਤਾਰ ਗੁਰੂ ਅਰਜਨ ਸਾਹਿਬ ਦੇ। ਕਹਿੰਦਾ, ਦਸਤਾਰ ਇੱਕ ਦੇ ਬੱਝਦੀ ਹੁੰਦੀ ਆ ਵੱਡੇ ਪੁੱਤਰ ਦੇ, ਫਿਰ ਛੋਟੇ ਦੇ ਵੀ ਕਿਉਂ ਬੰਨੀ? ਤਾਂ ਤੇਰਾ ਸਿੱਖ ਬਾਬਾ ਬੁੱਢਾ ਬੋਲਿਆ, ਤੇਰੇ ਦਸਤਾਰ ਪਿਤਾ ਦੀ ਬੰਨੀ ਹੈ ਤੇ ਅਰਜਨ ਦੇ ਦਸਤਾਰ ਗੁਰੂ ਦੀ ਬੰਨੀ ਹੈ। ਇਸ ਤਰੀਕੇ ਨਾਲ ਬਾਬਾ ਬੁੱਢਾ ਜੀ ਨੇ ਬਿਪਰ ਰੂਪੀ ਖੋਟ ਤੋਂ ਸਿੱਖ ਧਰਮ ਨੂੰ ਵੀ ਬਚਾ ਲਿਆ ਤੇ ਖੂਨ ਦੇ ਸੋਹਿਲੇ ਵੀ ਟਲ ਗਏ।
ਦੂਜਾ ਆਪ ਜੀ ਦਾ ਸਿੱਖ ਨਿਤਰਿਆ ਭਾਈ ਮੱਖਣ ਸ਼ਾਹ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਮਿਲੀ, ਉਸ ਵਕਤ ਤਾਂ ਬਿਪਰ ਵਿਰਾਟ ਰੂਪ ਧਾਰ ਕੇ ਬਾਈ ਗੁਰੂ ਬੈਠੇ ਸਨ। ਖੋਟ ਲੱਭਣਾ ਐਨਾ ਸੌਖਾ ਨਹੀਂ ਸੀ, ਉਹਦੀ ਸਮਝ ਨੇ ਜਿਥੇ ਸੱਚੇ ਗੁਰੂ ਨੂੰ ਲੱਭ ਲਿਆ, ਉਥੇ ਭੇਖੀ, ਪਖੰਡੀ ਦੇਹ ਧਾਰੀਆਂ ਤੋਂ ਵੀ ਸਿੱਖ ਪੰਥ ਨੂੰ ਬਚਾ ਲਿਆ।
ਇਹ ਬਿਪਰ ਬੜਾ ਲਾਲਚੀ ਅਹਿਸਾਨ ਫਰਾਮੋਸ਼ ਤੇ ਜ਼ਾਲਿਮ ਹੈ। ਗੁਰੂ ਘਰ ਵਿਚ ਰਹਿ ਕੇ, ਉਥੇ ਦਾ ਖਾ ਕੇ, ਉਸੇ ਹੀ ਗੁਰੂ ਦੇ ਨਿੱਕੇ ਨਿੱਕੇ ਪੁੱਤਰਾਂ ਤੇ ਬਜ਼ੁਰਗ ਮਾਤਾ ਨੂੰ ਵੀ ਸਹਾਰਾ ਦੇਣ ਦੇ ਭੁਲੇਖੇ ਅੰਦਰੋਗਤੀ ਹਕੂਮਤ ਦੇ ਹਵਾਲੇ ਕਰਕੇ ਸ਼ਹੀਦੀਆਂ ਕਰਵਾ ਦਿੰਦਾ ਹੈ। ਕਦੀ ਇਹੋ ਬਿਪਰ ਜੇਲ੍ਹ ਤੋਂ ਛੁਟਕਾਰਾ ਪਾਉਣ ਲਈ ਗੁਰੂ ਦੀ ਓਟ ਲੈਂਦਾ ਹੈ ਤੇ ਫਿਰ ਉਸੇ ਹੀ ਗੁਰੂ ਨੂੰ ਮਰਨ ਮਾਰਨ ਦੀ ਬਦਨੀਅਤ ਰੱਖ ਕੇ ਹਮਲਾ ਵੀ ਕਰਦਾ ਹੈ। ਸਭ ਤੋਂ ਘਾਤਕ ਰੂਪ ਹੈ, ਬਿਪਰ ਦਾ ਸਿੱਖੀ ਸਰੂਪ ਵਿਚ ਰਹਿ ਕੇ ਸਿੱਖੀ ਦੀਆਂ ਹੀ ਜੜ੍ਹਾਂ ਵਿਚ ਤੇਲ ਦੇਣਾ ਤੇ ਇੱਕ ਲੰਬੇ ਅਰਸੇ ਤੱਕ ਬੜੀ ਖਚਰੀ ਚਤੁਰਾਈ ਨਾਲ ਪਛਾਣਿਆ ਵੀ ਨਾ ਜਾਣਾ। ਇਹ ਕੰਮ ਸਭ ਤੋਂ ਪਹਿਲਾਂ ਧਿਆਨ ਸਿੰਘ ਡੋਗਰੇ ਨੇ ਕੀਤਾ ਸੀ। ਸਿੱਖ ਰਾਜ ਖਤਮ ਕਰਾਉਣ ਦੀ ਖਾਤਿਰ ਉਹਨੇ ਕੰਵਰ ਨੌਨਿਹਾਲ ਸਿੰਘ ਨਾਲ ਆਪਣੇ ਭਤੀਜੇ ਦਾ ਮਰਨਾ ਵੀ ਕਬੂਲ ਕਰ ਲਿਆ ਸੀ। ਫਿਰ ਜਦ ਤੱਕ ਸਿੱਖ ਰਾਜ ਦਾ ਭੋਗ ਨਹੀਂ ਪੁਆ ਦਿੱਤਾ, ਉਨੀ ਦੇਰ ਖੂਨ ਦੇ ਸੋਹਿਲੇ ਹਰ ਰੋਜ਼ ਲਾਹੌਰ ਦਰਬਾਰ ਵਿਚ ਤੇ ਫਿਰ ਸਾਰੇ ਪੰਜਾਬ ਵਿਚ ਐਸੇ ਗਾਏ ਕਿ ਅੱਜ ਤੱਕ ਸਿੱਖ ਝੂਰੀ ਜਾਂਦੇ ਆ, ਉਸੇ ਰਾਜ ਦੀ ਬਹਾਲੀ ਲਈ।
ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਇਨ੍ਹਾਂ ਡੋਗਰਿਆਂ ਰੂਪੀ ਬਿਪਰ ਦੇ ਖੋਟ ਨੂੰ ਪਛਾਣ ਜਾਂਦਾ ਤਾਂ ਸ਼ਾਇਦ ਇਤਿਹਾਸ ਕੁਝ ਵੱਖਰਾ ਹੀ ਹੋਣਾ ਸੀ। ਅੱਜ ਸਿੱਖ ਕੌਮ ਵਿਚ ਸਭ ਤੋਂ ਵੱਡਾ ਬਿਪਰ ਕੌਣ ਹੈ? ਹੁਣ ਕੋਈ ਗੁੱਝੀ ਗੱਲ ਤਾਂ ਹੈ ਨਹੀਂ! ਪੰਜਾਬ ਦੇ ਪੰਥ ਦੇ ਮਸਲੇ ਜਿਸ ਨੇ ਐਨੇ ਗੁੰਝਲਦਾਰ ਬਣਾ ਕੇ ਸਿੱਖਾਂ ਨੂੰ ਐਸਾ ਉਲਝਾਈ ਰੱਖਿਆ ਕਿ ਭੋਲੇ ਸਿੱਖ ਆਪਣੇ ਪੁੱਤ ਮਰਵਾ ਕੇ ਵੀ ਉਹਨੂੰ ਪੰਜ ਵਾਰ ਹਾਕਮ ਚੁਣ ਲੈਂਦੇ ਹਨ ਤੇ ਉਹ ਅਗੋਂ ਆਪਣੀ ਨਾਕਾਮੀ ਦਾ ਭਾਂਡਾ ਕਿਸੇ ਹੋਰ ਦੇ ਸਿਰ ਅੱਜ ਤੱਕ ਭੰਨਦਾ ਆਇਆ ਹੈ। ਹਰ ਜਗਾਹ ‘ਤੇ ਧੋਖਾ ਜਿਸ ਨੇ ਕੌਮ ਨਾਲ ਕੀਤਾ, ਇਸ ਖੋਟ ਨੂੰ ਅਸੀਂ ਸਿੱਖ ਬਾਬਾ ਅੱਜ ਤੱਕ ਪਛਾਣ ਨਹੀਂ ਸਕੇ। ਸਾਨੂੰ ਮੁਆਫ ਕਰੀਂ, ਸਾਡੇ ‘ਚ ਆਪਣੀ ਕਮੀ ਆ ਤਾਂ ਹੀ ਤਾਂ ਉਹ ਬੜਾ ਨਿਝੱਕ ਹੋ ਕੇ ਖੂਨ ਦੇ ਸੋਹਿਲੇ ਗਾ ਰਿਹਾ ਹੈ। ਜਿਸ ਬਾਦਲ ਰੂਪੀ ਬਿਪਰ ਨੇ ਹਾਕਮ ਬਣਦਿਆਂ ਸਾਰ ਇੱਕ ਨਿਤਨੇਮੀ ਬਜੁਰਗ ਬਾਬਾ ਬੂਝਾ ਸਿੰਘ ਦਾ ਕਤਲ ਇਸ ਕਰਕੇ ਕਰਵਾਇਆ ਸੀ ਕਿ ਉਹ ਮਨੁਖੀ ਅਧਿਕਾਰਾਂ ਦੀ ਬਾਤ ਪਾਉਂਦਾ ਸੀ। ਕਦੇ ਇਹ ਸ਼ਹਿ ਦਿੰਦਾ ਹੈ 1978 ‘ਚ ਅੰਮ੍ਰਿਤਸਰ ਵਿਚ ਵਿਸਾਖੀ ਮੌਕੇ ਨਿਰੰਕਾਰੀਆਂ ਨੂੰ ਸਿੱਖਾਂ ਦਾ ਸ਼ੱਰੇਆਮ ਕਤਲ ਕਰਨ ਦਾ। ਫਿਰ ਸਲਾਹਾਂ ਦਿੱਤੀਆਂ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀਆਂ। ਕਦੇ ਭਨਿਆਰਾਂ ਵਾਲੇ ਤੇ ਕਦੇ ਨੂਰ ਮਹਿਲੀਏ, ਆਹ ਸੌਦਾ ਸਾਧ ਵਾਲੇ ਤਾਂ ਹਰ ਵਕਤ ਅੱਖਾਂ ਦਿਖਾਉਂਦੇ ਹੀ ਰਹਿੰਦੇ ਆ। ਕਦੀ ਇਹ ਥਾਪੜਾ ਦਿੰਦਾ ਸ਼ਿਵ ਸੈਨਿਕਾਂ ਨੂੰ ਆਰæ ਐਸ਼ ਐਸ਼ ਵਾਲਿਆਂ ਨੂੰ, ਬਜਰੰਗ ਦਲੀਆਂ ਨੂੰ ਕਿ ਜਦੋਂ ਤੁਹਾਡਾ ਮਨ ਕਰੇ ਸਿੱਖਾਂ ਦਾ ਸ਼ਿਕਾਰ ਕਰਨ ਦਾ, ਆ ਜਾਓ ਪੰਜਾਬ ਵਿਚ। ਪੁਲਿਸ ਦੀ ਸੁਰੱਖਿਆ ‘ਚ ਤੁਸੀਂ ਮਨਮਰਜ਼ੀ ਕਰੋ, ਕੋਈ ਤੁਹਾਡੀ ਹਵਾ ਵੱਲ ਨਹੀਂ ਦੇਖ ਸਕੂਗਾ। ਖੁਸ਼ ਹੁੰਦਾ ਹੈ ਇਹ ਬਿਪਰ ਜਦੋਂ ਕਿਸੇ ਸਿੱਖ ਨੂੰ ਕਤਲ ਕੀਤਾ ਜਾਂਦਾ ਹੈ। ਸਿੱਖ ਕੌਮ ਨੂੰ ਨਫਰਤ ਦੀ ਹੱਦ ਤੱਕ ਆਪਸ ਵਿਚ ਵੰਡ ਕੇ ਕਿੱਦਾਂ ਰੱਖਣਾ, ਇਹ ਬਾਖੂਬੀ ਜਾਣਦਾ ਹੈ ਤੇ ਨਿਭਾਉਂਦਾ ਵੀ ਪੂਰੀ ਤਨਦੇਹੀ ਨਾਲ ਹੈ। ਇਹ ਭਨਿਆਰਾਂ ਵਾਲੇ, ਨੂਰ ਮਹਿਲੀਏ, ਸੌਦੇ ਵਾਲੇ ਤੇ ਹੋਰ ਵੀ ਬਹੁਤੇ ਡੇਰੇਦਾਰ ਸਭ ਬਿਪਰ ਦੀਆਂ ਹੱਟੀਆਂ ਹਨ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਾਂਝਾ ਵੈਰੀ ਮੰਨ ਕੇ ਤੁਰੀਆਂ ਹੋਈਆਂ ਨੇ, ਤੇ ਥੋਕ ਦਾ ਬਿਪਰ ਦਾ ਵਪਾਰੀ ਹੈ ਬਾਦਲ, ਪਰ ਬਦਕਿਸਮਤੀ ਅਸੀਂ ਸਿੱਖ ਨਹੀਂ ਪਛਾਣ ਸਕੇ ਅੱਜ ਤੱਕ। ਇਹ ਸ੍ਰੀ ਅਕਾਲ ਤਖਤ ਤੋਂ ਜਾਣ ਬੁਝ ਕੇ ਪੰਥ ਵਿਰੋਧੀ ਫੈਸਲੇ ਕਰਵਾਉਂਦਾ ਹੈ ਤਾਂ ਕਿ ਸ੍ਰੀ ਅਕਾਲ ਤਖਤ ਸਿੱਖਾਂ ਵਿਚ ਹੀ ਬਦਨਾਮ ਹੋ ਜਾਵੇ ਤੇ ਉਹ ਇਸ ਦੀ ਹਸਤੀ ਤੋਂ ਹੀ ਮੁਨਕਰ ਹੋ ਕੇ ਇਸ ਦੀ ਮਾਨਤਾ ਨੂੰ ਚੁਣੌਤੀ ਦੇਣ ਲੱਗ ਜਾਣ, ਕਿਉਂਕਿ ਅਕਾਲ ਤਖਤ ਹਾਕਮਾਂ ਨੂੰ ਮੁਢ ਤੋਂ ਹੀ ਰੜਕਦਾ ਰਿਹਾ ਹੈ। ਬਿਪਰ ਨੇ ਇਹ ਢੁਹਾ ਕੇ ਤਾਂ ਦੇਖ ਲਿਆ ਗੱਲ ਫਿਰ ਵੀ ਬਣੀ ਨਹੀਂ।
ਹੇ ਬਾਬਾ ਨਾਨਕ! ਅੱਜ ਜਿਹੜੇ ਖੂਨ ਦੇ ਸੋਹਿਲੇ ਤੇਰੀ ਧਰਤੀ ‘ਤੇ ਗਾਏ ਜਾ ਰਹੇ ਹਨ, ਇਸ ਦੇ ਦੋਸ਼ੀ ਅਸੀਂ ਆਪੇ ਹੀ ਹਾਂ ਕਿਉਂਕਿ ਜਿਸ ਬੰਦੇ ਦੇ ਹੱਥ ਸਿੱਧੇ ਤੇ ਅਸਿੱਧੇ ਤੌਰ ‘ਤੇ ਬੇ-ਦੋਸ਼ਿਆਂ ਦੇ ਖੂਨ ਨਾਲ ਲਿਬੜੇ ਆ, ਅਸੀਂ ਆਪ ਹੀ ਤਖਤ ‘ਤੇ ਬਿਠਾਏ ਆ। ਬਾਬਾ ਇਸ ਗੱਲ ਦੀ ਤੇਰੇ ਕੋਲੋਂ ਕਿੱਦਾਂ ਮੁਆਫੀ ਮੰਗਾਂ ਕਿ ਐਨਿਆਂ ਇਨਸਾਨਾਂ ਦਾ ਖੂਨ ਜਿਸ ਦੀ ਹਕੂਮਤ ਵਿਚ ਵਗ ਜਾਏ ਤੇ ਅੱਜ ਵੀ ਜਿਥੇ ਪੁਲਿਸ ਦੀ ਗੋਲੀ ਨਾਲ ਨਿਆਂ ਮੰਗਣ ਵਾਲਿਆਂ ਨੂੰ ਚੁੱਪ ਕਰਾਉਣ ਦੀ ਕਵਾਇਦ ਕੀਤੀ ਜਾਵੇ ਤੇ ਲੋਕਾਂ ‘ਤੇ ਜ਼ੁਲਮ ਢਾਹੁਣ ਲਈ ਫੌਜ ਸੱਦੀ ਜਾਵੇ, ਸਾਰਾ ਪੰਜਾਬ ਬਲਦੀ ਭੱਠੀ ‘ਚ ਦਿੱਤਾ ਹੋਵੇ, ਉਸ ਨੂੰ ਤੇਰੇ ਸਿੱਖ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀਆਂ ਗੱਲਾਂ ਕਰਨ! ਅਸੀਂ ਮੁਆਫੀ ਦੇ ਲਾਇਕ ਨਹੀਂ ਬਾਬਾ! ਸਾਨੂੰ ਸੁਮੱਤ ਦੇਹ, ਨਹੀਂ ਤਾਂ ਇਹ ਖੂਨ ਦੇ ਸੋਹਿਲੇ ਅਜੇ ਮੁਕਣੇ ਨਹੀਂ…।
-ਮਝੈਲ ਸਿੰਘ ਸਰਾਂ

You must be logged in to post a comment Login