ਗਿਣਤੀ ਪੱਖੋਂ ਉੱਪਰ ਤੇ ਗੁਣਾਤਮਕ ਪੱਖੋਂ ਥੱਲੇ ਕਿਉਂ ਹੈ ਪੰਜਾਬੀ ਸਿਨੇਮਾ?

ਸਵਰਨ ਸਿੰਘ ਟਹਿਣਾ

‘ਪੰਜਾਬੀ ਸਿਨੇਮੇ ਦਾ ਪੱਧਰ ਉੱਚਾ ਚੁੱਕਣਾ ਸਾਡਾ ਮੁੱਖ ਮਨੋਰਥ ਹੈ’, ‘ਸਾਡੀ ਫ਼ਿਲਮ ਹਰ ਵਰਗ ਦੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ’, ‘ਫ਼ਿਲਮ ਜ਼ਰੀਏ ਅਸੀਂ ਮਨੋਰੰਜਨ ਦੇ ਨਾਲ-ਨਾਲ ਸੰਦੇਸ਼ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ’ ਜਾਂ ‘ਸਾਡੀ ਫ਼ਿਲਮ ਪੈਸਾ ਵਸੂਲ ਸਾਬਤ ਹੋਵੇਗੀ’, ਇਹ ਗੱਲਾਂ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫ਼ਿਲਮਾਂ ਦੇ ਪ੍ਰੋਡਿਊਸਰਾਂ, ਡਾਇਰੈਕਟਰਾਂ ਤੇ ਕਲਾਕਾਰਾਂ ਮੂੰਹੋਂ ਏਨੀ ਵਾਰ ਸੁਣ ਲਈਆਂ ਹਨ ਕਿ ਇਨ੍ਹਾਂ ‘ਤੇ ਯਕੀਨ ਆਉਣੋਂ ਹਟ ਗਿਐ। ਕਦੇ-ਕਦੇ ਮੈਨੂੰ ਇੰਜ ਜਾਪਦੈ ਕਿ ਇਹ ਗੱਲਾਂ ਇਨ੍ਹਾਂ ਲੋਕਾਂ ਨੇ ਇੰਜ ਰਟੀਆਂ ਹੋਈਆਂ ਨੇ, ਜਿਵੇਂ ਸਰਕਾਰੀ ਸਕੂਲ ਦਾ ਨਿਆਣਾ ‘ਮੌਰਨਿੰਗ ਵਾਕ’ ਦਾ ਲੇਖ ਰੱਟਦਾ ਹੈ। ਭਾਵੇਂ ਇਹ ਸੱਚ ਹੈ ਕਿ ਤਿੰਨ ਤੋਂ ਪੰਜ ਕਰੋੜ ਰੁਪਿਆ ਜਿਸ ਪ੍ਰੋਡਿਊਸਰ ਨੇ ਖਰਚਣਾ ਹੋਵੇ, ਉਹ ਦੁੱਗਣੇ ਕਰਨੇ ਹੀ ਚਾਹੇਗਾ, ਪਰ ਕਿੰਨੀ ਕੁ ਵਾਰ ਉਨ੍ਹਾਂ ਦੀ ਇੱਛਾ ਪੂਰੀ ਹੁੰਦੀ ਹੈ, ਇਹ ਸਿਨੇਮਾ ਘਰਾਂ ਦੀਆਂ ਰਿਪੋਰਟਾਂ ਤੋਂ ਪਤਾ ਲੱਗ ਜਾਂਦਾ ਹੈ। ਜਦੋਂ ਸਿਨੇਮਾ ਘਰ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਫ਼ਿਲਮ ਦਾ ਕੁਝ ਨਹੀਂ ਬਣਿਆ ਤੇ ਪ੍ਰੋਡਿਊਸਰ ਕਹਿ ਰਹੇ ਹੁੰਦੇ ਨੇ, ‘ਬਹੁਤ ਚੱਲੀ ਹੈ ਸਾਡੀ ਫ਼ਿਲਮ’, ਤਾਂ ਸੋਚਣ ਲਈ ਮਜਬੂਰ ਹੋ ਜਾਈਦਾ ਹੈ ਕਿ ਦੋਹਾਂ ਧਿਰਾਂ ਵਿੱਚੋਂ ਗੱਲ ਮੰਨੀ ਕੀਹਦੀ ਜਾਵੇ।
ਇਹ ਚੰਗੀ ਗੱਲ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਪੰਜਾਬੀ ਸਿਨੇਮਾ ਅੱਗੇ ਵਧਿਆ ਹੈ। ਪੰਜਾਬੀ ਫ਼ਿਲਮਾਂ ਲੱਖਾਂ ਤੋਂ ਕਰੋੜਾਂ ਦੇ ਬੱਜਟ ਤੱਕ ਪਹੁੰਚੀਆਂ ਹਨ। ਪਹਿਲੀਆਂ ਫ਼ਿਲਮਾਂ ਵਿੱਚ ਜਿਹੜੇ ਹੀਰੋ ਹਜ਼ਾਰਾਂ ਜਾਂ ਲੱਖਾਂ ਵਿੱਚ ਮਿਹਨਤਾਨਾ ਲੈਂਦੇ ਸਨ, ਉਨ੍ਹਾਂ ਦਾ ਨਵਾਂ ਪੂਰ ਕਰੋੜਾਂ ਵਿਚ ਮਿਹਨਤਾਨਾ ਲੈਣ ਦੀ ਗੱਲ ਕਰਨ ਲੱਗਾ ਹੈ। ਪੰਜਾਬੀ ਸਿਨੇਮੇ ਨੂੰ ਸਕਰੀਨਾਂ ਵੱਧ ਮਿਲਣ ਲੱਗੀਆਂ ਹਨ। ਪੰਜਾਬੋਂ ਬਾਹਰਲੇ ਸੂਬਿਆਂ ਵਿੱਚ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਲੱਗੀਆਂ ਹਨ। ਭਾਰਤ ਦੇ ਨਾਲ-ਨਾਲ ਕਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹੋਰ ਮੁਲਕਾਂ ਵਿੱਚ ਫ਼ਿਲਮਾਂ ਦੀ ਰਿਲੀਜ਼ਿੰਗ ਸ਼ੁਰੂ ਹੋਈ ਹੈ ਤੇ ਖਰਚੇ ਪੈਸੇ ਦਾ ਪੰਜਾਹ ਫ਼ੀਸਦੀ ਹਿੱਸਾ ਬਾਹਰਲੇ ਮੁਲਕਾਂ ਵਿਚੋਂ ਵਾਪਸ ਆਉਣ ਲੱਗਾ ਹੈ। ਪਰ ਸਵਾਲਾਂ ਦਾ ਸਵਾਲ ਹੈ ਕਿ ਕੀ ਹਰ ਫ਼ਿਲਮ ਖਰਚ ਕੀਤੇ ਪੈਸੇ ਪੂਰੇ ਕਰਦੀ ਹੈ? ਕੀ ਹਰ ਫ਼ਿਲਮ ਕਮਾਈ ਦੇ ਅੰਕੜੇ ਵੱਲ ਵਧਦੀ ਹੈ? ਕੀ ਹਰ ਪ੍ਰੋਡਿਊਸਰ ਦੁਬਾਰਾ ਫ਼ਿਲਮ ‘ਤੇ ਪੈਸਾ ਖਰਚਣ ਦਾ ਹੀਆ ਕਰਦਾ ਹੈ? ਕੀ ਪੰਜਾਬੀ ਫ਼ਿਲਮਾਂ ਦਰਸ਼ਕਾਂ ਦਾ ਭਰੋਸਾ ਸੌ ਫ਼ੀਸਦੀ ਜਿੱਤ ਸਕੀਆਂ ਹਨ?
ਇਨ੍ਹਾਂ ਸਾਰੇ ਸਵਾਲਾਂ ਦੇ ਉੱਤਰ ਕਿਸੇ ਹੋਰ ਨਾਲੋਂ ਜ਼ਿਆਦਾ ਵਧੀਆ ਦਰਸ਼ਕ ਦੇ ਸਕਦੇ ਹਨ। ਚਾਲੂ ਸਾਲ ਵਿੱਚ ਜਿੰਨੀਆਂ ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ, ਉਨ੍ਹਾਂ ਵਿਚੋਂ ਪੱਚੀ ਫ਼ੀਸਦੀ ਨੇ ਪ੍ਰਚਾਰ ‘ਤੇ ਖਰਚੇ ਪੈਸੇ ਲਿਆਂਦੇ ਹੋਣਗੇ ਤੇ ਪੰਜ ਫ਼ੀਸਦੀ ਫ਼ਿਲਮਾਂ ਕਮਾਈ ਦੇ ਅੰਕੜੇ ਵੱਲ ਵਧੀਆਂ ਹੋਣਗੀਆਂ, ਤਾਂ ਕੀ ਬੁਰੀ ਤਰ੍ਹਾਂ ਫਲਾਪ ਹੋਈਆਂ ਫ਼ਿਲਮਾਂ ਦੇ ਪ੍ਰੋਡਿਊਸਰਾਂ ਦੀ ਅਣਜਾਣਤਾ ਉਨ੍ਹਾਂ ਨੂੰ ਲੈ ਬੈਠੀ, ਡਾਇਰੈਕਟਰ ਦਰਸ਼ਕ ਦੀ ਭਾਵਨਾ ਨਹੀਂ ਸਮਝ ਸਕੇ ਜਾਂ ਫਿਰ ਕਲਾਕਾਰਾਂ ਦੀ ਅਦਾਕਾਰੀ ਪ੍ਰਭਾਵਤ ਨਹੀਂ ਕਰ ਸਕੀ, ਇਹ ਸਵਾਲ ਬਹੁਤ ਵੱਡੇ ਹਨ, ਪਰ ਇਨ੍ਹਾਂ ਦਾ ਜਵਾਬ ਵੀ ਜ਼ਿਆਦਾ ਸਪੱਸ਼ਟ ਤਰੀਕੇ ਨਾਲ ਦਰਸ਼ਕਾਂ ਕੋਲੋਂ ਹੀ ਮਿਲ ਸਕਦੈ। ਮੈਂ ਅਕਸਰ ਹੈਰਾਨ ਹੁੰਦਾ ਹਾਂ ਕਿ ਬਹੁਤੀਆਂ ਪੰਜਾਬੀਆਂ ਫ਼ਿਲਮਾਂ ਵਿੱਚ ਪ੍ਰੋਡਿਊਸਰ ਦਾ ਨਾਂ ਇੱਕ ਜਾਂ ਦੋ ਵਾਰ ਹੀ ਪੋਸਟਰਾਂ ‘ਤੇ ਪੜ੍ਹਨ ਨੂੰ ਮਿਲਦਾ ਹੈ, ਫੇਰ ਉਹ ਕਿੱਧਰ ਅਲੋਪ ਹੋ ਜਾਂਦੇ ਹਨ? ਕੀ ਉਨ੍ਹਾਂ ਦਾ ਮਨੋਬਲ ਟੁੱਟ ਜਾਂਦਾ ਹੈ ਜਾਂ ਉਨ੍ਹਾਂ ਦਾ ਪੰਜਾਬੀ ਸਿਨੇਮੇ ਵੱਲੋਂ ਮੋਹ ਭੰਗ ਹੋ ਜਾਂਦਾ ਹੈ ਜਾਂ ਫੇਰ ਇਸ ਖੇਤਰ ਵਿਚਲੇ ਠੱਗ ਕਿਸਮ ਦੇ ਲੋਕ ਉਨ੍ਹਾਂ ਨੂੰ ਪਹਿਲੀ ਵਾਰ ‘ਚ ਹੀ ਏਨਾ ਨਿਚੋੜ ਦਿੰਦੇ ਨੇ ਕਿ ਮੁੜ ਉਹ ਕਦੇ ਪੰਜਾਬੀ ਫ਼ਿਲਮ ਬਣਾਉਣ ਦਾ ਸੁਪਨਾ ਨਹੀਂ ਲੈਂਦੇ? ਜੇ ਪੰਜਾਬੀ ਫ਼ਿਲਮਾਂ ਦੇ ਦਰਸ਼ਕ ਵਧੇ ਹਨ ਤਾਂ ਰਿਲੀਜ਼ ਹੋਈਆਂ ਫ਼ਿਲਮਾਂ ਦਾ ਪੰਜ ਫ਼ੀਸਦੀ ਹਿੱਸਾ ਹੀ ਕਾਮਯਾਬ ਕਿਉਂ ਹੁੰਦਾ ਹੈ? ਜੇ ਪੰਜਾਬੀ ਸਿਨੇਮੇ ਦਾ ਪੱਧਰ ਬਹੁਤ ਉੱਚਾ ਜਾ ਚੁੱਕਾ ਹੈ ਤਾਂ ਇਸ ਨਾਲ ਏਨਾ ‘ਰਿਸਕ’ ਕਿਉਂ ਜੁੜਿਆ ਹੈ?
ਜਦੋਂ ਪੰਜਾਬੀ ਫ਼ਿਲਮ ‘ਜੀ ਆਇਆਂ ਨੂੰ’ ਰਿਲੀਜ਼ ਹੋਈ ਤਾਂ ਕਨੇਡਾ ਸਮੇਤ ਹੋਰ ਬਹੁਤ ਸਾਰੇ ਹੋਰ ਮੁਲਕਾਂ ਵਿੱਚ ਵਸਦੇ ਮੇਰੇ ਦੋਸਤਾਂ ਨੇ ਕਿਹਾ, ‘ਵੀਕਐਂਡ ‘ਤੇ ਅਸੀਂ ਮੂਵੀ ਦੇਖਣ ਜਾਣੈ…ਪਹਿਲੀ ਵਾਰ ਚੰਗੀ ਪੰਜਾਬੀ ਫ਼ਿਲਮ ਬਣੀ ਐ…।’ ਮੈਨੂੰ ਖੁਸ਼ੀ ਹੋਈ। ਇੱਕ ਸਾਲ ਵਿੱਚ ਉਨ੍ਹਾਂ ਦੇ ਜਿੰਨੀ ਵਾਰ ਵੀ ਫੋਨ ਆਏ, ਉਨ੍ਹਾਂ ਸ਼ਨੀਵਾਰ ਜਾਂ ਐਤਵਾਰ ਨਵੀਂ ਪੰਜਾਬੀ ਫ਼ਿਲਮ ਦੇਖਣ ਦੀ ਗੱਲ ਕੀਤੀ, ਪਰ ਫੇਰ ਉਨ੍ਹਾਂ ਦੇ ਪੰਜਾਬੀ ਫ਼ਿਲਮਾਂ ਬਾਰੇ ਵਿਚਾਰ ਬਦਲ ਗਏ। ਮੈਂ ਜਦੋਂ ਉਨ੍ਹਾਂ ਨੂੰ ਆਖਦਾ, ‘ਵੀਕਐਂਡ ‘ਤੇ ਤਾਂ ਮੂਵੀ ਦੇਖਣ ਜਾਣਾ ਹੋਏਗਾ…।’ ਉਹ ਕਹਿੰਦੇ, ‘ਨੋ..ਨੋ, ਇਹ ਫ਼ਿਲਮਾਂ ਬੋਰਿੰਗ ਹੁੰਦੀਆਂ ਨੇ, ਅੱਧੀ ਸ਼ੂਟਿੰਗ ਕਨੇਡਾ ਤੇ ਅੱਧੀ ਪੰਜਾਬ ਵਿੱਚ ਕਰੀ ਜਾਂਦੇ ਨੇ, ਕਹਾਣੀ ਵਿੱਚ ਵੀ ਉਹੀ ਕੁਝ, ਕਲਾਕਾਰ ਵੀ ਉਹੀ…ਹੁਣ ਨਹੀਂ ਦੇਖਦੇ ਅਸੀਂ ਇਹ…।’
ਮੇਰੇ ਲਈ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਸੀ ਕਿ ਜਿੰਨੇ ਥੋੜ੍ਹੇ ਸਮੇਂ ‘ਚ ਪੰਜਾਬੀ ਫ਼ਿਲਮਾਂ ਤੋਂ ਮੇਰੇ ਦਾਇਰੇ ਦੇ ਲੋਕ ਉਕਤਾਉਣੇ ਸ਼ੁਰੂ ਹੋਏ ਹਨ, ਬਾਕੀ ਵੀ ਉਵੇਂ ਹੀ ਹੋਣਗੇ ਤੇ ਅੱਜ ਸੱਚੀਂ ਇਹ ਹਾਲਾਤ ਹਨ ਕਿ ਬਾਹਰਲੇ ਮੁਲਕਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ ਛੋਟਾ ਹਿੱਸਾ ਪੰਜਾਬੀ ਫ਼ਿਲਮਾਂ ਨੂੰ ਦੇਖਣ ਦੀ ਹਾਮੀ ਭਰਦਾ ਹੈ। ਕੋਈ ਵਿਰਲੀ-ਟਾਵੀਂ ਫ਼ਿਲਮ ਧਾਰਮਿਕ ਵਿਸ਼ੇ ‘ਤੇ ਅਧਾਰਤ ਜਾਂ ਪੰਜਾਬ ਦੇ ਧੁਆਂਖੇ ਅਤੀਤ ਨੂੰ ਪੇਸ਼ ਕਰਨ ਵਾਲੀ ਹੁੰਦੀ ਹੈ, ਜਿਸ ਨੂੰ ਭਾਰਤ ਵਿੱਚ ਸੈਂਸਰ ਸਰਟੀਫ਼ਿਕੇਟ ਨਾ ਮਿਲਣ ਕਰਕੇ ਜਾਂ ਖੂਨ ਖਰਾਬੇ ਵਾਲੇ ਦ੍ਰਿਸ਼ਾਂ ਕਰਕੇ ਰੋਕਣ ਦੀ ਗੱਲ ਛਿੜਦੀ ਹੈ ਤਾਂ ਮੀਡੀਆ ਦੀ ਚਰਚਾ ਕਾਰਨ ਉਹ ਬਾਹਰ ਕਾਮਯਾਬ ਵੀ ਹੋ ਜਾਂਦੀ ਹੈ, ਪਰ ਬਹੁਤੀ ਵਾਰ ਉਸ ਨੂੰ ਦੇਖ ਕੇ ਵੀ ਨਿਰਾਸ਼ ਹੀ ਹੁੰਦਾ ਹੈ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬੀ ਫ਼ਿਲਮਾਂ ਕਾਮਯਾਬ ਕਿਉਂ ਨਹੀਂ ਹੁੰਦੀਆਂ ਤਾਂ ਸੌ ਵਿਚੋਂ ਨੜਿੱਨਵੇਂ ਦਰਸ਼ਕਾਂ ਦਾ ਜਵਾਬ ਇੱਕੋ ਮਿਲੇਗਾ, ‘ਜਿਹੜੇ ਡਾਇਰੈਕਟਰ ਢਾਈ ਮਿੰਟ ਦਾ ਗਾਣਾ ਫ਼ਿਲਮਾਂਉਂਦੇ ਸਨ, ਉਹ ਢਾਈ ਘੰਟੇ ਦੀ ਫ਼ਿਲਮ ਬਣਾਉਣ ਲੱਗ ਗਏ…ਜਿਹੜੇ ਗਾਉਣ ਵਾਲਿਆਂ ਦੇ ਚਾਰ ਗਾਣੇ ਕਾਮਯਾਬ ਹੋ ਗਏ, ਉਹ ਹੀਰੋ ਬਣ ਗਏ ਤੇ ਜਿਨ੍ਹਾਂ ਲੋਕਾਂ ਕੋਲ ਚਾਰ ਪੈਸੇ ਆ ਗਏ, ਉਹ ਪ੍ਰੋਡਿਊਸਰ ਬਣ ਗਏ…ਜਦੋਂ ਸਾਰਾ ਕੰਮ ਹੀ ਅਣਜਾਣ ਲੋਕਾਂ ਦੇ ਹੱਥ ਹੇਠ ਹੋਏਗਾ ਤਾਂ ਦਰਸ਼ਕ ਜੇਬ ਵਿੱਚ ਪੈਸੇ ਕਿਉਂ ਕੱਢਣਗੇ? ਜੇ ਉਹ ਇੱਕ ਵਾਰ ਪੈਸਾ ਖਰਚ ਕੇ ਮਾੜੇ ਤਜਰਬੇ ਨਾਲ ਸਿਨੇਮਾ ਹਾਲ ਵਿਚੋਂ ਬਾਹਰ ਨਿਕਲਣਗੇ ਤਾਂ ਭਵਿੱਖ ਵਿੱਚ ‘ਦੁੱਧ ਦਾ ਸਾੜਿਆ, ਲੱਸੀ ਵੀ ਫੂਕਾਂ ਮਾਰ ਮਾਰ ਪੀਂਦਾ’, ਵਾਲੀ ਗੱਲ ਹੋਵੇਗੀ, ਜੇ ਕੋਈ ਚੰਗੀ ਫ਼ਿਲਮ ਵੀ ਆਈ ਤਾਂ ਉਸ ਦੇ ਚੰਗੇਪਣ ‘ਤੇ ਯਕੀਨ ਨਹੀਂ ਆਵੇਗਾ।
ਪਿਛਲੇ ਸਾਲ ਮੈਂ ਇੱਕ ਪ੍ਰੋਡਿਊਸਰ ਨੂੰ ਪੁੱਛ ਲਿਆ, ‘ਕੀ ਸੋਚ ਕੇ ਪੈਸਾ ਖਰਚਿਆ ਸੀ ਫ਼ਿਲਮ ‘ਤੇ?’
ਉਸ ਦਾ ਸਾਫ਼ ਜਵਾਬ ਸੀ, ‘ਮੈਨੂੰ ਗੁੰਮਰਾਹ ਕੀਤਾ ਗਿਆ। ਕਿਹਾ ਗਿਆ ਸੀ ਕਿ ਢਾਈ ਤੋਂ ਤਿੰਨ ਕਰੋੜ ਖਰਚ ਆਵੇਗਾ, ਪਰ ਜਦੋਂ ਸ਼ੂਟਿੰਗ ਸ਼ੁਰੂ ਹੋਈ ਤਾਂ ਪੰਜ ਕਰੋੜ ਹੋ ਗਿਆ। ਫੇਰ ਪ੍ਰਚਾਰ ‘ਤੇ ਸੱਤਰ ਲੱਖ ਰੁਪਿਆ ਲੱਗਾ। ਮੈਨੂੰ ਅਖੀਰ ‘ਤੇ ਪਤਾ ਲੱਗਾ ਕਿ ਪ੍ਰੋਡਕਸ਼ਨ ਮੈਨੇਜਰ, ਡਾਇਰੈਕਟਰ ਸਮੇਤ ਹੋਰਾਂ ਨੇ ਮੇਰੇ ਪੈਸੇ ‘ਤੇ ਮਨਆਈਆਂ ਕੀਤੀਆਂ। ਜਿਹੜੇ ਲੋਕਾਂ ਨੇ ਕਦੇ ਏ.ਸੀ. ਬੱਸ ਵਿੱਚ ਸਫ਼ਰ ਨਹੀਂ ਸੀ ਕੀਤਾ, ਉਹ ਮੇਰੇ ਪੈਸੇ ‘ਤੇ ਪੰਦਰਾਂ ਦਿਨ ‘ਚ ਚਾਰ ਚਾਰ ਗੇੜੇ ਜਹਾਜ਼ ਰਾਹੀਂ ਮੁੰਬਈ ਦੇ ਲਾਉਂਦੇ ਤੇ ਕਹਿੰਦੇ ਸਨ, ‘ਐਡੀਟਿੰਗ ਦਾ ਕੰਮ ਕਰਨ ਜਾ ਰਹੇ ਹਾਂ।’
‘ਮੈਨੂੰ ਇਹ ਨਹੀਂ ਪਤਾ ਸੀ ਕਿ ਵੱਟਤ ਦਾ ਕਿੰਨੇ ਫ਼ੀਸਦੀ ਹਿੱਸਾ ਸਿਨੇਮਿਆਂ ਨੂੰ ਜਾਂਦਾ ਹੈ ਤੇ ਕਿੰਨੇ ਫ਼ੀਸਦੀ ਸਾਨੂੰ ਮਿਲਣੈ। ਕਿਹਾ ਗਿਆ ਸੀ ਕਿ ਛੇ ਮਹੀਨੇ ਵਿੱਚ ਪੈਸਾ ਦੁੱਗਣਾ ਕਰਕੇ ਦੇਣਾ ਸਾਡੀ ਗਾਰੰਟੀ ਹੈ, ਪਰ ਮੈਨੂੰ ਪੰਜਾਹ ਲੱਖ ਵੀ ਵਾਪਸ ਨਹੀਂ ਆਇਆ। ਜੇ ਮੈਨੂੰ ਵਿਚਲੀ ਸਾਰੀ ਗੱਲ ਪਹਿਲਾਂ ਹੀ ਸਮਝਾਈ ਹੁੰਦੀ ਤਾਂ ਏਨੀ ਵੱਡੀ ਗ਼ਲਤੀ ਕਦੇ ਨਾ ਕਰਦਾ।’
ਉਸ ਪ੍ਰੋਡਿਊਸਰ ਦੀ ਇੱਕ ਹੋਰ ਕਮਾਲ ਦੀ ਗੱਲ ਸੀ, ‘ਜਿਵੇਂ ਪ੍ਰਾਈਵੇਟ ਖੇਤਰ ਦੀਆਂ ਕਈ ਜੀਵਨ ਬੀਮਾ ਪਾਲਸੀਆਂ ਦੇ ਏਜੰਟ ਗਾਹਕ ਨੂੰ ਧੋਖੇ ਵਿੱਚ ਰੱਖ ਕੇ ਬੀਮਾ ਕਰ ਦਿੰਦੇ ਹਨ, ਪਰ ਜਦੋਂ ਅੱਧੀਆਂ ਕਿਸ਼ਤਾਂ ਚਲੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਦੈ ਕਿ ਉਨ੍ਹਾਂ ਨਾਲ ਹੇਰਾਫੇਰੀ ਹੋਈ ਹੈ, ਪੰਜਾਬੀ ਫ਼ਿਲਮ ਖੇਤਰ ਵਿੱਚ ਵੀ ਇਹੋ ਕੁਝ ਚੱਲਦੈ, ਜਦੋਂ ਦੱਸੇ ਬੱਜਟ ਦਾ ਅੱਧੋਂ ਵੱਧ ਖਰਚ ਹੋ ਜਾਂਦੈ ਤਾਂ ਪੈਸਾ ਖਰਚਣ ਵਾਲੇ ਨੂੰ ਪਤਾ ਲੱਗਦੈ ਕਿ ਉਹ ਫਸ ਗਿਐ, ਪਰ ਜੇ ਉਹ ਉਦੋਂ ਮੈਦਾਨ ਛੱਡਦਾ ਹੈ ਤਾਂ ਪਹਿਲਾਂ ਖਰਚ ਕੀਤਾ ਸਾਰਾ ਪੈਸਾ ਮਿੱਟੀ ਹੁੰਦਾ ਹੈ ਤੇ ਪਹਿਲੇ ਪੈਸੇ ਕੱਢਣ ਲਈ ਉਹ ਹੋਰ ਲਗਾ ਦਿੰਦੈ ਤੇ ਅਖੀਰ ਸਾਰਾ ਹੀ ਮਿੱਟੀ ਹੋ ਜਾਂਦੈ।’
ਉਸ ਦੀ ਇਹ ਗੱਲ ਮੈਨੂੰ ਸੋਲ੍ਹਾਂ ਆਨੇ ਸਹੀ ਵੀ ਜਾਪਦੀ ਹੈ ਅੱਜ ਦੇ ਸੰਦਰਭ ਵਿੱਚ। ਇਹ ਨਹੀਂ ਕਹਿ ਸਕਦੇ ਕਿ ਸਾਰੇ ਪ੍ਰੋਡਿਊਸਰ, ਡਾਇਰੈਕਟਰ ਜਾਂ ਕਲਾਕਾਰ ਇਕੋ ਜਹੇ ਹਨ, ਪਰ ਜਿਹੜੀਆਂ ਫ਼ਿਲਮਾਂ ਲੰਘੇ ਵੇਲ਼ੇ ‘ਚ ਫਲਾਪ ਹੋਈਆਂ ਹਨ, ਉਨ੍ਹਾਂ ਵਿਚੋਂ ਬਹੁਤੀਆਂ ਦਾ ਮਾੜਾ ਹਾਲ ਅਣਸਿੱਖੇ ਲੋਕਾਂ ਕਰਕੇ ਹੋਇਆ। ਪੰਜਾਬੀ ਗੀਤ ਗਾਉਣ ਵਾਲੇ ਤਿੰਨ ਕਲਾਕਾਰ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ ਤੇ ਅਮਰਿੰਦਰ ਗਿੱਲ ਹੁਣ ਤੱਕ ਪੰਜਾਬੀ ਫ਼ਿਲਮਾਂ ਵਿੱਚ ਪ੍ਰਵਾਨ ਚੜ੍ਹੇ ਹਨ। ਉਨ੍ਹਾਂ ਨੇ ਫ਼ਿਲਮਾਂ ਵਿੱਚ ਅਦਾਕਾਰੀ ਕਰਦਿਆਂ ਹੀ ਅਦਾਕਾਰੀ ਦੇ ਗੁਰ ਸਿੱਖੇ ਹਨ। ਪਰ ਉਨ੍ਹਾਂ ਨੂੰ ਕਾਮਯਾਬ ਦੇਖ ਕੇ ਹੁਣ ਤੱਕ ਦਰਜਨਾਂ ਕਲਾਕਾਰਾਂ ਨੇ ਆਪਣਾ ਗਾਇਕੀ ਭਵਿੱਖ ਵੀ ਦਾਅ ‘ਤੇ ਲਗਾਇਆ ਹੈ, ਇਹ ਕੌੜਾ ਸੱਚ ਹੈ। ਪੰਜਾਬੀ ਕਲਾਕਾਰਾਂ ਦਾ ਵੱਡਾ ਹਿੱਸਾ ਕਿਉੁਂਕਿ ਰੀਸਾਂ ਦਾ ਪੱਟਿਆ ਹੋਇਐ, ਇਸ ਲਈ ਇਹ ਫ਼ਾਇਦਾ-ਨੁਕਸਾਨ ਦੇਖਣ ਨਾਲੋਂ ਦੂਜਾ ਕੀ ਕਰ ਰਿਹੈ, ਇਹ ਜ਼ਿਆਦਾ ਦੇਖਦੇ ਹਨ ਤੇ ਇਸ ਚੱਕਰ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਪੰਜਾਬੀ ਸਿਨੇਮੇ ਦਾ।
ਇਹ ਗੱਲ ਹੋ ਸਕਦੈ ਕਿਸੇ ਨੂੰ ਕੌੜੀ ਲੱਗੇ, ਪਰ ਹੈ ਸੱਚੀ ਕਿ ਪੰਜਾਬੀ ਸਿਨੇਮਾ ਵਪਾਰਕ ਪੱਖੋਂ ਬਾਲੀਵੁੱਡ ਦੇ ਹਾਣ ਦਾ ਨਹੀਂ ਹੋਇਆ। ਬਾਲੀਵੁੱਡ ਵਿੱਚ ਹਰ ਕੋਈ ਆਪਣੇ ਕੰਮ ਨੂੰ ਸਮਰਪਤ ਹੈ, ਉਨ੍ਹਾਂ ਨੂੰ ਇਸ ਵਪਾਰ ਦੀ ਗੁਣਾ, ਘਟਾਓ ਬਾਰੇ ਗਿਆਨ ਹੈ, ਪਰ ਪੰਜਾਬੀ ਸਿਨੇਮੇ ਵਿੱਚ ਨਹੀਂ। ਇੱਥੇ ਪੈਸਾ ਲਾਉਣ ਵਾਲੇ ਨੂੰ ‘ਬੱਕਰਾ’ ਸਮਝਿਆ ਜਾਂਦਾ ਹੈ ਕਿ ਉਸ ਨੂੰ ਹਲਾਲ ਕਰ ਲਵੋ, ਕੋਈ ਫ਼ਰਕ ਨਹੀਂ ਪੈਣ ਲੱਗਾ। ਇਹ ਸਮਝਣ ਦੀ ਖੇਚਲ ਨਹੀਂ ਕੀਤੀ ਜਾਂਦੀ ਕਿ ਉਸ ਦੀ ਖੂਨ ਪਸੀਨੇ ਦੀ ਕਮਾਈ ਨੂੰ ਅਜਾਈਂ ਕਿਉਂ ਗੁਆਇਆ ਜਾ ਰਿਹੈ, ਆਪਣੇ ਚਾਅ ਪੂਰੇ ਕਰਨ ਲਈ ਉਸ ਦਾ ਘਾਣ ਕਿਉਂ ਕੀਤਾ ਜਾ ਰਿਹੈ। ਇੱਕ ਪ੍ਰੋਡਿਊਸਰ ਨੂੰ ਮੈਂ ਦੋ ਸਾਲ ਪਹਿਲਾਂ ਫ਼ਿਲਮਾਂ ‘ਤੇ ਪੈਸਾ ਲਾਉਣ ਦਾ ਕਾਰਨ ਪੁੱਛਿਆ ਸੀ। ਉਸ ਦਾ ਜਵਾਬ ਚੇਤੇ ਕਰਕੇ ਅੱਜ ਵੀ ਹੈਰਾਨ ਹੁੰਦਾ ਹਾਂ। ਕਹਿੰਦਾ, ‘ਮਾਅਰਾਜ ਦੀ ਕ੍ਰਿਪਾ ਨਾਲ ਪੈਸੇ ਦੀ ਕੋਈ ਕਮੀ ਨਹੀਂ। ਬਥੇਰੇ ਕਾਰੋਬਾਰ ਚੱਲਦੇ ਨੇ ਆਪਣੇ। ਦੋ ਬੱਚੇ ਨੇ, ਪੂਰੀ ਜ਼ਿੰਦਗੀ ਉਹ ਕੋਈ ਕੰਮ ਵੀ ਨਾ ਕਰਨ, ਤਾਂ ਵੀ ਭੁੱਖੇ ਨਹੀਂ ਮਰਦੇ। ਫ਼ਿਲਮ ਨਹੀਂ ਚੱਲੀ ਕੋਈ ਗੱਲ ਨਹੀਂ। ਢਾਈ-ਤਿੰਨ ਕਰੋੜ ਕਿੰਨੀ ਕੁ ਵੱਡੀ ਗੱਲ ਹੁੰਦੈ। ਹੀਰੋਇਨ ਮਿਲਾਪੜੇ ਸੁਭਾਅ ਵਾਲੀ ਮਿਲ ਗਈ। ਦਸ ਦਿਨ ਡਲਹੌਜ਼ੀ ਰੱਖੀ, ਪੰਜ ਦਿਨ ਸ਼ਿਮਲਾ, ਹਫ਼ਤਾ ਮੁੰਬਈ ਦੇ ਹੋਟਲਾਂ ‘ਚ, ਨਾਲੇ ਉਹ ਖੁਸ਼ ਨਾਲੇ ਆਪਾਂ ਖੁਸ਼…ਓਦਾਂ ਵੀ ਤਾਂ ਏਨੇ ਪੈਸੇ ਲੱਗਦੇ ਹੀ ਨੇ…।’
ਉਸ ਦਾ ਇਹ ਜਵਾਬ ਸਮਝੌਤਾਵਾਦੀ ਨੀਤੀ ਦਾ ਖੁਲਾਸਾ ਵੀ ਕਰਦਾ ਸੀ ਤੇ ਇਹ ਵੀ ਦੱਸਦਾ ਸੀ ਕਿ ਉਹ ਪੰਜਾਬੀ ਸਿਨੇਮੇ ਲਈ ਸਮਰਪਤ ਕਿੰਨਾ ਕੁ ਹੈ। ਇਹ ਤਾਂ ਸ਼ੁਕਰ ਹੈ ਕਿ ਉਹ ਪ੍ਰੋਡਿਊਸਰ ਸ਼ਰੇਆਮ ਇਹ ਸਭ ਮੰਨ ਗਿਆ, ਨਹੀਂ ਤਾਂ ਪਰਦੇ ਪਿਛਲਾ ਸੱਚ ਇਹੀ ਹੈ ਕਿ ਪੈਸਾ ਖਰਚ ਕਰਨ ਵਾਲੇ ਅੱਯਾਸ਼ੀ ਦੇ ਚੱਕਰ ‘ਚ ਹੀ ਉਲਝ ਕੇ ਰਹਿ ਜਾਂਦੇ ਹਨ।
ਕਹਿਣ ਦਾ ਭਾਵ ਪੰਜਾਬੀ ਸਿਨੇਮਾ ਫ਼ਿਲਮਾਂ ਦੀ ਗਤੀ ਪੱਖੋਂ ਤਾਂ ਤਰੱਕੀ ਕਰ ਰਿਹੈ, ਪਰ ਸਫ਼ਲਤਾ ਪੱਖੋਂ ਹਾਲੇ ਉਸ ਮੁਕਾਮ ਤੱਕ ਨਹੀਂ ਪੁੱਜਾ, ਜਿੱਥੇ ਪੁੱਜਣਾ ਚਾਹੀਦਾ ਸੀ। ਇਸ ਲਈ ਇੱਕ ਨਹੀਂ, ਦਰਜਨਾਂ ਕਾਰਨ ਜ਼ਿੰਮੇਵਾਰ ਹਨ। ਪੰਜਾਬੀ ਸਿਨੇਮੇ ਨੂੰ ਅਣਜਾਣਤਾ ਤੇ ਅੱਯਾਸ਼ੀ ਵਿਚੋਂ ਬਾਹਰ ਕੱਢਣ ਦੀ ਵੀ ਲੋੜ ਹੈ ਤੇ ਚੰਗੀਆਂ ਕਹਾਣੀਆਂ ਲੱਭਣ ਦੀ ਵੀ। ਜੇ ਚਾਰ ਕਾਮੇਡੀ ਫ਼ਿਲਮਾਂ ਕਾਮਯਾਬ ਹੋ ਗਈਆਂ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਸਾਲਾਂ ਬੱਧੀ ਇਹੀ ਕੁਝ ਚੱਲਦਾ ਰਹੇਗਾ। ਲਕੀਰ ਦੇ ਫ਼ਕੀਰ ਬਣਨ ਵਾਲੀ ਗੱਲ ਤੋਂ ਖਹਿੜਾ ਛੁਡਾਉਣਾ ਪਵੇਗਾ। ਸਮਾਜ ਦੇ, ਪੰਜਾਬ ਦੇ, ਪੰਜਾਬੀਆਂ ਦੇ ਬਹੁਤ ਸਾਰੇ ਮਸਲੇ ਅਜਿਹੇ ਹਨ, ਜਿਨ੍ਹਾਂ ‘ਤੇ ਪੰਜਾਬੀ ਫ਼ਿਲਮਾਂ ਬਣਨ, ਡਾਇਰੈਕਟਰ, ਐਕਟਰ, ਸਕਰੀਨ ਪਲੇਅ, ਪ੍ਰਚਾਰ ਸਭ ਕੁਝ ਚੰਗਾ ਹੋਵੇ ਤਾਂ ਫ਼ਿਲਮ ਕਾਮਯਾਬੀ ਦੀ ਗਾਰੰਟੀ ਹੋ ਸਕਦੀ ਹੈ, ਪਰ ਕਿਸੇ ਇੱਕ ਪੱਖ ਵਿੱਚ ਊਣਤਾਈ ਰਹਿ ਗਈ ਤਾਂ ਕੀਤੇ ਕਰਾਏ ‘ਤੇ ਪਾਣੀ ਫਿਰ ਜਾਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਫ਼ਿਲਮਾਂ ਬਣਦੀਆਂ ਰਹਿਣ, ਪਰ ਕਿਸੇ ਦੇ ਪੈਸੇ ਨਾਲ ਖਿਲਵਾੜ ਨਾ ਹੋਵੇ, ਕਿਸੇ ਨੂੰ ਗੁੰਮਰਾਹ ਨਾ ਕੀਤਾ ਜਾਵੇ, ਆਪਣਾ ਕੰਮ ਸੱਚੀ ਨੀਤ ਨਾਲ ਕੀਤਾ ਜਾਵੇ, ਦਰਸ਼ਕ ਨੂੰ ਖਰਚੇ ਪੈਸੇ ਚੁਭਣ ਨਾ ਤੇ ਦਰਸ਼ਕ ਸਿਨੇਮੇ ਵਿਚੋਂ ਬਾਹਰ ਨਿਕਲਦਿਆਂ ਆਪਣੇ ਦਸ ਦੋਸਤਾਂ ਨੂੰ ਹੋਰ ਫ਼ਿਲਮ ਦੇਖਣ ਲਈ ਪ੍ਰੇਰਤ ਕਰੇ, ਪਰ ਦੁੱਖ ਦੀ ਗੱਲ ਹੈ ਕਿ ਇਹੋ ਜਿਹਾ ਮੌਕਾ ਪੰਜਾਬੀ ਸਿਨੇਮੇ ਵਿੱਚ ਘੱਟ ਹੀ ਦੇਖਣ ਨੂੰ ਮਿਲਿਆ ਹੈ ਅੱਜ ਤੱਕ।

You must be logged in to post a comment Login