ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ‘ਤੇ ਆਧਾਰਤ ਲਘੂ ਫ਼ਿਲਮ ‘ਸਿੰਘ’ ਨੂੰ ਮਿਲਿਆ ਪੁਰਸਕਾਰ

ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ‘ਤੇ ਆਧਾਰਤ ਲਘੂ ਫ਼ਿਲਮ ‘ਸਿੰਘ’ ਨੂੰ ਮਿਲਿਆ ਪੁਰਸਕਾਰ

ਵਾਸ਼ਿੰਗਟਨ : ਭਾਰਤੀ ਮੂਲ ਦੇ ਅਮਰੀਕੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ‘ਤੇ ਆਧਾਰਤ ਲਘੂ ਫ਼ਿਲਮ ‘ਸਿੰਘ’ ਨੇ ਮੋਂਟਾਨਾ ਵਿਚ ਆਯੋਜਤ ਕੋਵੇਲਿਟ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿਚ ‘ਸ਼ੌਰਟ ਆਫ਼ ਦੀ ਯੀਅਰ’ ਪੁਰਸਕਾਰ ਜਿਤਿਆ। ਫ਼ਿਲਮ ਉਤਸਵ ਦੇ ਆਯੋਜਕਾਂ ਵਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿਤੀ ਗਈ।
ਜੇਨਾ ਰੂਈਜ਼ ਵਲੋਂ ਨਿਰਦੇਸ਼ਤ ਇਸ ਫ਼ਿਲਮ ਨੇ ਇਸ ਸ਼੍ਰੇਣੀ ਲਈ ਦਾਅਵੇਦਾਰ 100 ਫ਼ਿਲਮਾਂ ਨੂੰ ਪਿੱਛੇ ਛੱਡਦਿਆਂ ਇਹ ਪੁਰਸਕਾਰ ਹਾਸਲ ਕੀਤਾ। ਫ਼ਿਲਮ ‘ਸਿੰਘ’ ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ਦੀ ਉਸ ਘਟਨਾ ‘ਤੇ ਆਧਾਰਤ ਹੈ ਜਿਸ ਵਿਚ ਉਨ੍ਹਾਂ ਨੂੰ ਪੱਗ ਉਤਾਰੇ ਬਿਨਾਂ ਜਹਾਜ਼ ਵਿਚ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ। ਮਾਮਲਾ ਮਈ 2007 ਦਾ ਹੈ। ਇਸ ਲਘੂ ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਗੁਰਿੰਦਰ ਸਿੰਘ ਖ਼ਾਲਸਾ ਨੂੰ ਅਪਣੀ ਧਾਰਮਕ ਆਸਥਾ ਅਤੇ ਆਖ਼ਰੀ ਸਾਹ ਲੈ ਰਹੀ ਅਪਣੀ ਮਾਂ ਨੂੰ ਮਿਲਣ ਲਈ ਜਹਾਜ਼ ਫੜਨ ਵਿਚੋਂ ਕੋਈ ਇਕ ਵਿਕਲਪ ਚੁਣਨਾ ਸੀ। ਇਸ ਫ਼ਿਲਮ ਦੀ ਕੋਵੇਲਿਟ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਨੇ ‘ਇੰਡੀ ਸ਼ੌਰਟ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ’ ਲਈ ਅਧਿਕਾਰਕ ਰੂਪ ਨਾਲ ਚੋਣ ਕੀਤੀ। ‘ਇੰਡੀ ਸ਼ੌਰਟਸ’ ਇੰਡੀਆਨਾ ਪੋਲਿਸ ਵਿਚ ਜੁਲਾਈ 25 ਤੋਂ 28 ਦੇ ਵਿਚ ਵਿਸ਼ਵ ਭਰ ਦੀਆਂ ਫ਼ਿਲਮਾਂ ਦਿਖਾਏਗਾ।

You must be logged in to post a comment Login