ਗੁੱਸਾ ਨਫਰਤ, ਪਿਆਰ ਦੇ ਅੱਗੇ ਫੁੱਰ..ਰਰ

ਗੁੱਸਾ ਨਫਰਤ, ਪਿਆਰ ਦੇ ਅੱਗੇ ਫੁੱਰ..ਰਰ

ਤਰਲੋਚਨ ਸਿੰਘ ਦੁਪਾਲਪੁਰ

ਜੇ ਉਹ ਸਾਧਾਰਨ ਜਿਹਾ ਵਾਕਿਆ ਮੇਰੇ ਨਾਲ ਨਾ ਵਾਪਰਦਾ, ਤਾਂ ਪਤਾ ਨਹੀਂ ਮੈਂ ਕਿੰਨਾ ਕੁ ਚਿਰ ਹੋਰ ਮਨ ਹੀ ਮਨ ਸੜਦਾ-ਭੁੱਜਦਾ ਰਹਿੰਦਾ; ਜਾਂ ਉਸ ਦੇਸ਼ ਦੇ ਵਾਸੀਆਂ ਪ੍ਰਤੀ ਦਿਲ ਵਿਚ ਕੀ-ਕੀ ਸੋਚਦਾ/ਚਿਤਵਦਾ ਰਹਿੰਦਾ। ਜਿਵੇਂ ਰਸੋਈ ਵਿਚ ਕੰਮ ਕਰਦੀਆਂ ਬੀਬੀਆਂ ਅਚਾਨਕ ਉਬਲ-ਉਬਲ ਕੇ ਕੰਢਿਆਂ ‘ਤੇ ਆਈ ਦਾਲ ਉਤੇ ਠੰਢੇ ਪਾਣੀ ਦੇ ਛਿੱਟੇ ਮਾਰ ਕੇ ਉਬਾਲਾ ਪਲਾਂ ਵਿਚ ਹੀ ਸ਼ਾਂਤ ਕਰ ਦਿੰਦੀਆਂ ਹਨ, ਇੰਜ ਹੀ ਮੈਂ ਵੀ ਸ਼ੁਕਰ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਮੈਨੂੰ ਗੁੱਸਾ ਚੜ੍ਹਾ ਕੇ ਤਪਣ ਹੀ ਲਾ ਦਿੱਤਾ ਸੀ, ਝੱਟ ਪਲ ਵਿਚ ਹੀ ਉਨ੍ਹਾਂ ਦੇ ਹੀ ਇਕੱਠ ਵਿਚੋਂ ਕੁਝ ਕੁ ਨੇ ਮੇਰੇ ਨਾਲ ਅਜਿਹਾ ਵਿਹਾਰ ਕੀਤਾ ਕਿ ਮੇਰੇ ਦਿਲ ਵਿਚੋਂ ਕ੍ਰੋਧ ਤੇ ਉਨ੍ਹਾਂ ਪ੍ਰਤੀ ਪਨਪੀ ਨਫਰਤ ਫੁੱਰਰ-ਰ-ਰ ਹੋ ਗਈ। ਫਿਰ ਸ਼ਾਂਤ ਚਿੱਤ ਹਲਕਾ ਫੁੱਲ ਹੋ ਕੇ ਬਾਕੀ ਦਾ ਸਫਰ ਪੂਰਾ ਕੀਤਾ। ਬਾਰਾਂ ਸਾਲ ਤੋਂ ਅਮਰੀਕਾ ਰਹਿੰਦਿਆਂ ਭਾਰਤ-ਪੰਜਾਬ ਦਾ, ਇਹ ਮੇਰਾ ਤੇਰਵਾਂ-ਚੌਦਵਾਂ ਹਵਾਈ ਸਫਰ ਸੀ। ਸਤਾਰਾਂ ਮਾਰਚ 2016 ਨੂੰ ਸੈਨ ਫਰਾਂਸਿਸਕੋ ਤੋਂ ਦਿੱਲੀ ਜਾਂਦਿਆਂ ਤਾਂ ਮੈਨੂੰ ਕੋਈ ਖਾਸ ਮੁਸ਼ਕਿਲ ਨਹੀਂ ਆਈ; ਕਿਉਂਕਿ ਵਾਇਆ ਚੀਨ ਜਾਂਦਿਆਂ ਉਥੋਂ ਦੇ ਇਕ ਸ਼ਹਿਰ ਵਿਚ ਸਾਡੀ ਨੌਂ ਘੰਟੇ ਦੀ ‘ਸਟੇਅ’ ਦੌਰਾਨ ਸਾਨੂੰ ਹੋਟਲ ਵਿਚ ਕਮਰੇ ਮਿਲ ਗਏ। ਇਸ ਫਲਾਈਟ ਵਿਚ ਅਸੀਂ ਸਿਰਫ ਤਿੰਨ ਪੰਜਾਬੀ ਸਰਦਾਰ ਸਾਂ, ਤੇ ਤਿੰਨੇ ਜਣੇ ਗੱਪ-ਸ਼ੱਪ ਮਾਰਨ ਲਈ ਇਕੋ ਕਮਰੇ ਵਿਚ ਸੌਂ ਗਏ, ਪਰ 25 ਅਪਰੈਲ ਨੂੰ ਵਾਪਸੀ ਮੌਕੇ ਮੈਂ ਬਹੁਤ ਖੱਜਲ-ਖੁਆਰ ਹੋਇਆ।
ਚਾਈਨਾ ਸਾਊਦਰਨ ਏਅਰਲਾਈਨਜ਼ ਦਾ ਜਹਾਜ਼ ਦਿੱਲੀਓਂ ਚੱਲ ਕੇ ਪੰਜ-ਛੇ ਘੰਟੇ ਬਾਅਦ ਚੀਨ ਦੇ ਗੁਆਂਗਜ਼ਹੂ ਸ਼ਹਿਰ ਉਤਰਿਆ। ਸੈਨ ਫਰਾਂਸਿਸਕੋ ਜਾਣ ਵਾਲੀਆਂ ਸਵਾਰੀਆਂ ਨੇ ਇਥੋਂ ਜਹਾਜ਼ ਬਦਲ ਕੇ ਚੀਨ ਦੇ ਹੀ ਇਕ ਹੋਰ ਸ਼ਹਿਰ ਵੂਹਾਨ ਪਹੁੰਚਣਾ ਸੀ ਜਿਥੇ ਚਾਰ ਘੰਟੇ ਦੀ ‘ਸਟੇਅ’ ਬਾਅਦ ਅਸੀਂ ਸੈਨ ਫਰਾਂਸਿਸਕੋ ਲਈ ਫਲਾਈਟ ਫੜਨੀ ਸੀ। ਚੀਨ ਦੇ ਦੱਖਣੀ ਹਿੱਸੇ ਵਿਚ ਹੀ ਦੋ ਸ਼ਹਿਰਾਂ ਵਿਚ ਉਤਰਨ ਕਰ ਕੇ, ਇਹ ਕੁਝ ਅਜਿਹੀ ‘ਘਰੇਲੂ ਉਡਾਣ’ ਜਿਹੀ ਬਣ ਗਈ, ਜਿਵੇਂ ਦਿੱਲੀ ਤੋਂ ਇੰਗਲੈਂਡ ਜਾ ਰਿਹਾ ਜਹਾਜ਼ ਪਹਿਲਾਂ ਲੁਧਿਆਣੇ ਜਾ ਉਤਰੇ ਅਤੇ ਫਿਰ ਆਦਮਪੁਰ ਦੇ ਘਰੇਲੂ ਹਵਾਈ ਅੱਡੇ ‘ਤੇ।
ਗੁਆਂਗਜ਼ਹੂ ਸ਼ਹਿਰ ਉਤਰਦਿਆਂ ਹੀ ਸਾਨੂੰ ਬੱਸਾਂ ਵਿਚ ਲੱਦ ਕੇ ਇਮੀਗ੍ਰੇਸ਼ਨ ਦਫਤਰ ਲੈ ਗਏ ਜਿਥੇ ਕਾਫੀ ਲੰਬੀਆਂ ਲਾਈਨਾਂ ਲੱਗ ਗਈਆਂ; ਕਿਉਂਕਿ ਇਥੋਂ ਹੋਰ ਪਾਸਿਆਂ ਨੂੰ ਜਾਣ ਵਾਲੀਆਂ ਸਵਾਰੀਆਂ ਵੀ ਬਹੁਤ ਸਨ, ਪਰ ਇਕੋ ‘ਵਿੰਡੋ’ ਹੋਣ ਕਰ ਕੇ ਟਾਈਮ ਬਹੁਤ ਖਰਾਬ ਹੋਇਆ। ਇਥੇ ਸਾਡੇ ਪਾਸਪੋਰਟਾਂ ‘ਤੇ ਚੀਨ ਦਾ ਇਕ ਦਿਨ ਦਾ ‘ਟੈਂਪਰੇਰੀ ਵੀਜ਼ਾ’ ਲੱਗਿਆ। ਇਸ ਪਿਛੋਂ ਏਅਰਲਾਈਨ ਦਾ ਕੋਈ ਸਹਾਇਕ ਨਹੀਂ ਸੀ ਜੋ ਸਾਡੀ ਅਗਲੀ ਫਲਾਈਟ ਵਾਲੇ ਗੇਟ ਵੱਲ ਲਿਜਾਣ ਲਈ ਅਗਵਾਈ ਕਰਦਾ। ਜੇ ਅਸੀਂ ਉਥੇ ਤਾਇਨਾਤ ਚੀਨੇ ਪੁਲਸੀਆਂ ਨੂੰ ਅੰਗਰੇਜ਼ੀ ਵਿਚ ਕੁਝ ਪੁੱਛਦੇ ਤਾਂ ਉਨ੍ਹਾਂ ਦੀ ‘ਫੂੰ-ਚਾਂਗ-ਛੂ-ਯੂੰ’ ਦਾ ਸਾਡੇ ਪੱਲੇ ਕੁਝ ਨਾ ਪੈਂਦਾ। ਪੌੜੀਆਂ ਚੜ੍ਹਦਿਆਂ-ਉਤਰਦਿਆਂ ਸੱਜੇ-ਖੱਬੇ ਭੱਜ-ਦੌੜ ਕਰ ਕੇ ਅਸੀਂ ਮੁਸ਼ਕਿਲ ਨਾਲ ਆਪਣੀ ਫਲਾਈਟ ਵਾਲਾ ਗੇਟ ਲੱਭਿਆ ਤੇ ਪਸੀਨੋ-ਪਸੀਨਾ ਹੋਏ ਜਹਾਜ਼ ਵਿਚ ਜਾ ਬੈਠੇ। ਦੋ-ਢਾਈ ਘੰਟੇ ਉਡਣ ਤੋਂ ਬਾਅਦ ਜਹਾਜ਼ ਸਾਡਾ ਉਤਰਿਆ ਵੂਹਾਨ ਸ਼ਹਿਰ ਵਿਚ। ਇਥੇ ਹੋਰ ਹੀ ਨਵਾਂ ਪੰਗਾ ਖੜ੍ਹਾ ਹੋ ਗਿਆ। ਸਾਡਾ ਜਹਾਜ਼ ਕਿਉਂਕਿ ਘਰੇਲੂ ਟਰਮੀਨਲ ਉਤੇ ਉਤਰਿਆ ਸੀ, ਇਥੋਂ ਅਸੀਂ ਇੰਟਰਨੈਸ਼ਨਲ ਟਰਮੀਨਲ ‘ਤੇ ਜਾਣਾ ਸੀ ਜੋ ਏਅਰਪੋਰਟ ਤੋਂ ਬਾਹਰ ਜਾ ਕੇ ਕਾਫੀ ਹਟਵਾਂ ਸੀ। ਸੋ, ਮੈਂ ਬੀਬਾ ਰਾਣਾ ਬਣ ਕੇ ਆਪਣਾ ਹੈਂਡ ਬੈਗ ਕੱਛੇ ਮਾਰ ਬਾਹਰ ਨੂੰ ਤੁਰ ਪਿਆ, ਪਰ ਮੇਰੇ ਵਾਲੀ ਫਲਾਈਟ ਵਿਚੋਂ ਹੀ ਉਤਰਿਆ ਇਕ ਸਾਊਥ ਇੰਡੀਅਨ ਜੋੜਾ ਮੈਨੂੰ ਪਿਛਿਓਂ ‘ਵਾਜ਼ਾਂ ਮਾਰਨ ਲੱਗ ਪਿਆ- ਅਖੇ, ਆਪਣੇ ਦੋ ਵੱਡੇ ਅਟੈਚੀ ਨਹੀਂ ਲਿਜਾਣੇ ਤੁਸੀਂ? ਮੈਂ ਕਿਹਾ ਕਿ ਉਹ ਤਾਂ ਸਾਡੇ ਆਖਰੀ ਟਿਕਾਣੇ ਸੈਨ ਫਰਾਂਸਿਸਕੋ ਹੀ ਮਿਲਣੇ ਹਨ। ਦਿੱਲੀ ਚੈਕਿੰਗ ਵੇਲੇ ਭਾਰ ਤੋਲਣ ਵਾਲੇ ਸਟਾਫ ਨੇ ਵੀ ਇਹੀ ਕਿਹਾ ਸੀ ਕਿ ਇਹ ਤੁਹਾਨੂੰ ਅਮਰੀਕਾ ਵਿਚ ਹੀ ਮਿਲਣਗੇ। ਉਸ ਜੋੜੇ ਨੂੰ ਮੈਂ ਆਪਣੇ ਪਹਿਲੇ ਹਵਾਈ ਸਫਰਾਂ ਦੇ ਹਵਾਲੇ ਨਾਲ ਕਿਹਾ ਕਿ ਵੱਡੇ ਅਟੈਚੀ ਕਦੇ ਵੀ ਰਾਹ ਵਿਚ ਨਹੀਂ ਚੁੱਕਣੇ ਪੈਂਦੇ, ਪਰ ਉਨ੍ਹਾਂ ਨੂੰ ਪਤਾ ਨਹੀਂ ਕਿਥੋਂ ਪਤਾ ਲੱਗਾ ਸੀ ਕਿ ਅਟੈਚੀ ਇਥੋਂ ਹੀ ਚੁੱਕਣੇ ਹਨ ਤੇ ਉਨ੍ਹਾਂ ਦੀ ਫਿਰ ਚੈਕਿੰਗ ਵਗੈਰਾ ਹੋਣੀ ਹੈ। ਦੁਬਿਧਾ ਜਿਹੀ ਵਿਚ ਖਿਝਿਆ ਹੋਇਆ ਮੈਂ ਉਸ ਜੋੜੇ ਦੇ ਨਾਲ ਹੀ ਸਾਮਾਨ ਵਾਲੇ ‘ਐਕਸੀਲੇਟਰ’ ਕੋਲ ਖੜ੍ਹ ਗਿਆ। ਪਹਿਲੇ ਈ ਹੱਲੇ ਮੇਰੇ ਤਾਂ ਦੋਵੇਂ ਅਟੈਚੀ ਆ ਗਏ, ਪਰ ਕਾਫੀ ਲੰਬਾ ਸਮਾਂ ਉਡੀਕਣ ਬਾਅਦ ਵੀ ਉਨ੍ਹਾਂ ਦੇ ਚਹੁੰ ਅਟੈਚੀਆਂ ਵਿਚੋਂ ਸਿਫਰ ਇਕ ਹੀ ਬਾਹਰ ਆਇਆ। ਉਨ੍ਹਾਂ ਦੋਹਾਂ ਦੇ ਮੱਥਿਆਂ ‘ਤੇ ਚਿੰਤਾ ਦੀਆਂ ਲਕੀਰਾਂ ਉਭਰ ਆਈਆਂ। ਏਅਰਲਾਈਨ ਦੇ ਦਫਤਰ ਦੀਆਂ ਚੀਨਣ ਕੁੜੀਆਂ ਨਾਲ, ਉਹ ਜੋੜੀ ਲੱਗ ਪਈ ਬਹਿਸ-ਮੁਬਾਹਿਸਾ ਕਰਨ। ਉਨ੍ਹਾਂ ਚੀਨਣਾਂ ਦੀ ਅੰਗਰੇਜ਼ੀ ਵੀ ਚੀਨੀ ਭਾਸ਼ਾ ਵਰਗੀ ਹੀ। ਮੱਥਾ-ਪੱਚੀ ਕਰਨ ਬਾਅਦ ਸਾਨੂੰ ਪਤਾ ਲੱਗਾ ਕਿ ਇਨ੍ਹਾਂ ਦੇ ਤਿੰਨ ਅਟੈਚੀ ਸੈਨ ਫਰਾਂਸਿਸਕੋ ਜਾਣ ਵਾਲੇ ਜਹਾਜ਼ ਵਿਚ ਪਹੁੰਚ ਗਏ ਹਨ। ਖਿਝ-ਸੜ ਕੇ ਮੁੰਡਾ ਆਪਣੇ ਰੇੜ੍ਹੀ ‘ਤੇ ਪਏ ਅਟੈਚੀ ਵੱਲ ਹੱਥ ਕਰ ਕੇ ਬੋਲਿਆ, ਇਸ ਤੋਂ ਕੋਈ ਮੁਸ਼ਕ ਆਉਂਦਾ ਸੀ ਤੁਹਾਨੂੰ, ਇਹ ਕਿਉਂ ਨਹੀਂ ਭੇਜਿਆ ਉਨ੍ਹਾਂ ਤਿੰਨਾਂ ਅਟੈਚੀਆਂ ਨਾਲ?” ਅੱਗਿਉਂ ਜੋ ਇਸ ਏਅਰਪੋਰਟ ‘ਤੇ ਮੇਰੇ ਨਾਲ ਹੋਇਆ, ਉਸ ਨੇ ਚੀਨਿਆਂ ਪ੍ਰਤੀ ਮੇਰੇ ਗੁੱਸੇ ਨੂੰ ਹੋਰ ਪ੍ਰਚੰਡ ਕਰ ਦਿੱਤਾ। ਜੋ ਪਹਿਲਾਂ ਕਿਸੇ ਵੀ ਹਵਾਈ ਸਫਰ ਦੌਰਾਨ ਨਹੀਂ ਸੀ ਹੋਇਆ, ਉਹ ਇਥੇ ਹੋਣ ਲੱਗ ਪਿਆ। ਦੋਵੇਂ ਵੱਡੇ ਅਟੈਚੀਆਂ ਦਾ ਭਾਰ ਤੋਲਣ ਤੋਂ ਪਹਿਲਾਂ ਸਕੈਨਿੰਗ ਹੋਈ। ਮੇਰੇ ਇਕ ਅਟੈਚੀ ਵਿਚ ‘ਸ੍ਰੀ ਸਾਹਿਬ’ ਦਿਸ ਪਈ। ਹੱਥਾਂ ਦੇ ਇਸ਼ਾਰਿਆਂ ਨਾਲ ਚੀਨਣਾਂ ਮੈਨੂੰ ਕਹਿੰਦੀਆਂ, ਅਟੈਚੀ ਖੋਲ੍ਹ ਕੇ ਦਿਖਾ ਅਸੀਂ ‘ਨਾਈਫ’ ਦੇਖਣੀ ਹੈ! ਮੈਂ ਉਨ੍ਹਾਂ ਨੂੰ ਬਥੇਰੇ ਵਾਸਤੇ ਪਾਏ ਕਿ ਇਹ ਕੋਈ ਮਾਰੂ ਹਥਿਆਰ ਨਹੀਂ, ਮੇਰੇ ਧਰਮ ਨਾਲ ਸਬੰਧਤ ਹੀ ਹੈ। ਉਨ੍ਹਾਂ ਨੂੰ ਸ਼ਾਇਦ ਅੰਗਰੇਜ਼ੀ ਆਉਂਦੀ ਨਹੀਂ ਸੀ; ਕਿਉਂਕਿ ਉਹ ਮੇਰੀਆਂ ਗੱਲਾਂ ਦੇ ਜਵਾਬ ਵਿਚ ਚੀਨੀ ਭਾਸ਼ਾ ਬੋਲਦਿਆਂ, ਹੱਥਾਂ ਤੇ ਉਂਗਲਾਂ ਨਾਲ ਇਸ਼ਾਰੇ ਕਰ-ਕਰ ਦੱਸ ਰਹੀਆਂ ਸਨ ਕਿ ਅਟੈਚੀ ਤੈਨੂੰ ਖੋਲ੍ਹਣਾ ਹੀ ਪੈਣਾ ਹੈ। ਆਪਣੀਆਂ ਸਾਰੀਆਂ ਜੇਬਾਂ ਦੀ ਫੋਲਾ-ਫਾਲੀ ਕਰ ਕੇ ਅਟੈਚੀ ਨੂੰ ਲੱਗੀ ਜਿੰਦਰੀ ਦੀ ਚਾਬੀ ਲੱਭੀ। ਤੁੰਨ-ਤੁੰਨ ਕੇ ਭਰਿਆ ਅਟੈਚੀ ਜਦੋਂ ਖੁੱਲ੍ਹਿਆ, ਤਾਂ ਵਿਚੋਂ ਬੀਬੀਆਂ ਦੀਆਂ ਰੰਗ-ਬਰੰਗੀਆਂ ਚੁੰਨੀਆਂ, ਸੂਟ, ਕੁੜਤੇ, ਝੱਗੇ ਅਤੇ ਹੋਰ ਬੜਾ ਨਿਕ-ਸੁਕ, ਫਟੇ ਖੁੱਲ੍ਹੇ ਲਿਫਾਫਿਆਂ ਵਿਚੋਂ ਇਉਂ ਬਾਹਰ ਆ ਗਿਆ, ਜਿਵੇਂ ਬੀਨ ਵੱਜੇ ਤੋਂ ਪਟਾਰੀ ਵਿਚੋਂ ਸੱਪ ਫਨ ਫੈਲਾਅ ਉਠਦਾ ਹੈ। ਸਮਾਨ ਦੀ ਥੱਲ-ਪਥੱਲ ਕਰ ਕੇ ਬੜੀ ਮੁਸ਼ਕਿਲ ਨਾਲ ਸ੍ਰੀ ਸਾਹਿਬ ਲੱਭੀ ਤੇ ਚੀਨਣਾਂ ਦੀ ਤਸੱਲੀ ਕਰਵਾਈ। ਨਾਨਕੀ ਛੱਕ ਦਿਖਾਉਣ ਵਾਂਗ ਖੁੱਲ੍ਹੇ ਅਟੈਚੀ ਦੇ ਪਏ ਖਿਲਾਰੇ ਨੂੰ ਮੁੜ ਤੂਸ-ਤੂਸ ਕੇ ਅਟੈਚੀ ਵਿਚ ਪਾਉਂਦਿਆਂ ਮੈਂ ਮਨ ਹੀ ਮਨ ਚੀਨਿਆਂ ਨੂੰ ਬੁਰਾ ਭਲਾ ਕਹਿੰਦਾ ਰਿਹਾ। ਨਾਲ ਹੀ ਆਪਣੇ ਨਿਆਣਿਆਂ ਨੂੰ ਕੋਸਦਾ ਰਿਹਾ ਜਿਨ੍ਹਾਂ ਮੈਨੂੰ ਇਹ ਸਸਤੀ ਟਿਕਟ ਦਾ ‘ਸ਼ਗੂਫਾ’ ਲੱਭ ਕੇ ਦਿੱਤਾ ਸੀ। ਵੱਡੇ ਅਟੈਚੀਆਂ ਦਾ ਯੱਭ ਮੁਕਾ ਕੇ ਮੈਂ ਸੜਿਆ-ਭੁੱਜਿਆ ਯਾਤਰੀਆਂ ਦੀਆਂ ਕੁਰਸੀਆਂ ‘ਤੇ ਜਾ ਬੈਠਿਆ। ਜਹਾਜ਼ ਹਾਲੇ ਤਿੰਨ ਘੰਟਿਆਂ ਨੂੰ ਉਡਣਾ ਸੀ। ਪੰਜਾਬੀਆਂ ਨਾਲੋਂ ਵੀ ਵੱਧ ਕੁਰਬਲ-ਕੁਰਬਲ ਕਰਦੇ ਚੀਨਿਆਂ ਦੇ ਘੜਮੱਸ ਵਿਚ ਮੈਂ ਇਕੱਲਾ ਹੀ ਪੱਗ ਵਾਲਾ ਬੈਠਾ ਸਾਂ। ਕੁਝ ਚਿਰ ਬਾਅਦ ਗੋਲ-ਮੋਲ ਜਿਹਾ ਚੀਨਾ ਬਜ਼ੁਰਗ ਮੇਰੇ ਨਾਲ ਦੀ ਕੁਰਸੀ ‘ਤੇ ਆ ਬੈਠਾ। ਪੰਜ-ਸੱਤ ਕੁ ਮਿੰਟ ਤਾਂ ਉਹ ਮੇਰੇ ਚਿਹਰੇ ਵੱਲ ਬੜੇ ਗਹੁ ਨਾਲ ਦੇਖਦਾ ਰਿਹਾ, ਫਿਰ ਉਹ ਚੀਨੀ ਬੋਲੀ ਵਿਚ ਮੈਨੂੰ ਕੁਝ ਪੁੱਛਣ ਲੱਗ ਪਿਆ। ਮੈਂ ਉਸ ਨੂੰ ਅੰਗਰੇਜ਼ੀ ਵਿਚ ਦੱਸਿਆ ਵੀ ਕਿ ਨਾ ਮੈਂ ਚੀਨੀ ਬੋਲ ਸਕਦਾਂ ਤੇ ਨਾ ਹੀ ਸਮਝ ਸਕਦਾਂ, ਪਰ ਉਹ ਆਪਣੀ ‘ਚਿੰਗ-ਫੂ-ਸ਼ੂ-ਹਾਈਂ’ ਕਰੀ ਗਿਆ। ਕੁਝ ਚਿਰ ਅਸੀਂ ਦੋਵੇਂ ਝੋਟੇ ਮੂਹਰੇ ਬੀਨ ਵਜਾਉਣ ਲੱਗੇ ਰਹੇ। ਉਸ ਦੀਆਂ ਗੱਲਾਂ ਵਿਚੋਂ ਸਿਰਫ ਇਕ ਲਫਜ਼ ਮੇਰੇ ਖਾਨੇ ਪਿਆ, ‘ਇੰਦਿਆ!’ ਮੈਨੂੰ ਹੋਰ ਤਾਂ ਕੁਝ ਸੁੱਝਾ ਨਾ, ਅਚਾਨਕ ਸਕੂਲ ਟਾਈਮ ਪੜ੍ਹੇ ਹੋਏ ਮੈਨੂੰ ਚੀਨੀ ਯਾਤਰੀਆਂ ਦੇ ਨਾਂ ਯਾਦ ਆ ਗਏ ਜਿਨ੍ਹਾਂ ਵੱਖ-ਵੱਖ ਸਮਿਆਂ ‘ਤੇ ਭਾਰਤ ਯਾਤਰਾ ਬਾਰੇ ਸਫ਼ਰਨਾਮੇ ਲਿਖੇ ਸਨ। ਉਹਦੇ ਵੱਲ ਮੂੰਹ ਕਰ ਕੇ ਮੈਂ ਮਾਰਕੋ ਪੋਲੋ, ਹਿਊਨ ਸਾਂਗ ਤੇ ਫਾਹੀਯਾਨ ਦੇ ਨਾਮ ਲਏ। ਇਹ ਨਾਂ ਸੁਣ ਕੇ ਉਹਦਾ ਚਿਹਰਾ ਖਿੜ ਉਠਿਆ। ਹੁੱਬ-ਹੁੱਬ ਕੇ ਕਿੰਨਾ ਕੁਝ ਕਹਿੰਦਾ ਉਹ ਮੇਰੇ ਕੋਲੋਂ ਉਠ ਕੇ ਚਲਾ ਗਿਆ। ਪੱਲੇ ਤਾਂ ਮੇਰੇ ਕੁਝ ਨਾ ਪਿਆ, ਪਰ ਮੈਨੂੰ ਮਹਿਸੂਸ ਹੋਇਆ ਕਿ ਉਹ ਹੁਣੇ ਵਾਪਸ ਆਉਣ ਲਈ ਕਹਿ ਗਿਆ। ਉਂਜ ਮੈਂ ਸ਼ੁਕਰ ਕੀਤਾ ਕਿ ਐਵੇਂ ਸਿਰ ਖਪਾਈ ਕਰੀ ਜਾਂਦਾ ਸੀ, ਚੰਗਾ ਹੋਇਆ ਖਹਿੜਾ ਛੁਟਾ। ਉਸ ਦੇ ਜਾਣ ਮਗਰੋਂ ਮੈਂ ਤਾਜ਼ੀ ਹੋਈ ਖੱਜਲ-ਖੁਆਰੀ ਆਪਣੇ ਨਿਆਣਿਆਂ ਨੂੰ ਦੱਸਣ ਲਈ ‘ਵਟਸਐਪ’ ਰਾਹੀਂ ਮੈਸੇਜ ਲਿਖਣ ਲੱਗਾ ਪਿਆ। ਅੰਗਰੇਜ਼ੀ ਤੋਂ ਅਨਜਾਣ ਚੀਨਿਆਂ ਬਾਰੇ ਖਿਝ-ਖਿਝ ਵੇਰਵੇ ਲਿਖੇ, ਪਰ ਅੱਧੇ ਕੁ ਘੰਟੇ ਬਾਅਦ ਉਹੀ ਚੀਨਾ ਬਜ਼ੁਰਗ ਕਿਸੇ ਨੌਜਵਾਨ ਮੁੰਡੇ ਨੂੰ ਨਾਲ ਲੈ ਕੇ ਮੇਰੇ ਕੋਲ ਆ ਖੜ੍ਹਾ ਹੋਇਆ। ਮੁੰਡੇ ਦੇ ਗਲ ਵਿਚ ਕੈਮਰਾ ਅਤੇ ਹੱਥ ਵਿਚ ਗੁਲਾਬ ਦੇ ਫੁੱਲ ਵਾਲੀਆਂ ਕੁਝ ਕੁ ਡੰਡੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਨੂੰ ਬੜੇ ਸਲੀਕੇ ਨਾਲ ਲਿਸ਼ਕਵੇਂ ਮੋਮਜਾਮੇ ਵਿਚ ਵਲ੍ਹੇਟਿਆ ਹੋਇਆ ਸੀ। ਬੁੜ੍ਹੇ ਨੇ ਆਉਂਦਿਆਂ ਹੀ ਮੇਰੇ ਵੱਲ ਹੱਥ ਕਰ ਕੇ ਮੁੰਡੇ ਨੂੰ ਕੁਝ ਕਿਹਾ। ਆਲੇ-ਦੁਆਲੇ ਕੁਰਸੀਆਂ ਸਾਰੀਆਂ ਭਰੀਆਂ ਹੋਣ ਕਰ ਕੇ ਮੁੰਡਾ ਮੇਰੇ ਮੂਹਰੇ ਝੁਕ ਕੇ ਖੜ੍ਹ ਗਿਆ। ਬੁੜ੍ਹਾ ਵੀ ਮੇਰੇ ਕੋਲ ਨੂੰ ਹੋ ਗਿਆ। ‘ਐਕਸਕਿਊਜ਼ ਮੀ’ ਕਹਿ ਕੇ ਮੁੰਡਾ ਮੈਨੂੰ ਦੱਸਣ ਲੱਗਾ, ਸਰ, ਇਹ ਮੇਰਾ ਪਿਤਾ ਹੈ.. ਇਸ ਨੇ ਮੈਨੂੰ ਜਾ ਕੇ ਤੁਹਾਡੇ ਬਾਰੇ ਦੱਸਿਆ ਕਿ ਇਥੇ ਇੰਡੀਆ ਦਾ ਇਕ ਬੰਦਾ ਬੈਠਾ ਜੋ ਚੀਨ ਦੇ ਕਈ ਪੁਰਖਿਆਂ ਨੂੰ ਜਾਣਦਾ ਹੈ।”ਮੇਰਾ ‘ਥੈਂਕਸ’ ਸੁਣ ਕੇ ਉਸ ਨੇ ਗੁਲਾਬ ਦੇ ਫੁੱਲ ਵਾਲੀ ਡੰਡੀ ਮੇਰੇ ਹੱਥ ਵਿਚ ਦਿੰਦਿਆਂ ਕਿਹਾ, ਸਰ, ਮੇਰੇ ਫਾਦਰ ਦੀ ਇਕ ਇੱਛਾ ਹੈ, ਅਗਰ ਆਪ..।”ਬਜ਼ੁਰਗ ਦੀ ਇੱਛਾ ਸੁਣ ਕੇ ਮੇਰਾ ਤਨ-ਮਨ ਠੰਢਾ ਤੇ ਸਿਰ ਮਾਣ ਨਾਲ ਉਚਾ ਹੋ ਗਿਆ! ਗੱਲ ਇਹ ਸੀ ਕਿ ਇਸ ਮੁੰਡੇ ਦੀ ਮੰਗੇਤਰ ਕੁੜੀ, ਚੀਨ ਦੀ ਕਿਸੇ ਦੁਰਾਡੀ ਸਟੇਟ ਤੋਂ ਅੱਜ ਇਥੇ ਪਹੁੰਚ ਰਹੀ ਸੀ ਅਤੇ ਅੱਜ ਹੀ ਇਨ੍ਹਾਂ ਦਾ ਵਿਆਹ ਹੋਣਾ ਸੀ। ਬਜ਼ੁਰਗ ਚੀਨੇ ਨੇ ਆਪਣੇ ਮੁੰਡੇ ਨੂੰ ਜਾ ਕੇ ਕਿਹਾ ਕਿ ਮੈਂ ਚਾਹੁੰਨਾਂ ਕਿ ਕੁੜੀ ਨੂੰ ਪਹਿਲਾ ਫੁੱਲ ‘ਇੰਡੀਅਨ ਬੰਦਾ’ ਫੜਾਵੇ ਜੋ ਸਾਡੇ ਵਡਾਰੂਆਂ ਦਾ ਵਾਕਫ ਹੈ। ਮੁੰਡੇ ਤੋਂ ਗੁਲਾਬ ਦੀ ਟਾਹਣੀ ਫੜਦਿਆਂ ਮੈਂ ਸਹਿਵਨ ਹੀ ਪੁੱਛ ਲਿਆ ਕਿ ਤੇਰੀ ਮੰਗੇਤਰ ਨੂੰ ਫੁੱਲ ਫੜਾਉਣ ਲੱਗਿਆਂ, ਕੀ ਮੈਂ ‘ਗੌਡ ਬਲੈੱਸ ਯੂ!’ ਕਹਿ ਦਿਆਂ? ਮੇਰੇ ਮੂੰਹੋਂ ਇਹ ਗੱਲ ਨਿਕਲਦਿਆਂ ਹੀ ਮੁੰਡਾ ਇਉਂ ਤ੍ਰਭਕਿਆ, ਜਿਵੇਂ ਕਿਸੇ ਨੇ ਗੁਰਦੁਆਰੇ ਦੀ ਹਦੂਦ ਵਿਚ ਬੈਠਿਆਂ ‘ਤੰਬਾਕੂ’ ਕਹਿ ਦਿੱਤਾ ਹੋਵੇ!
ਓਹ ਨੋ ਨੋ ਨੋ!”ਕਹਿ ਕੇ ਮੈਨੂੰ ਆਪਣੀ ਚੀਨੀ ਬੋਲੀ ਦਾ ਇਕ ਵਾਕ ਪੜ੍ਹਾਉਣ ਲੱਗ ਪਿਆ। ਅਖੇ, ਤੁਸੀਂ ਕਿਹੋ, ‘ਫਾਊਂ-ਸ਼ਾਊਂ ਨਿ-ਚੰ-ਮੇਂ!’ ਜਿਵੇਂ ਮੈਂ ਸਮਝਿਆ, ਇਹ ਵਾਕ ਮੈਂ ਕਾਗਜ਼ ‘ਤੇ ਨੋਟ ਕਰ ਲਿਆ ਤੇ ਰੱਟਾ ਲਾਉਣ ਲੱਗ ਪਿਆ। ਅੱਡੀਆਂ ਚੁੱਕ-ਚੁੱਕ ਮੁੰਡਾ, ਕੁੜੀ ਨੂੰ ਉਡੀਕ ਰਿਹਾ ਸੀ। ਅੱਧੇ ਕੁ ਘੰਟੇ ਬਾਅਦ ਕੁੜੀ ਆਈ ਤਾਂ ਉਹੀ ਵਾਕ ਬੋਲ ਕੇ ਮੈਂ ਕੁੜੀ ਨੂੰ ਫੁੱਲ ਫੜਾ ਦਿੱਤਾ। ਹੱਸਦੀ ਹੋਈ ਕੁੜੀ ਨੇ ਮੈਥੋਂ ਫੁੱਲ ਲੈ ਕੇ ‘ਸ਼ੂਈਂ-ਫਾਈਂ’ ਜਿਹਾ ਕਿਹਾ ਤੇ ਮੁੰਡੇ ਨੂੰ ਜਾ ਲਿਪਟੀ। ਚੀਨਿਆਂ ਪ੍ਰਤੀ ਮੇਰਾ ਗੁੱਸਾ-ਨਫਰਤ ਤਾਂ ਉਡ ਹੀ ਗਏ ਅਤੇ ਉਹ ਜੋੜਾ ਮੈਨੂੰ ਕੇਕ ਦੇ ਕੇ ਮੇਰਾ ਮੂੰਹ ਵੀ ਮਿੱਠਾ ਕਰਵਾ ਗਿਆ।

You must be logged in to post a comment Login