ਗੋਲੀ ਕਿਸ ਨੇ ਚਲਾਈ ਸੀ, ਦਾ ਜਵਾਬ ਬਾਦਲ ਤੇ ਸੁਖਬੀਰ ਦੋਹਾਂ ਨੂੰ ਦੇਣਾ ਹੀ ਪਵੇਗਾ : ਜਾਖੜ

ਗੋਲੀ ਕਿਸ ਨੇ ਚਲਾਈ ਸੀ, ਦਾ ਜਵਾਬ ਬਾਦਲ ਤੇ ਸੁਖਬੀਰ ਦੋਹਾਂ ਨੂੰ ਦੇਣਾ ਹੀ ਪਵੇਗਾ : ਜਾਖੜ

ਜਲੰਧਰ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਬਹਿਬਲਕਲਾਂ ਵਿਖੇ ਗੋਲੀ ਕਿਸ ਨੇ ਚਲਾਈ ਸੀ, ਦਾ ਜਵਾਬ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਦੋਹਾਂ ਨੂੰ ਹੀ ਦੇਣਾ ਪਵੇਗਾ। ਜਾਖੜ 2002 ਤੋਂ 2017 ਤਕ ਤਿੰਨ ਵਾਰ ਅਬੋਹਰ ਵਿਧਾਨਸਭਾ ਹਲਕੇ ਤੋਂ ਵਿਧਾਇਕ ਰਹੇ। 2012 ‘ਚ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ ਸੀ। 2017 ‘ਚ ਉਹ ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋਈ ਉਪ ਚੋਣ ਦੌਰਾਨ ਭਾਜਪਾ ਨੂੰ ਹਰਾ ਕੇ ਜਿੱਤੇ ਸਨ। ਲੋਕ ਸਭਾ ਦੇ ਸਾਬਕਾ ਸਪੀਕਰ ਸਵ. ਬਲਰਾਮ ਜਾਖੜ ਦੇ ਸਪੁੱਤਰ ਸੁਨੀਲ ਜਾਖੜ ਨੂੰ ਕਾਂਗਰਸ ਦੇ ਸਰਬ ਭਾਰਤੀ ਪ੍ਰਧਾਨ ਰਾਹੁਲ ਗਾਂਧੀ ਨੇ ਪਿਛਲੇ ਸਾਲ ਪੰਜਾਬ ਕਾਂਗਰਸ ਦੀ ਕਮਾਂਡ ਸੌਂਪੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ਨੂੰ ਪ੍ਰਧਾਨ ਬਣਾਉਣ ਲਈ ਕੇਂਦਰੀ ਲੀਡਰਸ਼ਿਪ ਕੋਲ ਵਕਾਲਤ ਕੀਤੀ ਸੀ। ਕਾਂਗਰਸ ਜਦੋਂ ਪੰਜਾਬ ‘ਚ ਵਿਰੋਧੀ ਧਿਰ ‘ਚ ਸੀ ਤਾਂ ਕੈਪਟਨ ਨਾਲ ਮਿਲ ਕੇ ਜਾਖੜ ਨੇ ਅਕਾਲੀਆਂ ਵਿਰੁੱਧ ਜ਼ੋਰਦਾਰ ਮੁਹਿੰਮ ਚਲਾਈ ਸੀ। ਹੁਣ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਪੰਚਾਇਤੀ ਚੋਣਾਂ ਵੀ ਪੰਜਾਬ ‘ਚ ਹੋਣ ਵਾਲੀਆਂ ਹਨ। ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਪਾਰਾ ਭਖਿਆ ਹੋਇਆ ਹੈ। ਜਾਖੜ ਨੂੰ ਵੱਖ-ਵੱਖ ਸਵਾਲ ਕੀਤੇ ਗਏ, ਜਿਨ੍ਹਾਂ ਦਾ ਉਨ੍ਹਾਂ ਨੇ ਬੇਬਾਕੀ ਨਾਲ ਜਵਾਬ ਦਿੱਤਾ। ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹਿਬਲਕਲਾਂ ਅਤੇ ਬਰਗਾੜੀ ਕਾਂਡ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਦੀ ਅਗਵਾਈ ‘ਚ ਕਮਿਸ਼ਨ ਦਾ ਗਠਨ ਕੀਤਾ ਸੀ। ਜਸਟਿਸ ਰਣਜੀਤ ਸਿੰਘ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ, ਜਿਸ ਨੂੰ ਵਿਧਾਨ ਸਭਾ ‘ਚ ਰੱਖਿਆ ਗਿਆ ਪਰ ਉਸ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਨੇ ਬਹਿਸ ‘ਚ ਹਿੱਸਾ ਨਹੀਂ ਲਿਆ। ਇਸ ਮਾਮਲੇ ਨੂੰ ਬੇਲੋੜੇ ਢੰਗ ਨਾਲ ਅਕਾਲੀ ਦਲ ਤੂਲ ਦੇ ਰਿਹਾ ਹੈ ਕਿਉਂਕਿ ਉਸ ਕੋਲ ਹੋਰ ਕੋਈ ਸਿਆਸੀ ਮੁੱਦਾ ਨਹੀਂ ਹੈ। ਵੋਟਾਂ ਦੇ ਧਰੁਵੀਕਰਨ ਲਈ ਹੀ ਅਕਾਲੀ ਵਾਰ-ਵਾਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਉਂਗਲੀਆਂ ਉਠਾ ਰਹੇ ਹਨ।

You must be logged in to post a comment Login