ਘਰ-ਘਰ ਰੁਜ਼ਗਾਰ ਦੇਣ ਦੀ ਥਾਂ ਘਰ-ਘਰ ਰੁਜ਼ਗਾਰ ਖੋਹਣ ‘ਤੇ ਤੁਲੀ : ਆਪ

ਘਰ-ਘਰ ਰੁਜ਼ਗਾਰ ਦੇਣ ਦੀ ਥਾਂ ਘਰ-ਘਰ ਰੁਜ਼ਗਾਰ ਖੋਹਣ ‘ਤੇ ਤੁਲੀ : ਆਪ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਘਰ-ਘਰ ਨੌਕਰੀ ਅਤੇ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ ‘ਚ ਆਏ ਕੈਪਟਨ ਅਮਰਿੰਦਰ ਸਿੰਘ ਘਰੋਂ-ਘਰੋਂ ਰੁਜ਼ਗਾਰ ਖੋਹਣ ਲੱਗੇ ਹੋਏ ਹਨ। ਪੰਜਾਬ ਦੇ ਟਰੱਕ, ਟੈਂਪੂ, ਟਰਾਲਾ ਅਪਰੇਟਰ ਇਸ ਦੀ ਵੱਡੀ ਮਿਸਾਲ ਹਨ। ‘ਆਪ’ ਹੈੱਡਕੁਆਟਰ ਵਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਤੁਗ਼ਲਕੀ ਫ਼ੈਸਲਿਆਂ ਨੇ ਸੂਬੇ ਦੇ ਹਜ਼ਾਰਾਂ ਟਰੱਕ ਅਪਰੇਟਰਾਂ ਨੂੰ ਘਰਾਂ ‘ਚ ਬੈਠਾ ਦਿੱਤਾ ਹੈ। ਟਰੱਕ ਯੂਨੀਅਨਾਂ ਸਬੰਧੀ ਆਪ ਮੁਹਾਰੇ ਫ਼ੈਸਲੇ ਨੇ ਇਕ ਲੱਖ ਤੋਂ ਵੱਧ ਪਰਵਾਰਾਂ ਦੀ ਰੋਟੀ ਖੋ ਲਈ ਹੈ। ਸੂਬੇ ਭਰ ਦੇ ਕਰੀਬ ਇਕ ਲੱਖ ਟਰੱਕਾਂ ‘ਚ 30 ਹਜ਼ਾਰ ਟਰੱਕ ਲੋਹੇ ਦੇ ਭਾਅ ਕਬਾੜੀਆਂ ਨੂੰ ਵਿਕ ਚੁੱਕੇ ਹਨ। ਚੀਮਾ ਨੇ ਕਿਹਾ ਕਿ ਪੰਜਾਬ ਟਰੱਕ ਅਪਰੇਟਰ ਯੂਨੀਅਨ ਵਲੋਂ ਇਕੱਤਰ ਇਹ ਅੰਕੜਾ ਵਧਾ ਚੜ੍ਹਾ ਕੇ ਨਹੀਂ ਸਗੋਂ ਘਟਾ ਕੇ ਪੇਸ਼ ਕੀਤਾ ਗਿਆ ਹੈ, ਅਸਲੀਅਤ ਇਸ ਤੋਂ ਵੀ ਜ਼ਿਆਦਾ ਕੌੜੀ ਹੈ।ਚੀਮਾ ਨੇ ਕਿਹਾ ਕਿ ਬਤੌਰ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਕੋਲ ਨਾ ਕੇਵਲ ਟਰੱਕ ਯੂਨੀਅਨ ਅਪਰੇਟਰ ਸਗੋਂ ਟੈਂਪੂ ਯੂਨੀਅਨ, ਕੈਂਟਰ ਯੂਨੀਅਨ, ਟਰਾਲਾ ਯੂਨੀਅਨਾਂ, ਟਰੈਕਟਰ ਯੂਨੀਅਨਾਂ ਸਮੇਤ ਮਿੰਨੀ ਬੱਸ ਆਪ੍ਰੇਟਰਜ਼ ਵੱਡੀ ਗਿਣਤੀ ‘ਚ ਆਪਣਾ ਦੁੱਖ ਰੋ ਕੇ ਜਾਂਦੇ ਹਨ, ਪਰ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀ। ਚੀਮਾ ਨੇ ਕਿਹਾ ਕਿ ਇਸ ਵਿਧਾਨ ਸਭਾ ਸੈਸ਼ਨ ‘ਚ ਬੇਸ਼ੱਕ ਬਹੁਤ ਹੀ ਸੀਮਤ ਸਮਾਂ ਮਿਲੇਗਾ, ਪਰ ਆਮ ਆਦਮੀ ਪਾਰਟੀ ਟਰੱਕ ਅਪਰੇਟਰਾਂ ਸਮੇਤ ਬਾਕੀ ਸਾਰੇ ਟਰਾਂਸਪੋਰਟਰਾਂ ਦੇ ਮੁੱਦੇ ਜ਼ੋਰ-ਸ਼ੋਰ ਨਾਲ ਉਠਾਏਗੀ।

You must be logged in to post a comment Login